ਬਾਸਮਤੀ ਝੋਨੇ ਦੀ ਕਾਸ਼ਤ ਲਈ ਜ਼ਰੂਰੀ ਨੁਕਤੇ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਪਿਛਲੇ ਪੰਜ ਕੁ ਸਾਲਾਂ ਦੇ ਮੁਕਾਬਲੇ ਸਾਲ 2014 ਵਿੱਚ ਤਕਰੀਬਨ ਪੰਜ ਗੁਣਾ ਰਕਬਾ ਬਾਸਮਤੀ ਹੇਠਾਂ...

Basmati Paddy

ਚੰਡੀਗੜ੍ਹ: ਪਿਛਲੇ ਪੰਜ ਕੁ ਸਾਲਾਂ ਦੇ ਮੁਕਾਬਲੇ ਸਾਲ 2014 ਵਿੱਚ ਤਕਰੀਬਨ ਪੰਜ ਗੁਣਾ ਰਕਬਾ ਬਾਸਮਤੀ ਹੇਠਾਂ ਵਧਿਆ ਅਤੇ ਪੈਦਾਵਾਰ ਵਿੱਚ ਵੀ ਚੋਖਾ ਵਾਧਾ ਹੋਇਆ ਹੈ। ਘੱਟ ਪਾਣੀ ਦੀ ਲੋੜ, ਫ਼ਸਲ ਤੋਂ ਜ਼ਿਆਦਾ ਮੁਨਾਫ਼ਾ ਹੋਣਾ, ਜ਼ਿਆਦਾ ਝਾੜ ਦੇਣ ਵਾਲੀਆਂ ਕਿਸਮਾਂ ਦਾ ਉਪਲਬਧ ਹੋਣਾ ਅਤੇ ਵਿਦੇਸ਼ਾਂ ਵਿੱਚ ਇਸਦੀ ਮੰਗ ਵਿੱਚ ਵਾਧਾ ਹੋਣ ਕਰਕੇ ਕਿਸਾਨ ਹੁਣ ਇਸ ਫ਼ਸਲ ਨੂੰ ਤਰਜੀਹ ਦੇ ਰਹੇ ਹਨ। ਬਾਸਮਤੀ ਦੀ ਕਾਸ਼ਤ ਵੀ ਇੱਕ ਤਰ੍ਹਾਂ ਦੀ ਫ਼ਸਲੀ ਭਿੰਨਤਾ ਵਿੱਚ ਹੀ ਆਉਂਦੀ ਹੈ ਕਿਉਂਕਿ ਇਸ ਵਾਸਤੇ ਖ਼ੁਰਾਕੀ ਤੱਤਾਂ ਦੀ ਜ਼ਰੂਰਤ ਅਤੇ ਸਿੰਚਾਈ ਵਾਲੇ ਪਾਣੀ ਦੀ ਘੱਟ ਜ਼ਰੂਰਤ ਪੈਂਦੀ ਹੈ, ਜਦੋਂ ਕਿ ਇਹ ਮਹਿੰਗੇ ਮੁੱਲ ਤੇ ਵਿਕਦੀ ਹੈ।

ਇਸ ਸਾਲ 8.5 ਲੱਖ ਹੈਕਟੇਅਰ ਰਕਬੇ ਤੇ ਇਸਦੀ ਕਾਸ਼ਤ ਹੋਣਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸਦੀ ਕਾਸ਼ਤ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ ਵਿੱਚ ਬਹੁਤ ਸਹਾਇਕ ਸਿੱਧ ਹੋ ਰਹੀ ਹੈ। ਸਾਲ 2000-2001 ਦੇ ਮੁਕਾਬਲੇ ਸਾਲ 2013-14 ਵਿੱਚ ਬਾਸਮਤੀ ਦੇ ਨਿਰਯਾਤ ਵਿੱਚ ਲੱਗਭੱਗ 4.5 ਗੁਣਾ ਵਾਧਾ ਹੋਇਆ
ਹੈ, ਇਸੇ ਤਰ੍ਹਾਂ ਵਿਦੇਸ਼ੀ ਮੁੰਦਰਾ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ।

