ਐਤਕੀ ਕਣਕ ਦਾ ਝਾੜ ਤੋੜ ਸਕਦੈ ਪਿਛਲੇ ਕਈ ਸਾਲਾਂ ਦਾ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਫ਼ਸਲ ਨੂੰ ਪੱਕਣ ਲਈ ਵੱਧ ਸਮਾਂ ਮਿਲਣ ਕਰਕੇ ਕਣਕ ਦਾ ਝਾੜ ਵਧੇਗਾ

It could break the yield of wheat in the past several years

ਚੰਡੀਗੜ੍ਹ: ਇਸ ਵਾਰ ਮੌਸਮ ਕਣਕ ਦਾ ਸੀਜ਼ਨ ਲੇਟ ਕਰ ਸਕਦਾ ਹੈ ਪਰ ਝਾੜ ਸਾਰੇ ਰਿਕਾਰਡ ਤੋੜ ਸਕਦਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਅਨਾਜ ਮੰਡੀਆਂ ਵਿਚ ਪਹਿਲੀ ਅਪ੍ਰੈਲ ਤੱਕ ਆਉਣ ਦੀ ਬਜਾਏ ਦੋ ਹਫ਼ਤੇ ਹੋਰ ਪੱਛੜ ਕੇ ਆਉਣ ਦੀ ਸੰਭਾਵਨਾ ਹੈ। ਫ਼ਸਲ ਨੂੰ ਪੱਕਣ ਲਈ ਵੱਧ ਸਮਾਂ ਮਿਲਣ ਕਰਕੇ ਕਣਕ ਦਾ ਝਾੜ ਵਧੇਗਾ। ਖੇਤੀਬਾੜੀ ਵਿਭਾਗ ਅਨੁਸਾਰ ਪਿਛਲੇ ਸਾਲਾਂ ਦੌਰਾਨ ਮਾਰਚ ਦੇ ਅਖ਼ਰੀਲੇ ਦਿਨਾਂ ਵਿਚ ਕਣਕ ਦੀ ਵਾਢੀ ਆਰੰਭ ਹੋ ਜਾਂਦੀ ਹੈ ਪਰ ਇਸ ਵਾਰ ਮੌਸਮ ਵਿਚ ਰਾਤ ਦੀ ਠੰਢ ਰਹਿਣ ਕਾਰਨ ਕਣਕਾਂ ਅਜੇ ਕੱਚੀਆਂ ਦਿਖਾਈ ਦੇ ਰਹੀਆਂ ਹਨ।

ਖੇਤੀਬਾੜੀ ਵਿਭਾਗ ਦੇ ਬਠਿੰਡਾ ਸਥਿਤ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਗੁਰਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਮੌਸਮ ਵਿਚ ਲਗਾਤਾਰ ਠੰਢ ਬਣੀ ਰਹਿਣ ਕਾਰਨ ਕਣਕ ਦੀ ਵਾਢੀ ਪਿਛਲੇ ਸਾਲਾਂ ਦੇ ਮੁਕਾਬਲੇ ਭਾਵੇਂ ਲੇਟ ਹੋ ਗਈ ਹੈ, ਪਰ ਇਸ ਵਾਰ ਮੌਸਮ ਮੁਤਾਬਕ ਕਣਕ ਦੇ ਝਾੜ ਦੇ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਤੋੜੇ ਜਾਣਗੇ। ਸਿੱਧੂ ਮੁਤਾਬਕ ਕਣਕ ਦੀ ਫਸਲ ਦੇ ਚੰਗੇ ਝਾੜ ਲਈ ਰਾਤ ਦਾ ਮੌਸਮ ਠੰਢਕ ਭਰਿਆ ਹੋਣਾ ਬੇਹੱਦ ਜ਼ਰੂਰੀ ਹੈ, ਜੋ ਇਸ ਵਾਰ ਚੱਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ ਦੇ ਅਖ਼ੀਰਲੇ ਹਫ਼ਤੇ ਕਣਕ ਦੀ ਹੱਥੀਂ ਵਾਢੀ ਆਰੰਭ ਹੋ ਗਈ ਸੀ, ਪਰ ਇਸ ਵਾਰ ਇਹ ਵਾਢੀ ਪੂਰੇ ਖੇਤਰ ਵਿਚ ਕਿਧਰੇ ਵੀ ਸ਼ੁਰੂ ਨਾ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਹੈ।