ਬਾਸਮਤੀ ਚੌਲ ਕਿਸਾਨਾਂ ਲਈ ਬਣ ਸਕਦੈ ਘਾਟੇ ਦਾ ਸੌਦਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕੀਮਤਾਂ 'ਚ ਆਈ 21 ਫ਼ੀ ਸਦੀ ਤੋਂ ਵੱਧ ਦੀ ਗਿਰਾਵਟ

Basmati Rice Agriculture

ਮੁੰਬਈ : ਭਾਰਤ 'ਚ ਬਾਸਮਤੀ ਚੌਲ ਇਸ ਵਾਰ ਕਿਸਾਨਾਂ ਲਈ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ। ਵਿਦੇਸ਼ਾਂ ਤੋਂ ਆਉਣ ਵਾਲੀ ਮੰਗ ਕਮਜ਼ੋਰ ਰਹਿਣ ਦੇ ਡਰ ਕਾਰਨ ਪਿਛਲੇ ਇਕ ਮਹੀਨੇ 'ਚ ਬਾਸਮਤੀ ਦੀਆਂ ਕੀਮਤਾਂ 'ਚ 21 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆ ਚੁੱਕੀ ਹੈ। ਬਾਸਮਤੀ ਦੀਆਂ ਸਾਰੀਆਂ ਕਿਸਮਾਂ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਨਾਲ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ। ਬਾਸਮਤੀ 'ਚ ਘਾਟੇ ਦੀ ਚਿੰਤਾ ਕਿਸਾਨਾਂ ਨੂੰ ਵਾਇਦਾ ਬਜ਼ਾਰ ਵੱਲ ਮੋੜਣ ਦਾ ਕੰਮ ਕਰ ਰਹੀ ਹੈ। ਵਾਇਦਾ ਐਕਸਚੇਂਜ ਵੀ ਇਸ ਮੌਕੇ ਦਾ ਪੂਰਾ ਫਾਇਦਾ ਲੈਣਾ ਚਾਹੁੰਦਾ ਹੈ ਇਸ ਲਈ ਕਿਸਾਨਾਂ ਨੂੰ ਹੈਜਿੰਗ ਦਾ ਮੰਤਰ ਦੇ ਰਿਹਾ ਹੈ।

ਸਿਰਫ ਇਕ ਮਹੀਨਾ ਪਹਿਲਾਂ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਮੰਡੀਆਂ ਵਿਚ ਬਾਸਮਤੀ ਦੀਆਂ ਲਗਭਗ ਸਾਰੀਆਂ ਕਿਸਮਾਂ 3,000 ਰੁਪਏ ਪ੍ਰਤੀ ਕੁਇੰਟਲ ਤੋਂ ਉੱਪਰ ਵਿਕ ਰਹੀਆਂ ਸਨ ਜਦੋਂਕਿ ਮੌਜੂਦਾ ਸਮੇਂ 'ਚ ਸਾਰੀਆਂ ਕਿਸਮਾਂ ਦੇ ਭਾਅ 3,000 ਰੁਪਏ ਤੋਂ ਹੇਠਾਂ ਚਲ ਰਹੇ ਹਨ। ਐਗਮਾਰਕ ਤੋਂ ਪ੍ਰਾਪਤ ਮਿਲੇ ਅਕੜਿਆਂ ਮੁਤਾਬਕ ਹਰਿਆਣੇ 'ਚ ਪਿਛਲੇ ਮਹੀਨੇ 14 ਅਕਤੂਬਰ ਨੂੰ ਬਾਸਮਤੀ-1121 ਦਾ ਭਾਅ 3,451 ਰੁਪਏ ਪ੍ਰਤੀ ਕੁਇੰਟਲ ਸੀ ਜਿਹੜਾ ਕਿ ਹੁਣ ਡਿੱਗ ਕੇ 2,781 ਰੁਪਏ ਕੁਇੰਟਲ ਹੋ ਗਿਆ ਹੈ।

ਇਸੇ ਤਰ੍ਹਾਂ ਬਾਸਮਤੀ-1509 ਕਿਸਮ ਦੀ ਕੀਮਤ 2,251 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਹਾਜਿਰ ਬਜ਼ਾਰ 'ਚ ਕੀਮਤਾਂ ਡਿੱਗਣ ਕਾਰਨ ਵਾਇਦਾ ਬਜ਼ਾਰ 'ਚ ਗਿਰਾਵਟ ਆਈ ਹੈ। ਆਈ.ਸੀ.ਈ.ਐਕਸ. 'ਚ ਪੀ.ਬੀ.-1121 ਦਾ ਭਾਅ ਡਿੱਗ ਕੇ 3,161 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਜਿਹੜਾ ਕਿ ਪਿਛਲੇ ਮਹੀਨੇ 3,500 ਰੁਪਏ ਦੇ ਆਸ-ਪਾਸ ਚਲ ਰਿਹਾ ਸੀ। ਕਾਰੋਬਾਰੀਆਂ ਅਨੁਸਾਰ ਬਜ਼ਾਰ 'ਚ ਮੰਗ ਕਮਜ਼ੋਰ ਹੈ ਕਿਉਂਕਿ ਨਿਰਯਾਤ ਘੱਟ ਹੈ ਜਿਸ ਕਾਰਨ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ।

ਦੂਜੇ ਪਾਸੇ ਇਸ ਸਾਲ ਬਾਸਮਤੀ ਦਾ ਉਤਪਾਦਨ ਵੀ ਘੱਟ ਹੀ ਰਹਿਣ ਵਾਲਾ ਹੈ। ਇਸ ਲਈ ਫਰਵਰੀ ਤੱਕ ਕੀਮਤਾਂ 'ਚ ਸੁਧਾਰ ਆਉਣਾ ਸ਼ੁਰੂ ਹੋ ਜਾਵੇਗਾ। ਇਹ ਫਸਲ ਦਾ ਸੀਜ਼ਨ ਹੈ ਇਸ ਲਈ ਮੰਡੀਆਂ 'ਚ ਆਮਦ ਜ਼ਿਆਦਾ ਹੈ ਪਰ ਮੰਗ ਨਹੀਂ ਹੈ ਜਿਸ ਕਾਰਨ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ। ਪਿਛਲੇ ਸਾਲ ਇਸ ਸਮੇਂ ਬਾਸਮਤੀ ਚੌਲ ਦੀ ਔਸਤ ਕੀਮਤ 3,000 ਰੁਪਏ ਸੀ ਜਿਹੜੀ ਕਿ ਇਸ ਸਾਲ 2,300 ਰੁਪਏ ਪ੍ਰਤੀ ਕੁਇੰਟਲ ਹੈ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਭਾਅ ਕਰੀਬ 700 ਰੁਪਏ ਪ੍ਰਤੀ ਕੁਇੰਟਲ ਘੱਟ ਗਿਆ ਹੈ।