ਬਾਸਮਤੀ ਦੀਆਂ ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1121 ਕਿਸਮਾਂ ਨੂੰ ਹੀ ਕਿਸਾਨਾ ਜ਼ਿਆਦਾ ਤਰਜੀਹ ਦਿੰਦੇ ਹਨ ਕਿਉਂਕਿ ਇਹਨਾਂ ਕਿਸਮਾਂ ਦੇ ਵੱਧ ਝਾੜ ਦੇ ਨਾਲ ਨਾਲ ਇਹਨਾਂ ਕਿਸਮਾਂ ਦੇ ਚੌਲ ਰਿੱਝਣ ਉਪਰੰਤ ਬਹੁਤ ਜ਼ਿਆਦਾ ਲੰਬੇ ਹੋ ਜਾਂਦੇ ਹਨ ਜੋ ਕਿ ਖਪਤਕਾਰਾਂ ਲਈ ਪਸੰਦੀਦਾ ਗੁਣ ਹੈ। ਇਹਨਾਂ ਕਾਰਨਾਂ ਕਰਕੇ ਹੀ ਇਹਨਾਂ ਕਿਸਮਾਂ ਦੇ ਚੌਲਾਂ ਦੀ ਬਜ਼ਾਰ ਵਿੱਚ ਜ਼ਿਆਦਾ ਮੰਗ ਹੈ। ਬਾਸਮਤੀ ਦੀ ਪੂਸਾ ਬਾਸਮਤੀ 1509 ਕਿਸਮ ਦੂਜੀਆਂ ਕਿਸਮਾਂ ਨਾਲੋਂ 20-25 ਦਿਨ ਪਹਿਲਾਂ ਪੱਕ ਜਾਣ ਕਾਰਨ, ਬਹੁ-ਫ਼ਸਲੀ ਪ੍ਰਣਾਲੀ ਲਈ ਵੀ ਢੁੱਕਵੀ ਕਿਸਮ ਹੈ।

ਜਿਹਨਾਂ ਖੇਤਾਂ ਵਿੱਚ ਝੁਲਸ ਰੋਗ ਜਾਂ ਪੈਰਾਂ ਦਾ ਗਲਣਾ ਰੋਗ ਹੁੰਦਾ ਹੈ ਉਹਨਾਂ ਖੇਤਾਂ ਵਿੱਚ ਬਾਸਮਤੀ ਦੀ ਪੰਜਾਬ ਬਾਸਮਤੀ ੩ ਕਿਸਮ ਦੀ ਬਿਜਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮੱਰਥ ਹੈ ਤੇ ਅਕਸਰ ਪੈਰਾਂ ਦਾ ਗਲਣਾ ਰੋਗ ਵੀ ਘੱਟ ਦੇਖਣ ਨੂੰ ਮਿਲਦਾ ਹੈ। ਕਿਸਾਨਾਂ ਨੂੰ ਆਪਣੇ ਇਲਾਕੇ ਦੇ ਪੌਣ ਪਾਣੀ, ਮੰਗ ਅਤੇ ਖ੍ਰੀਦ ਅਨੁਸਾਰ ਹੀ ਬਾਸਮਤੀ ਦੀ ਕਿਸਮ ਦੀ ਚੋਣ ਕਰਨੀ ਚਾਹੀਦੀ ਹੈ। ਬਾਸਮਤੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਹੀ ਲਗਾਓ। ਸਿਫ਼ਾਰਿਸ਼ ਸਮੇਂ ਤੋਂ ਪਹਿਲਾਂ ਲਾਉਣ ਨਾਲ ਬਾਸਮਤੀ ਦਾ ਪੂਰਾ ਝਾੜ ਨਹੀਂ ਮਿਲਦਾ ਅਤੇ ਨਾ ਹੀ ਚੌਲਾਂ ਦੀ ਵਧੀਆ ਕੁਆਲਿਟੀ ਮਿਲਦੀ ਹੈ।

