ਪੰਜਾਬ ਨੂੰ ਬਿਹਾਰ ਵਰਗਾ ਬਣਾਉਣਾ ਚਾਹੁੰਦੀ ਹੈ ਮੋਦੀ ਸਰਕਾਰ- ਵਿਜੇ ਕਾਲੜਾ
ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨਾਲ ਰੋਜ਼ਾਨਾ ਸਪੋਕਸਮੈਨ ਦੀ ਖ਼ਾਸ ਗੱਲ਼ਬਾਤ
ਚੰਡੀਗੜ੍ਹ (ਸੁਰਖ਼ਾਬ ਚੰਨ): ਪੰਜਾਬ ਵਿਚ ਖੇਤੀਬੜੀ ਬਿਲਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਬਿਲ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਬਲਕਿ, ਕਿਸਾਨਾਂ ਨਾਲ ਜੁੜੇ ਹਰ ਵਰਗ ਨੂੰ ਪ੍ਰਭਾਵਿਤ ਕਰੇਗਾ। ਇਸ ਦੇ ਚਲਦਿਆਂ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੇ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨਾਲ ਖ਼ਾਸ ਗੱਲ਼ਬਾਤ ਕੀਤੀ।
ਗੱਲਬਾਤ ਦੌਰਾਨ ਵਿਜੇ ਕਾਲੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਹ ਆਰਡੀਨੈਂਸ ਸਿਰਫ਼ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਵਿਚ ਕਾਲਾ ਦੌਰ ਲਿਆਉਣਗੇ। ਉਹਨਾਂ ਕਿਹਾ ਇਸ ਨਾਲ ਪੂਰੇ ਦੇਸ਼ ਵਿਚ ਮਾੜੇ ਪ੍ਰਭਾਵ ਸਾਹਮਣੇ ਆਉਣਗੇ ਹਾਲਾਂਕਿ ਪੰਜਾਬ ਅਤੇ ਹਰਿਆਣਾ ਅਜਿਹੇ ਸੂਬੇ ਹਨ, ਜਿਨ੍ਹਾਂ ‘ਤੇ ਇਸ ਕਾਨੂੰਨ ਦਾ ਜ਼ਿਆਦਾ ਪ੍ਰਭਾਵ ਪਵੇਗਾ।
ਇਹ ਕਾਨੂੰਨ ਪੂਰੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਵਾਲੇ ਹਨ। ਉਹਨਾਂ ਕਿਹਾ ਇਸ ਨਾਲ ਪੰਜਾਬ ਵਿਚ ਕਿਸਾਨ, ਆੜ੍ਹਤੀਆ, ਆੜ੍ਹਤੀਆ ਨਾਲ ਕੰਮ ਕਰ ਰਹੇ 7 ਲੱਖ ਮਜ਼ਦੂਰ, ਇਕ ਲੱਖ ਦੇ ਕਰੀਬ ਅਕਾਊਂਟੈਂਟ ਅਤੇ 28 ਹਜ਼ਾਰ ਆੜ੍ਹਤੀਏ ਪਰਿਵਾਰ ਤੇ ਹੋਰ ਕਈ ਪਰਿਵਾਰ ਬੇਰੁਜ਼ਗਾਰ ਹੋਣਗੇ। ਉਹਨਾਂ ਕਿਹਾ ਅੱਜ ਪੰਜਾਬ ਵਿਚ 180 ਲੱਖ ਟਨ ਦੇ ਕਰੀਬ ਝੋਨਾ 130 ਲੱਖ ਮੀਟਰ ਟਨ ਕਣਕ ਆਉਂਦੀ ਹੈ। ਜੇਕਰ ਉਸ ਦੀ ਪੈਮੇਂਟ ਬਣਾਈ ਜਾਵੇ ਤਾਂ ਪੰਜਾਬ ਦੇ ਕਿਸਾਨਾਂ ਦੇ ਹੱਥ 65 ਹਜ਼ਾਰ ਕਰੋੜ ਰੁਪਇਆ ਆਉਂਦਾ ਹੈ। ਇਸ ਦਾ ਹਿੱਸਾ ਪੰਜਾਬ ਦੇ ਵਸਨੀਕ ਹੋਰ ਕਈ ਲੋਕਾਂ ਵਿਚ ਜਾਂਦਾ ਹੈ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਜਾ ਰਹੇ ਬਿਆਨ ਬਿਲਕੁਲ ਹੀ ਬੇਬੁਨਿਆਦ ਹਨ। ਵਿਜੇ ਕਾਲੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੀਤੇ ਦਿਨੀਂ ਬਿਹਾਰ ਵਾਸੀਆਂ ਨੂੰ ਕਿਹਾ ਕਿ ਉਹਨਾਂ ਨੇ 14 ਸਾਲ ਪਹਿਲਾਂ ਸਾਲ 2006 ਵਿਚ ਬਿਹਾਰ ਵਿਚੋਂ ਏਪੀਐਮਸੀ ਐਕਟ ਖਤਮ ਕੀਤਾ ਤੇ ਅੱਜ ਉਹ ਉਸ ਮਾਡਲ ਨੂੰ ਅਡੋਪਟ ਕਰ ਰਹੇ ਹਨ।
ਵਿਜੇ ਕਾਲੜਾ ਨੇ ਕਿਹਾ ਕਿ ਪੂਰੇ ਦੇਸ਼ ਨੂੰ ਪਤਾ ਹੈ ਕਿ ਬਿਹਾਰ ਵਿਚ ਕਿੰਨੀ ਬੇਰੁਜ਼ਗਾਰੀ ਹੈ, ਉੱਥੋਂ ਦੇ ਕਿਸਾਨ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੋਂ ਤੰਗ ਆ ਕੇ ਪੰਜਾਬ ਵਿਚ ਮਜ਼ਦੂਰੀ ਕਰਦੇ ਹਨ ਤੇ ਪੰਜਾਬ ਦੇ ਖੇਤਾਂ ਵਿਚ ਕੰਮ ਕਰਦੇ ਹਨ। ਉਹਨਾਂ ਕਿਹਾ ਇਹਨਾਂ ਆਰਡੀਨੈਂਸਾਂ ਨਾਲ ਪੰਜਾਬ ਵਿਚ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋਣ ਜਾਣਗੇ।
ਵਿਜੇ ਕਾਲੜਾ ਨੇ ਦੱਸਿਆ ਕਿ ਬਿਹਾਰ ਦੇਸ਼ ਦਾ ਸਭ ਤੋਂ ਜ਼ਿਆਦਾ ਮੱਕੀ ਉਤਪਾਦਨ ਕਰਨ ਵਾਲਾ ਸੂਬਾ ਹੈ ਤੇ ਉੱਥੋਂ ਦੇ ਕਿਸਾਨ ਨੂੰ ਉਮੀਦ ਹੁੰਦੀ ਹੈ ਕਿ ਉਸ ਨੂੰ ਮੱਕੀ 1800 ਰੁਪਏ ਵਿਕ ਜਾਵੇਗੀ ਪਰ ਉੱਥੇ 1800 ਕੁਇੰਟਲ ਵਾਲੀ ਮੱਕੀ 600-700 ਰੁਪਏ ਵਿਚ ਵਿਕ ਰਹੀ ਹੈ। ਉਹਨਾਂ ਕਿਹਾ ਜੇ ਕੇਂਦਰ ਸਰਕਾਰ ਇਕ ਹੈ ਤੇ ਐਮਐਸਪੀ ਇਕ ਹੈ ਤਾਂ ਬਿਹਾਰ ਦੇ ਕਿਸਾਨ ਨੂੰ ਅਪਣੀ ਫਸਲ ਵੇਚਣ ਲਈ ਪੰਜਾਬ ਕਿਉਂ ਆਉਣਾ ਪੈ ਰਿਹਾ।
ਵਿਜੇ ਕਾਲੜਾ ਨੇ ਦੱਸਿਆ ਕਿ ਇਸ ਕਾਨੂੰਨ ਤਹਿਤ ਮੰਡੀਆਂ ਤੋਂ ਬਾਹਰ ਵਪਾਰੀ ਆ ਕੇ ਫਸਲਾਂ ਦੀ ਖਰੀਦ ਕਰਨਗੇ। ਉਹਨਾਂ ਕਿਹਾ ਆਮ ਆਦਮੀ ਜ਼ਿਆਦਾ ਅਨਾਜ ਨਹੀਂ ਖਰੀਦ ਸਕਦਾ, ਇਸ ਅਨਾਜ ਦੀ ਖਰੀਦ ਸਿਰਫ਼ ਅੰਬਾਨੀ-ਅਡਾਨੀ ਹੀ ਕਰਨਗੇ। ਉਹਨਾਂ ਕਿਹਾ ਇਹ ਕਾਨੂੰਨ ਪੰਜਾਬ ਦੇ ਕਿਸਾਨਾਂ ਨੂੰ ਅਪਣੇ ਹੀ ਖੇਤਾਂ ‘ਤੇ ਮਜ਼ਦੂਰੀ ਕਰਨ ਲਈ ਮਜਬੂਰ ਕਰ ਦੇਣਗੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਨੂੰ ਬਿਹਾਰ ਵਰਗਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਪੂਰੇ ਦੇਸ਼ ਨੂੰ ਪਤਾ ਹੈ ਕਿ ਬਿਹਾਰ ਦੇ ਕੀ ਹਾਲਾਤ ਹਨ।
ਵਿਜੇ ਕਾਲੜਾ ਨੇ ਦੱਸਿਆ ਕਿ ਉਹਨਾਂ ਵੱਲੋਂ ਰੋਸ ਵਜੋਂ ਪੰਜਾਬ ਵਿਚ ਕਾਲਾ ਹਫ਼ਤਾ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ 25 ਸਤੰਬਰ ਨੂੰ ਆੜਤੀਆ ਐਸੋਸੀਸ਼ਨ ਵੱਲੋਂ ਵੀ ਖੇਤੀ ਬਿਲਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ ਜਾਣਗੇ। ਉਹਨਾਂ ਕਿਹਾ ਮੋਦੀ ਸਰਕਾਰ ਕਾਰਨ ਪੰਜਾਬ ਦਾ 80 ਫੀਸਦੀ ਢਾਂਚਾ ਤਬਾਹੀ ਦੇ ਕਿਨਾਰੇ ‘ਤੇ ਆ ਕੇ ਖੜ੍ਹਾ ਹੋ ਗਿਆ ਹੈ। ਉਹਨਾਂ ਨੇ ਪੰਜਾਬ ਦੇ ਕਿਸਾਨਾਂ, ਆੜਤੀਏ, ਮਜ਼ਦੂਰਾਂ ਸਮੇਤ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਐਮਪੀ ਜਾਂ ਐਮਐਲਏ ਹਰ ਕਿਸੇ ਦਾ ਸੋਸ਼ਲ ਬਾਈਕਾਟ ਕਰ ਦੇਣ।