ਖੇਤੀ ਬਿੱਲਾਂ ਦੇ ਵਿਰੋਧ 'ਚ ਅਕਾਲੀ ਦਲ ਵੱਲੋਂ 25 ਸਤੰਬਰ ਨੂੰ ਪੰਜਾਬ 'ਚ ਕੀਤਾ ਜਾਵੇਗਾ ਚੱਕਾ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਤਿੰਨ ਘੰਟੇ ਲਈ ਕੀਤਾ ਜਾਵੇਗਾ ਚੱਕਾ ਜਾਮ

Akali Dal

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਬਿਲਾਂ ਦੇ ਵਿਰੋਧ ਵਿਚ ਅਕਾਲੀ ਦਲ ਵੱਲੋਂ 25 ਸਤੰਬਰ ਨੂੰ ਪੰਜਾਬ ਵਿਚ ਤਿੰਨ ਘੰਟੇ ਲਈ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਸੀਨੀਅਰ ਅਕਾਲੀ ਆਗੂ  ਡਾ.ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ।

ਉਹਨਾਂ ਕਿਹਾ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਨਾਲ ਹੋਈ ਵਰਚੂਅਲ ਮੀਟਿੰਗ 'ਚ ਇਹ ਫ਼ੈਸਲਾ ਕੀਆ ਗਿਆ ਹੈ ਕਿ ਤਿੰਨ ਖੇਤੀਬਾੜੀ ਬਿਲਾਂ ਦੇ ਵਿਰੋਧ ਵਿਚ 25 ਸਤੰਬਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਪੰਜਾਬ ਵਿਚ ਤਿੰਨ ਘੰਟੇ ਲਈ ਚੱਕਾ ਜਾਮ ਕੀਤਾ ਜਾਵੇਗਾ।  ਹਰ ਹਲਕੇ ਵਿਚ ਪਾਰਟੀ ਦੇ ਸੀਨੀਅਰ ਆਗੂ, ਪਾਰਟੀ ਵਰਕਰ ਅਤੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਤਿੰਨ ਘੰਟੇ ਲਈ ਚੱਕਾ ਜਾਮ ਕਰਨਗੇ।

ਇਸ ਤੋਂ ਬਾਅਦ ਉਹਨਾਂ ਦੱਸਿਆ ਕਿ 26 ਤੋਂ 29 ਸਤੰਬਰ ਤੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰਕੇ ਜ਼ਮੀਨੀ ਪੱਧਰ 'ਤੇ ਜਾ ਕੇ ਲੋਕਾਂ ਨੂੰ ਇਸ ਕਾਨੂੰਨ ਵਿਰੁੱਧ ਇੱਕਜੁਟ ਕਰਨਗੇ ਅਤੇ ਇਹਨਾਂ ਕਾਨੂੰਨਾਂ ਨਾਲ ਕਿਸਾਨੀ ਨੂੰ ਜਿਹੜਾ ਨੁਕਸਾਨ ਹੋ ਰਿਹਾ ਹੈ, ਉਸ ਸੰਬੰਧੀ ਵਰਕਰਾਂ ਨੂੰ ਜਾਣੂ ਕਰਾਉਣਗੇ।

ਦਲਜੀਤ ਚੀਮਾ ਨੇ ਦੱਸਿਆ ਕਿ 1 ਅਕਤੂਬਰ ਨੂੰ ਇਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਤਿੰਨਾਂ ਤਖ਼ਤਾਂ ਤੋਂ ਅਰਦਾਸ ਕਰਨ ਉਪਰੰਤ ਪਾਰਟੀ ਆਗੂਆਂ, ਵਰਕਰਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਲੋਂ ਮੋਹਾਲੀ ਦੇ ਦੁਸਹਿਰਾ ਗਰਾਊਂਡ 'ਚ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਬਾਅਦ ਬਿਲ ਰੱਦ ਕਰਵਾਉਣ ਲਈ ਪਾਰਟੀ ਵੱਲੋਂ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਂਅ ‘ਤੇ ਇਕ ਮੰਗ ਪੱਤਰ ਸੌਂਪਿਆ ਜਾਵੇਗਾ।