ਅਗੇਤਾ ਲਾਉਣ ਦੇ ਨੁਕਸਾਨ

509 ਜਿਸ ਨੂੰ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਹੀ ਲਗਾਉਣਾ ਚਾਹੀਦਾ ਹੈ ਕਿਉਂਕਿ ਇਸਨੂੰ ਅਗੇਤਾ ਲਾਉਣ ਕਾਰਨ ਇਸਦੇ ਦਾਣੇ ਵਿੱਚ ਤਰੇੜ੍ਹਾਂ ਆ ਜਾਂਦੀਆਂ ਹਨ ਅਤੇ ਮੰਡੀ ਵਿੱਚ ਪੂਰਾ ਭਾਅ ਵੀ ਨਹੀਂ ਮਿਲਦਾ। ਫ਼ਸਲ ਜ਼ਿਆਦਾ ਵੱਧ ਜਾਂਦੀ ਹੈ, ਪਤਰਾਲ ਜ਼ਿਆਦਾ ਹੋ ਜਾਂਦਾ ਹੈ ਅਤੇ ਫ਼ਸਲ ਡਿੱਗ ਜਾਂਦੀ ਹੈ। ਬੀਜ ਦੀ ਸੋਧ ਬੀਜ ਦੀ ਸੋਧ ਜ਼ਰੂਰ ਕਰਨੀ ਚਾਹੀਦੀ ਹੈ, ਇਸ ਨਾਲ ਬੀਜ ਤੇ ਜੰਮਣ ਵਾਲੀਆਂ ਬਿਮਾਰੀਆਂ ਨਹੀਂ ਲੱਗਦੀਆਂ।

ਵਿਧੀ: 8 ਕਿਲੋ ਬੀਜ ਜੋ ਕਿ ਇੱਕ ਏਕੜ ਵਾਸਤੇ ਕਾਫ਼ੀ ਹੈ, ਨੂੰ 10 ਲੀਟਰ ਪਾਣੀ ਦੇ ਘੋਲ ਜਿਸ ਵਿੱਚ 20 ਗ੍ਰਾਮ ਬਾਵਿਸਟਨ ਤੇ 1 ਗ੍ਰਾਮ ਸਟ੍ਰੈਪਟੋਸਾਈਕਲੀਨ ਮਿਲਾਉ ਅਤੇ 8-10 ਘੰਟੇ ਲਈ ਬੀਜ ਡੁਬੋ ਦਿਉ। ਫਿਰ ਇਸਨੂੰ ਗਿੱਲੀਆਂ ਬੋਰੀਆਂ ਵਿੱਚ ਤਹਿ ਲਗਾ ਕੇ ਰੱਖੋ ਤਾਂ ਜੋ ਬੀਜ ਪੁੰਗਰ ਆਏ। ਬੋਰੀਆਂ ਉੱਪਰ ਪਾਣੀ ਤਰੋਕਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੀਜ ਗਿੱਲਾ ਰਹੇ। ਉਨ੍ਹਾਂ ਖੇਤਾਂ ਵਿੱਚ ਜਿੱਥੇ ਪੈਰਾਂ ਦੇ ਗਲਣਾ ਰੋਗ ਦੀ ਸ਼ਿਕਾਇਤ ਹੋਵੇ ਜਾਂ ਪੂਸਾ ਬਾਸਮਤੀ 1121 ਕਿਸਮ ਬੀਜਣੀ ਹੋਵੇ, ਤਾਂ ਬੀਜ ਨੂੰ 10 ਲਿਟਰ ਪਾਣੀ ਦੇ ਘੋਲ ਜਿਸ ਵਿੱਚ 20 ਗ੍ਰਾਮ ਬਾਵਿਸਟਨ ਅਤੇ 1 ਗ੍ਰਾਮ ਸਟ੍ਰੈਪਟੋਸਾਈਕਲੀਨ ਮਿਲੀ ਹੋਵੇ, ਨੂੰ 12 ਘੰਟੇ ਲਈ ਡੁਬੋ ਦਿਉ।

ਫਿਰ ਲੁਆਈ ਵੇਲੇ ਨਰਸਰੀ ਦੇ ਬੂਟਿਆਂ ਨੂੰ ਇੱਕ ਵਾਰੀ ਫਿਰ ਬਾਵਿਸਟਨ ਦੇ 0.2 % ਘੋਲ (200 ਗ੍ਰਾਮ ਬਾਵਿਸਟਨ 100 ਲਿਟਰ ਪਾਣੀ ਵਿੱਚ) ਵਿੱਚ 6 ਘੰਟੇ ਲਈ ਡੁਬੋ ਦਿਉ। ਨਰਸਰੀ ਦੇ ਬੂਟਿਆਂ ਨੂੰ ਸੋਧਣ ਲਈ ਦਵਾਈ ਦਾ ਘੋਲ ਖਾਲੇ ਜਾਂ ਹਲਕਾ ਟੋਇਆ ਖੋਦ ਕੇ ਉੱਪਰ ਮੋਮਜਾਮਾ ਵਿਛਾ ਕੇ ਬਣਾ ਲਉ। ਹਰੀ ਖਾਦ ਅਤੇ ਖੇਤ ਦੀ ਤਿਆਰੀ ਕਣਕ ਵੱਢਣ ਤੋਂ ਬਾਅਦ ਅਤੇ ਬਾਸਮਤੀ ਦੀ ਲੁਆਈ ਤੱਕ ਕਾਫ਼ੀ ਸਮਾਂ ਮਿਲ ਜਾਂਦਾ ਹੈ, ਜਿਸਦਾ ਪ੍ਰਯੋਗ ਹਰੀ ਖਾਦ ਕਰਨ ਵਾਸਤੇ ਕੀਤਾ ਜਾ ਸਕਦਾ ਹੈ।

ਖੇਤ ਦੀ ਰੌਣੀ ਕਰਕੇ 20 ਕਿਲੋ ਢਾਂਚੇ ਦੇ ਬੀਜ ਨੂੰ 6-8 ਘੰਟੇ ਪਾਣੀ ਵਿੱਚ ਬੀਜਣ ਤੋਂ ਪਹਿਲਾਂ ਭਿਉਂ ਲਵੋ ਅਤੇ ਬਿਜਾਈ ਕਰ ਦਿਉ।ਜਦੋਂ ਇਸਦਾ ਕੱਦ ਕੋਈ 1 ਮੀਟਰ ਹੋ ਜਾਵੇ ਜਾਂ 50 ਦਿਨਾਂ ਦੀ ਹੋ ਜਾਵੇ ਖੇਤ ਡਿਸਕਾਂ ਨਾਲ ਮਿਲਾ ਦਿਉ।ਬਿਹਤਰ ਇਹ ਹੋਵੇਗਾ ਜੇਕਰ ਕੱਦੂ ਕਰਨ ਸਮੇਂ ਹੀ ਖੇਤ ਵਿੱਚ ਮਿਲਾਇਆ ਜਾਵੇ। ਇਸ ਲਈ ਬਾਸਮਤੀ ਲਾਉਣ ਤੋਂ 50 ਦਿਨ ਪਹਿਲਾਂ ਹਰੀ ਖਾਦ ਬੀਜ ਦੇਣੀ ਚਾਹੀਦੀ ਹੈ। ਡਿਸਕਾਂ ਤੋਂ ਬਾਅਦ ਖੇਤ ਵਿੱਚ ਕੱਦੂ ਕਰਕੇ ਬਾਸਮਤੀ ਲਾ ਦੇਣੀ ਚਾਹੀਦੀ ਹੈ।
ਜਿੱਥੇ ਹਰੀ ਖਾਦ ਕੀਤੀ ਹੋਵੇ ਉਹਨਾਂ ਖੇਤਾਂ ਵਿੱਚ ਬਾਸਮਤੀ ਨੂੰ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਹੈ।

ਬੂਟਿਆਂ ਦੀ ਗਿਣਤੀ

ਸਹੀ ਬੂਟਿਆਂ ਦੀ ਗਿਣਤੀ ਉਪਜ ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਇਸ ਲਈ ਲਾਉਣ ਸਮੇਂ ਕਤਾਰ ਤੋਂ ਕਤਾਰ ਦਾ ਫ਼ਾਸਲਾ 20 ਸੈਂ.ਮੀ. ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂ.ਮੀ. ਰੱਖਣਾ ਚਾਹੀਦਾ ਹੈ।ਇਸ ਨਾਲ ਇੱਕ ਵਰਗ ਮੀਟਰ ਵਿੱਚ 33 ਬੂਟੇ ਲੱਗ ਜਾਣਗੇ।
 ਲੁਆਈ ਦਾ ਠੇਕਾ ਬੂਟਿਆਂ ਦੀ ਗਿਣਤੀ ਦੇ ਹਿਸਾਬ ਨਾਲ ਮਿਥੋ ਨਾ ਕੇ ਰਕਬੇ ਦੇ ਹਿਸਾਬ ਨਾਲ।

ਨਦੀਨਾਂ ਦੀ ਰੋਕਥਾਮ

ਨਦੀਨ ਫ਼ਸਲ ਨੂੰ ਹਵਾ, ਪਾਣੀ ਰੌਸ਼ਨੀ ਤੋਂ ਇਲਾਵਾ ਖ਼ੁਰਾਕੀ ਤੱਤਾਂ ਤੋਂ ਵੀ ਵਾਂਝੇ ਰੱਖਦੇ ਹਨ।ਨਦੀਨਾਂ ਦੀ ਸੁਚੱਜੀ ਰੋਕਥਾਮ ਲਈ ਲੁਆਈ ਤੋਂ ਬਾਅਦ ਪਹਿਲੇ 15 ਦਿਨ ਖੇਤ ਵਿੱਚ ਪਾਣੀ ਖੜਾ ਰੱਖਣਾ ਚਾਹੀਦਾ ਹੈ।ਇਸ ਤਰ੍ਹਾਂ ਕਰਨ ਨਾਲ ਨਦੀਨ ਨਾਸ਼ਕ ਦਵਾਈਆਂ ਦਾ ਅਸਰ ਵਧੇਰੇ ਹੁੰਦਾ ਹੈ।ਨਦੀਨਾਂ ਨੂੰ ਕਾਬੂ ਕਰਨ ਲਈ ਸਹੀ ਦਵਾਈ ਦੀ ਚੋਣ ਕਰਨੀ ਚਾਹੀਦੀ ਹੈ, ਇਸ ਦੇ ਨਾਲ ਨਾਲ ਉਸਨੂੰ ਸਹੀ ਸਮੇਂ ਤੇ ਸਹੀ ਮਿਕਦਾਰ ਵਿੱਚ ਪਾਉਣਾ ਬਹੁਤ ਜ਼ਰੂਰੀ ਹੈ।ਬਾਸਮਤੀ ਵਿੱਚ ਸਿਫ਼ਾਰਿਸ਼ ਕੀਤੀਆਂ ਨਦੀਨ ਨਾਸ਼ਕ ਦਵਾਈਆਂ ਸਾਰਣੀ ਵਿੱਚ ਦਿੱਤੀਆਂ ਗਈਆਂ ਹਨ।

ਸਾਵਧਾਨੀਆਂ

ਇਹਨਾਂ ਦਵਾਈਆਂ ਦਾ ਪ੍ਰਯੋਗ ਸਿਰਫ ਤੱਦ ਤੱਕ ਕਰੋ ਜਦੋਂ ਤੱਕ ਬਾਸਮਤੀ ਵਿੱਚ ਨਦੀਨ ਆਉਂਦੇ ਹੋਣ। ਆਮ ਵੇਖਣ ਵਿੱਚ ਆਇਆ ਹੈ ਕਿ ਇਸਦਾ ਮੌਸਮ ਬਰਸਾਤ ਰੁੱਤ ਨਾਲ ਮੇਲ ਖਾਂਦਾ ਹੈ ਅਤੇ ਖੇਤਾਂ ਵਿੱਚ ਪਾਣੀ ਖੜਾ ਰੱਖਣ ਨਾਲ ਨਦੀਨ ਨਹੀਂ ਉਗਦੇ।ਦੂਸਰਾ ਬਾਸਮਤੀ ਦਾ ਪ੍ਰਸਾਰ ਵਧੇਰੇ ਤੇਜ਼ੀ ਨਾਲ ਹੁੰਦਾ ਹੈ ਤਾਂ ਇਹ ਨਦੀਨਾਂ ਨੂੰ ਦਬਾ ਲੈਂਦੀ ਹੈ। ਜੇਕਰ ਦਵਾਈਆਂ ਪਾਉਣ ਦੀ ਜ਼ਰੂਰਤ ਪਵੇ ਤਾਂ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਦਵਾਈਆਂ ਦੀ ਵਰਤੋਂ ਹਰ ਸਾਲ ਅਦਲ ਬਦਲ ਕੇ ਕਰੋ। ਕਦੀ ਵੀ ਬੋਤਲ ਦੇ ਢੱਕਣ ਵਿੱਚ ਮੋਰੀ ਕਰਕੇ ਬੋਤਲ ਨਾਲ ਸਿੱਧਾ ਛਿੜਕਾਅ ਨਾ ਕਰੋ।

ਘਾਹ ਮੋਥੇ ਨੂੰ ਕਾਬੂ ਕਰਨ ਲਈ, ਤਰਲ ਦਵਾਈਆਂ ਨੂੰ ਬਿਜਾਈ ਤੋਂ 2-3 ਦਿਨਾਂ ਵਿੱਚ ਪਾਉ। ਪਾਉਣ ਸਮੇਂ ਦਵਾਈ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਪ੍ਰਤੀ ਏਕੜ ਇਕਸਾਰ ਛਿੱਟਾ ਦਿਉ। ਖਾਦਾਂ ਦਾ ਵੇਰਵਾ ਘੱਟ ਖਾਦ ਦੀ ਲੋੜ ਹੋਣ ਕਰਕੇ ਕੱਦੂ ਵੇਲੇ ਯੂਰੀਆ ਨਾ ਪਾਉ। ਫਾਸਫੋਰਸ ਖਾਦ ਤੇ ਪੋਟਾਸ਼ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਤੇ ਕਰੋ।

ਜੇਕਰ ਪਿਛਲੀ ਕਣਕ ਦੀ ਫ਼ਸਲ ਨੂੰ ਫਾਸਫੋਰਸ ਖਾਦ ਸਿਫ਼ਾਰਿਸ਼ ਮੁਤਾਬਕ ਪਾਈ ਹੈ ਤਾਂ ਬਾਸਮਤੀ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਹੈ, ਨਹੀਂ ਤਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਯੂਰੀਆ ਪਾਉਣ ਵੇਲੇ ਖੇਤ ਦਾ ਪਾਣੀ ਕੱਢ ਦਿਉ ਅਤੇ ਖਾਦ ਪਾਉਣ ਤੋਂ ਤੀਜੇ ਦਿਨ ਪਾਣੀ ਲਗਾਉ। ਜੇਕਰ ਖੇਤ ਵਿੱਚ ਹਰੀ ਖਾਦ ਕੀਤੀ ਹੈ ਤਾਂ ਬਾਸਮਤੀ ਬਿਨਾਂ ਖਾਦ ਤੋਂ ਚੰਗੀ ਤਰ੍ਹਾਂ ਉਗਾਈ ਜਾ ਸਕਦੀ ਹੈ। ਲੋੜ ਤੋਂ ਵੱਧ ਖਾਦ ਪਾਉਣ ਨਾਲ ਭੁਰੜ ਰੋਗ ਦਾ ਹਮਲਾ ਵੱਧਦਾ ਹੈ।

