ਪੰਜਾਬ ਭਰ ’ਚ ਕਿਸਾਨਾਂ ਵਲੋਂ 1 ਮਈ ਤੋਂ ਝੋਨਾ ਲਾਉਣ ਦੀ ਮੰਗ ਨੂੰ ਲੈ ਕੇ ਲੱਗੇ ਧਰਨੇ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਾਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਭਰ ਵਿਚ ਸਮੂਹ ਜ਼ਿਲ੍ਹਾ ਖੇਤੀਬਾੜੀ ਅਫ਼ਸਰਾਂ ਦੇ ਦਫ਼ਤਰਾਂ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਝੋਨੇ ਦੀ ਪਨੀਰੀ ਦੀ ਬਿਜਾਈ 1 ਮਈ ਤੋਂ ਕਰਨ ਮੰਗ

Farmers Protest

ਬਠਿੰਡਾ : ਭਾਰਤੀ ਕਿਸਾਨ ਯੂਨੀਅਨ (ਭਕੌਂਦਾ) ਵਲੋਂ ਬੀਤੇ ਦਿਨ ਪੰਜਾਬ ਭਰ ਵਿਚ ਸਮੂਹ ਜ਼ਿਲ੍ਹਾ ਖੇਤੀਬਾੜੀ ਅਫ਼ਸਰਾਂ ਦੇ ਦਫ਼ਤਰਾਂ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਪ੍ਰਦਰਸ਼ਨ ਕਰਕੇ ਮੰਗ ਕੀਤੀ ਕਿ ਝੋਨੇ ਦੀ ਪਨੀਰੀ ਦੀ ਬਿਜਾਈ 1 ਮਈ ਅਤੇ ਝੋਨੇ ਦੀ ਲਵਾਈ 1 ਜੂਨ ਤੋਂ ਚਾਲੂ ਕੀਤੀ ਜਾਵੇ ਕਿਉਂਕਿ 20 ਜੂਨ ਤੋਂ ਝੋਨਾ ਲਾਉਣ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਝੋਨੇ ਦੀ ਦਰੀ ਕਰਕੇ ਆਲੂ ਅਤੇ ਹੋਰ ਸਬਜ਼ੀਆਂ ਸਣੇ ਕਣਕ ਦੀ ਬਿਜਾਈ ਵੀ ਲੇਟ ਹੋ ਜਾਂਦੀ ਹੈ, ਜਿਸ ਦਾ ਅਸਰ ਝਾੜ ’ਤੇ ਵੀ ਪੈਂਦਾ ਹੈ।

ਇਨ੍ਹਾਂ ਧਰਨਿਆਂ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸਣੇ ਸੂਬਾਈ ਆਗੂ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਗੁਰਮੀਤ ਭੱਟੀਵਾਲ਼, ਰਾਮ ਸਿੰਘ ਮਟੋਰੜਾ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ 20 ਜੂਨ ਤੋਂ ਝੋਨੇ ਲਵਾਈ ਸ਼ੁਰੂ ਕਰਨਾ ਵਿਗਿਆਨਕ ਪਹੁੰਚ ਨਹੀਂ ਹੈ। ਇਸ ਨਾਲ਼ ਮਜ਼ਦੂਰਾਂ ਦੀ ਸਮੱਸਿਆ ਤੇ ਬਿਜਲੀ ਦੀ ਖ਼ਪਤ ਵਧਣ ਨਾਲ਼ ਬੱਤੀ ਗੁੱਲ ਹੋ ਜਾਂਦੀ ਹੈ।

ਮੌਸਮ ’ਚ ਤਬਦੀਲੀ ਕਾਰਨ ਨਮੀ ਵਧਣ ਕਰਕੇ ਫ਼ਸਲ ਵੱਢਣ ’ਤੇ ਵੇਚਣ ’ਚ ਵੀ ਮੁਸ਼ਕਲ ਆਉਂਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਪਰਾਲ਼ੀ ਦੀ ਸੰਭਾਲ਼ ਦਾ ਹੱਲ ਨਾ ਕਰਨ ਕਰਕੇ ਕਿਸਾਨਾਂ ਕੋਲ਼ ਪਰਾਲ਼ੀ ਫੂਕਣ ਤੋਂ ਬਿਨਾ ਕੋਈ ਚਾਰਾ ਨਹੀਂ ਹੈ। ਯੂਨੀਅਨ ਦੇ ਸੂਬਾ ਆਗੂ ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਜੇ ਇਹ ਮੰਗ ਨਾ ਮੰਨੀ ਗਈ ਤਾਂ ਯੂਨੀਅਨ ਤਿੱਖਾ ਸੰਘਰਸ਼ ਵਿੱਢੇਗੀ।

ਕਿਸਾਨਾਂ ਵਲੋਂ ਅਜਿਹੇ ਧਰਨੇ ਪੰਜਾਬ ਵਿਚ ਪਟਿਆਲਾ ਸਣੇ ਸੰਗਰੂਰ, ਮਾਨਸਾ, ਬਰਨਾਲ਼ਾ, ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਵਿਚ ਵੀ ਦਿਤੇ ਗਏ ਅਤੇ ਨਾਲ ਹੀ ਸਾਰੀਆਂ ਥਾਵਾਂ ਤੋਂ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ ਮੰਗ ਪੱਤਰ ਵੀ ਭੇਜੇ ਗਏ।