ਮਜਦੂਰਾਂ ਦੀ ਘਾਟ ਪੂਰੀ ਕਰਨਗੀਆਂ ਝੋਨਾ ਲਾਉਣ ਵਾਲੀਆਂ ਮਸ਼ੀਨਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਇੰਦਰ ਦੇਵਤਾ ਦੇ ਮੇਹਰਬਾਨ ਹੋਣ ਤੋਂ ਬਾਅਦ ਝੋਨਾ ਲਾਉਣ ਦੇ ਸੀਜ਼ਨ ਵਿਚ ਆਈ ਤੇਜ਼ੀ ਕਾਰਨ....

Paddy Machine

ਚੰਡੀਗੜ੍ਹ: ਇੰਦਰ ਦੇਵਤਾ ਦੇ ਮੇਹਰਬਾਨ ਹੋਣ ਤੋਂ ਬਾਅਦ ਝੋਨਾ ਲਾਉਣ ਦੇ ਸੀਜ਼ਨ ਵਿਚ ਆਈ ਤੇਜ਼ੀ ਕਾਰਨ ਭਾਵੇਂ ਪਰਵਾਸੀ ਮਜ਼ਦੂਰਾਂ ਦੀ ਮੰਗ ਵੱਡੇ ਪੱਧਰ ’ਤੇ ਵਧੀ ਹੈ, ਪ੍ਰੰਤੂ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਇਹ ਵੁੱਕਤ ਹੁਣ ਜ਼ਿਆਦਾ ਸਮਾਂ ਬਰਕਰਾਰ ਰਹਿਣ ਵਾਲੀ ਨਹੀਂ, ਕਿਉਂਕਿ ਝੋਨਾ ਲਗਾਉਣ ਲਈ ਜਿੱਥੇ ਖੇਤਾਂ ਵਿੱਚ ਮਸ਼ੀਨਾਂ ਉੱਤਰ ਚੁੱਕੀਆਂ ਹਨ, ਉੱਥੇ ਨਾਲ ਹੀ ਪੰਜਾਬਣਾਂ ਨੇ ਵੀ ਝੋਨਾ ਲਗਾਉਣ ਲਈ ਕਮਰਕੱਸੇ ਕਰ ਲਏ ਹਨ। ਜਾਣਕਾਰੀ ਅਨੁਸਾਰ ਕੱਦੂ ਕੀਤੇ ਖੇਤਾਂ ਵਿੱਚ ਮਸ਼ੀਨਾਂ ਵੱਲੋਂ ਅਤੇ ਪਿੰਡਾਂ ਦੀਆਂ ਮਿਹਨਤਕਸ਼ ਔਰਤਾਂ ਲੱਕ ਬੰਨ੍ਹ ਕੇ ਝੋਨੇ ਦੀ ਪਨੀਰੀ ਲਾਈ ਜਾ ਰਹੀ ਹੈ।

ਝੋਨੇ ਦਾ ਕੰਮ ਤੇਜ਼ੀ ਨਾਲ ਨਿਬੇੜਨ ਵਾਲੀਆਂ ਇਹ ਮਸ਼ੀਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਾਨਤਾ ਪ੍ਰਾਪਤ ਹਨ। ਝੋਨਾ ਪੈਡੀ ਟਰਾਂਸਪਲਾਂਟਰ ਦੇ ਨਾਂਅ ਹੇਠ ਜਾਰੀ ਹੋਈ ਛੋਟੇ ਪੱਧਰ ਦੀ ਮਸ਼ੀਨ ਦੀ ਕੀਮਤ ਕਰੀਬ 3 ਲੱਖ ਰੁਪਏ, ਜਦਕਿ ਵੱਡੀ ਮਸ਼ੀਨ ਦੀ ਕੀਮਤ 14 ਲੱਖ ਦੇ ਕਰੀਬ ਹੈ। ਕਿਸਾਨ ਸੁਖਜੀਤ ਸਿੰਘ ਦੀਵਾਲਾ ਨੇ ਦੱਸਿਆ ਕਿ ਉਸ ਵੱਲੋਂ 60 ਏਕੜ ਵਿੱਚ ਝੋਨਾ ਲਾਇਆ ਜਾਣਾ ਹੈ ਅਤੇ ਪਰਵਾਸੀ ਮਜ਼ਦੂਰ ਪ੍ਰਤੀ ਏਕੜ 3200 ਰੁਪਏ ਦੇ ਹਿਸਾਬ ਨਾਲ ਮਜ਼ਦੂਰੀ ਮੰਗਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਲਤਾਂ ਨੂੰ ਦੇਖਦੇ ਹੋਏ ਝੋਨਾ ਲਗਾਉਣ ਵਾਲੀ ਮਸ਼ੀਨ ਖਰੀਦ ਲਈ ਗਈ ਹੈ, ਜਿਸ ਉੱਪਰ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਜਾਂ ਕਿਸਾਨ ਲਈ 50 ਫੀਸਦੀ ਸਬਸਿਡੀ ਰੱਖੀ ਗਈ ਹੈ। ਇਹ ਮਸ਼ੀਨ 2 ਘੰਟੇ ਵਿਚ ਇੱਕ ਏਕੜ ਝੋਨਾ ਲਗਾ ਦਿੰਦੀ ਹੈ।

ਪਾਣੀ ਦੀ ਖ਼ਪਤ ਵੀ ਘਟੇਗੀ

ਇਸ ਮਸ਼ੀਨ ਨਾਲ ਝੋਨਾ ਲਗਾਉਣ ਲਈ ਪਾਣੀ ਦੀ ਖ਼ਪਤ ਵੱਡੇ ਪੱਧਰ ’ਤੇ ਘਟੇਗੀ। ਖੇਤੀਬਾੜੀ ਵਿਭਾਗ ਦੇ ਚੀਫ਼ ਡਾ. ਬਲਦੇਵ ਸਿੰਘ ਅਨੁਸਾਰ ਦੇਸੀ ਢੰਗ ਨਾਲ ਲਗਾਏ ਜਾਣ ਵਾਲੇ ਝੋਨੇ ਲਈ ਖੇਤਾਂ ਵਿੱਚ ਬੇਸ਼ੁਮਾਰ ਖੁੱਲ੍ਹਾ ਪਾਣੀ ਛੱਡਿਆ ਜਾਂਦਾ ਹੈ, ਜਿਸ ਦੀ ਉਚਾਈ ਧਰਤੀ ਤੋਂ ਕਰੀਬ 10-12 ਸੈਂਟੀਮੀਟਰ ਹੁੰਦੀ ਹੈ, ਪ੍ਰੰਤੂ ਮਸ਼ੀਨ ਲਈ ਝੋਨਾ ਲਗਾਉਣ ਲਈ ਪਾਣੀ ਦੀ ਜ਼ਰੂਰਤ ਮਸਾਂ ਡੇਢ ਇੰਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੇਬਰ ਦੀ ਉਡੀਕ ਵਿੱਚ ਕਈ-ਕਈ ਕੱਦੂ ਕੀਤੇ ਖੇਤਾਂ ਵਿੱਚ ਅਜਾਈਂ ਜਾਂਦੇ ਪਾਣੀ ਦੀ ਵੀ ਬੱਚਤ ਰਹਿੰਦੀ ਹੈ।