ਕਰਤਾਰਪੁਰ ਲਾਂਘਾ : ਭਾਰਤ ਵਾਲੇ ਪਾਸੇ ਵੀ ਸ਼ੁਰੂ ਹੋਇਆ ਕੰਮ, ਕਣਕ ਵੱਢ ਕੇ ਖਾਲੀ ਕੀਤੀ ਜ਼ਮੀਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਾਫੀ ਅੜਿੱਕਿਆਂ ਤੋਂ ਬਾਅਦ ਭਾਰਤ ਵਾਲੇ ਪਾਸੇ ਵੀ ਕਰਤਾਰਪੁਰ ਲਾਂਘੇ ਦਾ ਕੰਮ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨਾਲ ਜ਼ਮੀਨ ਦੀ ਸਹਿਮਤੀ ਬਣ ਗਈ ਹੈ...

Kartarpur Corridor Work India Side

ਡੇਰਾ ਬਾਬਾ ਨਾਨਕ : ਕਾਫੀ ਅੜਿੱਕਿਆਂ ਤੋਂ ਬਾਅਦ ਭਾਰਤ ਵਾਲੇ ਪਾਸੇ ਵੀ ਕਰਤਾਰਪੁਰ ਲਾਂਘੇ ਦਾ ਕੰਮ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨਾਲ ਜ਼ਮੀਨ ਦੀ ਸਹਿਮਤੀ ਬਣ ਗਈ ਹੈ। ਅੱਜ ਕਣਕ ਵੱਢ ਕੇ ਖੁਦਾਈ ਦਾ ਕੰਮ ਸ਼ੁਰੂ ਹੋਇਆ ਹੈ। ਕੱਲ੍ਹ 19 ਮਾਰਚ ਨੂੰ ਭਾਰਤ-ਪਾਕਿ ਅਧਿਕਾਰੀਆਂ ਦੀ ਮੀਟਿੰਗ ਵੀ ਹੋਵੇਗੀ। ਪਹਿਲੇ ਪੜਾਅ ਵਿੱਚ 50 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਦੱਸ ਦਈਏ ਕਿ ਪਾਕਿਸਤਾਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਲਾਂਘੇ ਦਾ 60 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ, ਜਦ ਕਿ ਭਾਰਤ ਵਾਲੇ ਪਾਸੇ ਅਜੇ ਅੱਜ ਹੀ ਕੰਮ ਦੀ ਸ਼ੁਰੂਆਤ ਹੋਈ ਹੈ।

ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀ ਭਲਕੇ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ 'ਤੇ ਮੀਟਿੰਗ ਕਰਨਗੇ ਅਤੇ ਗਲਿਆਰੇ ਦੀ ਉਸਾਰੀ ਸਬੰਧੀ ਤਕਨੀਕੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਜ਼ਮੀਨ ਐਕੁਆਇਰ ਹੋਣ ਦੇ ਨਾਲ ਸਰਕਾਰ ਖੇਤਾਂ ਵਿੱਚੋਂ ਫਸਲਾਂ ਨੂੰ ਵਾਹ ਰਹੀ ਹੈ ਤਾਂ ਜੋ ਟਰਮੀਨਲ ਦੇ ਉਸਾਰੀ ਕਾਰਜ ਛੇਤੀ ਸ਼ੁਰੂ ਕੀਤੇ ਜਾ ਸਕਣ।

ਦੱਸ ਦਈਏ ਕਿ ਇਸ ਪਹਿਲਾਂ ਲਹਿੰਦੇ ਪੰਜਾਬ ਦੇ ਜਿਲ੍ਹੇ ਨਾਰੋਵਾਲ ਚ ਪੈਂਦੇ ਕਰਤਾਰਪੁਰ ਸਾਹਿਬ ਨੂੰ ਪੂਰਬੀ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਡੇਰਾ ਬਾਬਾ ਨਾਨਕ ਨਾਲ ਜੋੜਨ ਲਈ ਉਸਾਰੇ ਜਾ ਰਹੇ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਲਾਂਘੇ ਦੀ ਉਸਾਰੀ ਦਾ ਕੰਮ ਪੱਛਮੀ ਪੰਜਾਬ ਵਿਚ ਜ਼ੋਰਾਂ ਤੇ ਚੱਲਣ ਦੀਆਂ ਖਬਰਾਂ ਹਨ। ਦੱਸਿਆ ਗਿਆ ਹੈ ਕਿ ਇਨ੍ਹੀਂ ਦਿਨੀਂ ਕਰਤਾਰਪੁਰ ਸਾਹਿਬ ਵੱਲ ਉਸਾਰੀ ਦੇ ਸਮਾਨ ਅਤੇ ਸੰਦਾਂ ਦੀ ਢੋਹਾ-ਢੁਹਾਈ ਹੋ ਰਹੀ ਹੈ ਤੇ ਕਰਤਾਰਪੁਰ ਸਾਹਿਬ ਵਿਖੇ ਸੜਕਾਂ ਤੇ ਰਾਵੀ ਦਰਿਆ ਉੱਤੇ ਬਣਨ ਵਾਲੇ ਪੁੱਲ ਦਾ ਕੰਮ ਸ਼ੁਰੂ ਹੋ ਰਿਹਾ ਹੈ।

ਸੈਂਕੜੇ ਮਜ਼ਦੂਰ ਤੇ ਉਸਾਰੀ ਮਾਹਰ ਦਿਨ ਰਾਤ ਇਸ ਕੰਮ ਵਿਚ ਰੁੱਝੇ ਹੋਏ ਹਨ। ਪਾਕਿਸਤਾਨ ਸਰਕਾਰ ਦਾ ਮੰਨਣਾ ਐ ਕਿ ਉਹ ਸਮੇਂ ਤੋਂ ਪਹਿਲਾਂ ਹੀ ਇਹ ਕੰਮ ਪੂਰਾ ਕਰ ਲਵੇਗੀ। ਜ਼ਿਕਰਯੋਗ ਹੈ ਕਿ ਪਾਕਸਿਤਾਨ ਸਰਕਾਰ ਨੇ ਸਾਲ 2019 ਦੇ ਨਵੰਬਰ ਮਹੀਨੇ ਵਿਚ ਆ ਰਹੇ ਗੁਰੂ ਨਾਨਕ ਜੀ ਦੇ 550 ਸਾਲਾ ਪਰਕਾਸ਼ ਦਿਹਾੜੇ ਤੋਂ ਪਹਿਲਾਂ ਲਾਂਘਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।