 ਪਾਣੀ ਦੀ ਬੱਚਤ ਵਾਸਤੇ ਉਪਾਅ

ਇੱਕ ਏਕੜ ਖੇਤ ਵਿੱਚ ਘੱਟੋ ਘੱਟ ਚਾਰ ਕਿਆਰੇ ਬਣਾਓ। ਪਾਣੀ ਸਿਰਫ ਪਹਿਲੇ 15 ਦਿਨ ਹੀ ਖੜ੍ਹਾ ਰੱਖੋ। ਇਸ ਤੋਂ ਬਾਅਦ ਪਾਣੀ ਦੋ ਦਿਨ ਦੇ ਅੰਤਰਾਲ ਤੇ ਉਦੋਂ ਲਾਉ ਜਦੋਂ ਪਹਿਲਾ ਪਾਣੀ ਖੇਤ ਵਿੱਚ ਜ਼ੀਰ ਜਾਵੇ। ਕਟਾਈ ਤੋਂ 15 ਦਿਨ ਪਹਿਲਾਂ ਪਾਣੀ ਲਾਉਣਾ ਬੰਦ ਕਰ ਦਿਉ, ਇਸ ਤਰ੍ਹਾਂ ਕਰਨ ਨਾਲ ਅਗਲੀ ਫ਼ਸਲ ਜਿਵੇਂ ਕਿ ਕਣਕ ਦੀ ਬਿਜਾਈ ਸਮੇਂ ਸਿਰ ਹੋ ਜਾਂਦੀ ਹੈ।

ਫ਼ਸਲ ਦਾ ਲਾਪੜਣਾ

ਬਾਸਮਤੀ 370 ਅਤੇ ਬਾਸਮਤੀ 386 ਕਿਸਮਾਂ ਦਾ ਕੱਦ ਲੰਬਾ ਹੋਣ ਕਰਕੇ ਪੱਕਣ ਵੇਲੇ ਡਿੱਗ ਜਾਂਦੀਆਂ ਹਨ।ਇਸਨੂੰ ਰੋਕਣ ਲਈ ਲੁਆਈ ਤੋਂ 45 ਦਿਨ ਬਾਅਦ ਫ਼ਸਲ ਨੂੰ ਉੱਪਰੋਂ ਅੱਧਾਂ ਲਾਪੜ ਦਿਉ।ਇਸ ਤਰ੍ਹਾਂ ਕਰਨ ਨਾਲ ਤਣੇ ਦੇ ਗੜੂੰਏ ਦਾ ਹਮਲਾ ਵੀ ਘੱਟ ਹੁੰਦਾ ਹੈ। ਬਾਸਮਤੀ ਕਾਸ਼ਤ ਵਿੱਚ ਸਫ਼ਲਤਾ ਦਾ ਸੰਦੇਸ਼
ਸਿਫਾਰਿਸ਼ ਕੀਤੀਆਂ ਸੁਧਰੀਆਂ ਕਿਸਮਾਂ ਹੀ ਬੀਜੋ।

ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧ ਲਵੋ। ਬਿਜਾਈ ਅਤੇ ਲੁਆਈ ਸਿਫਾਰਿਸ਼ ਕੀਤੇ ਸਮੇਂ ਅਨੁਸਾਰ ਹੀ ਕਰੋ। ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਸਿਫਾਰਿਸ਼ ਕੀਟਨਾਸ਼ਕ/ਉੱਲੀਨਾਸ਼ਕ ਦਵਾਈਆਂ ਦੀ ਹੀ ਵਰਤੋਂ ਕਰੋ। ਝੋਨੇ ਅਤੇ ਬਾਸਮਤੀ ਨੂੰ 70:30 ਦੇ ਅਨੁਪਾਤ ਵਿੱਚ ਹੀ ਲਗਾਉ, ਇਸ ਤੋਂ ਜ਼ਿਆਦਾ ਲਗਾਉਣ ਕਾਰਨ ਮੰਡੀ ਵਿੱਚ ਵੱਧ ਆਮਦ ਹੋਣ ਕਰਕੇ ਮੁੱਲ ਘੱਟ ਮਿਲਦਾ ਹੈ।

ਬਾਸਮਤੀ ਦੀ ਕਾਸ਼ਤ

ਸੰਬੰਧੀ ਉਪਰੋਕਤ ਨੁਕਤਿਆਂ ਦੀ ਪਾਲਣਾ ਕਰਕੇ ਵਧੀਆ ਝਾੜ ਅਤੇ ਵਧੇਰੇ ਮੁਨਾਫ਼ਾ ਕਮਾ ਸਕਦੇ ਹਨ।