ਸਮਾਰਟ ਖੇਤੀ ਲਈ ਮਾਈਕਰੋਸਾਫਟ ਨੇ ਪੇਸ਼ ਕੀਤਾ ਏਆਈ ਸੈਂਸਰ
ਭਾਰਤ ਨੇ ਵੀ ਹੁਣ ਏਆਈ ਸੈਂਸਰ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ।
ਬੈਂਗਲੁਰੂ : ਖੇਤੀ ਉਤਪਾਦਨ ਲਈ ਦੁਨੀਆਂ ਦਾ ਸੱਭ ਤੋਂ ਵੱਡਾ ਉਤਪਾਦਕ ਦੇਸ਼ ਚੀਨ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਰਾਹੀਂ ਕਿਸਾਨਾਂ ਨੂੰ ਅਗਾਂਹਵਧੂ ਬਣਾਉਂਦਾ ਹੈ। ਚੀਨ ਅਪਣੇ ਕਿਸਾਨਾਂ ਨੂੰ ਲਾਗਤ ਵਿਚ ਕਟੌਤੀ ਕਰਨ ਅਤੇ ਪੈਦਾਵਾਰ ਵਧਾਉਣ ਦੀ ਤਕਨੀਕ ਡਿਜ਼ੀਟਲ ਤਰੀਕੇ ਨਾਲ ਦਿੰਦਾ ਹੈ। ਭਾਰਤ ਨੇ ਵੀ ਹੁਣ ਏਆਈ ਸੈਂਸਰ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ।
ਮਾਈਕਰੋਸਾਫਟ ਇੰਡੀਆ ਦੇ ਪ੍ਰਧਾਨ ਅਨੰਤ ਮਹੇਸ਼ਵਰੀ ਨੇ ਫਸਲਾਂ ਦੀ ਉੱਚ ਪੈਦਾਵਾਰ ਅਤੇ ਬਿਹਤਰ ਕੀਮਤ ਰਾਹੀਂ ਕਿਸਾਨਾਂ ਦੀ ਆਮਦਨ ਨੂੰ ਵਧਾ ਕੇ ਭਾਰਤ ਵਿਚ ਛੋਟੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵੱਲ ਕੰਮ ਸ਼ੁਰੂ ਕੀਤਾ ਹੈ। ਮਹੇਸ਼ਵਰੀ ਨੇ ਦੱਸਿਆ ਕਿ ਖੇਤੀ ਵਿਚ ਆਰਟੀਫਿਸ਼ੀਅਲ ਇੰਟੈਂਸੀਜੈਂਸ ਦੇ ਲਈ ਇਕੋਸਿਸਟਮ ਦਾ ਨਿਰਮਾਣ ਕਰਨ ਲਈ ਅਸੀਂ ਸੂਚਨਾ ਅਤੇ ਤਕਨੀਕ ਮੰਤਰਾਲਾ, ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਨਾਲ ਮਿਲਕੇ ਕੰਮ ਕਰ ਰਹੇ ਹਾਂ। ਤੇਲੰਗਾਨਾ, ਮਹਾਰਾਸ਼ਟਰਾ ਅਤੇ ਮੱਧ ਪ੍ਰਦੇਸ਼ ਦੇ ਕੁਝ ਪਿੰਡਾਂ ਦੇ ਕਿਸਾਨਾਂ ਨੂੰ ਕੁਝ ਆਟੋਮੇਟੇਡ ਵਾਇਸ ਕਾਲਸ ਮਿਲ ਰਹੇ ਹਨ
ਜਿਸ ਰਾਹੀਂ ਉਹਨਾਂ ਨੂੰ ਕਪਾਹ ਦੀ ਫਸਲ 'ਤੇ ਕੀੜਿਆਂ ਦੇ ਹਮਲੇ, ਮੌਸਮ ਦੀ ਜਾਣਕਾਰੀ ਅਤੇ ਫਸਲ ਕਿਸ ਪੜਾਅ ਤੇ ਪਹੁੰਚ ਚੁੱਕੀ ਹੈ, ਸਬੰਧੀ ਜਾਣਕਾਰੀ ਦਿਤੀ ਜਾਂਦੀ ਹੈ। ਮਹੇਸ਼ਵਰੀ ਨੇ ਕਿਹਾ ਕਿ ਕੁਝ ਕੰਪਨੀਆਂ ਕਿਸਾਨਾਂ ਨੂੰ ਉਪਕਰਣ ਅਤੇ ਹੋਰ ਸਮਰਥਾ ਵਾਲੀਆਂ ਸਹੂਲਤਾਂ ਦੀ ਸੇਵਾ ਮੁਹੱਈਆ ਕਰਵਾ ਰਹੀਆਂ ਹਨ। ਮਾਈਕਰੋਸਾਫਟ ਯੂਨਾਈਟੇਡ ਫਾਸਫੋਰਸ ਦੇ ਨਾਲ ਕਿਸਾਨ ਸਮਰਥਾ ਦੇ ਹੋਰ ਸਾਧਨ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਮਾਈਕਰੋਸਾਫਟ ਨੇ ਹੋਰਨਾਂ ਕੰਪਨੀਆਂ ਦੀ ਮਦਦ ਨਾਲ ਅਜਿਹੀ ਐਪ ਤਿਆਰ ਕੀਤੀ ਹੈ
ਜਿਸ ਨਾਲ ਕਿਸਾਨਾਂ ਨੂੰ ਬਿਜਾਈ ਲਈ ਸਹੀ ਤਰੀਕ ਦੀ ਸਲਾਹ ਦਿਤੀ ਜਾਂਦੀ ਹੈ। ਕਿਸਾਨਾਂ ਨੂੰ ਅਪਣੇ ਖੇਤਾਂ ਵਿਚ ਕਿਸੇ ਤਰ੍ਹਾਂ ਦਾ ਸੈਂਸਰ ਲਗਾਉਣ ਦੀ ਲੋੜ ਨਹੀਂ ਹੈ ਜਾਂ ਫਿਰ ਕਿਸੇ ਤਰ੍ਹਾਂ ਦਾ ਨਿਵੇਸ਼ ਕਰਨ ਦੀ ਵੀ ਲੋੜ ਨਹੀਂ ਹੈ। ਉਹਨਾਂ ਨੂੰ ਸਿਰਫ ਇਕ ਫੀਚਰ ਫੋਨ ਦੀ ਲੋੜ ਹੈ ਜਿਸ 'ਤੇ ਉਹ ਸੁਨੇਹਾ ਪ੍ਰਾਪਤ ਕਰ ਸਕਣ। ਸਮਾਰਟ ਖੇਤੀ ਲਈ ਸ਼ੁਰੂਆਤੀ ਬੁਨਿਆਦੀ ਢਾਂਚਾ ਤਿਆਰ ਕਰਨ ਤੋਂ ਬਾਅਦ ਕਿਸਾਨਾਂ ਨੂੰ ਖੇਤੀ ਸਬੰਧੀ ਵਿਕਸਤ ਬਣਾਉਣ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ।