ਮਿੱਟੀ-ਪਾਣੀ ਦੀ ਮੁਫ਼ਤ ਪਰਖ ਕਰਵਾ ਕੇ ਕਿਸਾਨ ਵਾਤਾਵਰਣ ਦੀ ਸੰਭਾਲ 'ਚ ਵੀ ਪਾਉਣ ਯੋਗਦਾਨ: ਡਿਪਟੀ ਕਮਿਸ਼ਨਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

''ਜੇ ਮੈਂ ਮਿੱਟੀ ਟੈਸਟ ਨਾ ਕਰਵਾਉਂਦਾ ਤਾਂ ਮੈਂ ਇੱਕ ਏਕੜ 'ਚ 25 ਕਿੱਲੋ ਡੀਏਪੀ ਅਤੇ 20 ਕਿੱਲੋ ਜ਼ਿੰਕ ਸਲਫ਼ੇਟ ਪਾ ਦੇਣਾ ਸੀ,  ਜਿਸ 'ਤੇ  1,500 ਰੁਪਏ ....

soil test

ਬਰਨਾਲਾ,  (ਤਰਨਜੀਤ ਸਿੰਘ ਗੋਲਡੀ): ''ਜੇ ਮੈਂ ਮਿੱਟੀ ਟੈਸਟ ਨਾ ਕਰਵਾਉਂਦਾ ਤਾਂ ਮੈਂ ਇੱਕ ਏਕੜ 'ਚ 25 ਕਿੱਲੋ ਡੀਏਪੀ ਅਤੇ 20 ਕਿੱਲੋ ਜ਼ਿੰਕ ਸਲਫ਼ੇਟ ਪਾ ਦੇਣਾ ਸੀ,  ਜਿਸ 'ਤੇ  1,500 ਰੁਪਏ ਪ੍ਰਤੀ ਏਕੜ ਬੇਲੋੜਾ ਖਰਚ ਹੋਣਾ ਸੀ, ਜੋ ਕਿ ਹੁਣ ਬਚ ਗਿਆ। ਸੋ ਮੈਂ ਦੂਸਰੇ ਕਿਸਾਨਾਂ ਨੂੰ ਵੀ ਮਿੱਟੀ ਤੇ ਪਾਣੀ, ਦੋਵੇਂ ਟੈਸਟ ਕਰਵਾਉਣ ਉਪਰੰਤ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ, ਤਾਂ ਜੋ ਕਿਸਾਨ ਜ਼ਮੀਨ ਦੀ ਸਿਹਤ ਤੇ ਆਪਣੀ ਆਰਥਕ ਹਾਲਤ, ਦੋਵੇਂ ਠੀਕ ਰੱਖ ਸਕਣ।'' 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਠੀਕਰੀਵਾਲ ਦੀ ਪੱਤੀ ਢਿੱਲੋਂ ਦੇ ਕਿਸਾਨ ਮਨਦੀਪ ਸਿੰਘ ਨੇ ਤਕਰੀਬਨ ਹਫ਼ਤਾ ਕੁ ਪਹਿਲਾਂ ਆਪਣੇ ਖੇਤਾਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਦਾ ਪਤਾ ਕਰਨ ਲਈ ਖੇਤੀਬਾੜੀ ਵਿਭਾਗ ਬਰਨਾਲਾ ਦੇ ਦਫ਼ਤਰ ਸਥਿਤ ਭੌਂ ਪਰਖ ਲੈਬਾਰਟਰੀ 'ਚ ਦਿੱਤੇ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਕੀਤਾ। ਮਨਦੀਪ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਵਾਂਙ ਪਹਿਲਾਂ ਉਹ ਵੀ ਦੇਖਾ ਦੇਖੀ ਹੀ ਬਿਨਾਂ ਲੋੜ ਤੋਂ ਜ਼ਿੰਕ ਅਤੇ ਪੋਟਾਸ਼ ਖੇਤਾਂ ਵਿੱਚ ਸੁੱਟਦਾ ਸੀ, ਜਿਸ ਨਾਲ ਲਾਗਤਾਂ ਵਿੱਚ ਬਹੁਤ ਵਾਧਾ ਹੁੰਦਾ ਹੈ।

ਮਿੱਟੀ ਦਾ ਟੈੱਸਟ ਕਰਵਾਉਣ ਸਦਕਾ ਉਸਦੇ ਪੈਸੇ ਤਾਂ ਬਚੇ ਹੀ ਹਨ ਸਗੋਂ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਵਾਤਾਵਰਣ ਦੇ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਅ ਹੋਇਆ ਹੈ। ਇਸਦੇ ਨਾਲ ਹੀ ਪਿੰਡ ਰਾਜੀਆ ਦੇ ਕਿਸਾਨ ਬਲਜਿੰਦਰ ਸਿੰਘ ਅਤੇ ਪਿੰਡ ਕਾਹਨੇਕੇ ਦੇ ਕਿਸਾਨ ਮਨਪ੍ਰੀਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਸੰਤੁਲਤ ਰੂਪ 'ਚ ਰਸਾਇਣਕ ਖਾਦਾਂ ਦੀ ਵਰਤੋਂ ਲਈ ਮਿੱਟੀ-ਪਾਣੀ ਦੀ ਪਰਖ ਕਰਵਾਈ ਗਈ ਹੈ ਅਤੇ ਰਿਪੋਰਟ ਅਨੁਸਾਰ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਖਾਦਾਂ ਦੀ ਵਰਤੋਂ ਸਿਫ਼ਾਰਸ਼ਸੁਦਾ ਹੱਦ ਤੱਕ ਹੀ ਕਰਨਗੇ।

ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਮੁਫ਼ਤ ਪਰਖ ਕਰਵਾ ਕੇ ਵਾਤਾਵਰਣ ਦੀ ਸੰਭਾਲ 'ਚ ਵੀ ਯੋਗਦਾਨ ਪਾਉਣ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਇੱਕ ਚੰਗਾ ਉਪਰਾਲਾ ਹੈ ਪਰ ਇਸਦੇ ਨਾਲ ਹੀ ਪ੍ਰਦੂਸ਼ਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਬਚਾਉਣ ਲਈ ਕਿਸਾਨ ਵੱਧ ਤੋਂ ਵੱਧ ਰੁੱਖ ਵੀ ਲਾਉਣ।

ਮੁੱਖ ਖੇਤੀਬਾੜੀ ਅਫ਼ਸਰ ਡਾ. ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਫਰਵਾਹੀ ਬਾਜ਼ਾਰ ਸਥਿਤ ਦਫ਼ਤਰ 'ਚ ਭੂਮੀ ਪਰਖ ਲੈਬ ਚਲਾਈ ਜਾ ਰਹੀ ਹੈ, ਜਿੱਥੇ ਮਿੱਟੀ ਅਤੇ ਬੋਰ ਦੇ ਪਾਣੀ ਦੀ ਪਰਖ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਲੈਬ ਵੱਲੋਂ ਦਿੱਤੀ ਜਾਣ ਵਾਲੀ ਰਿਪੋਰਟ ਵਿੱਚ ਟੈਸਟਿੰਗ ਕਰਨ ਉਪਰੰਤ ਸਾਇਲ ਹੈਲਥ ਕਾਰਡ ਬਣਾ ਕੇ ਕਿਸਾਨ ਨੂੰ ਜ਼ਮੀਨ 'ਚ ਮੌਜੂਦ ਯੂਰੀਆ, ਡੀ.ਏ.ਪੀ., ਪੋਟਾਸ਼, ਜ਼ਿੰਕ, ਮੈਗਨੀਜ਼, ਕਾਪਰ, ਲੋਹਾ ਅਤੇ ਹੋਰ ਤੱਤਾਂ ਦੀ ਮਾਤਰਾ ਦੱਸੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਠੀਕ ਰੱਖਣ ਲਈ ਕਿਸਾਨਾਂ ਨੂੰ ਇਹ ਪਤਾ ਹੋਣਾ ਲਾਜ਼ਮੀ ਹੈ ਕਿ ਕਿਹੜੇ ਤੱਤਾਂ ਦੀ ਵਰਤੋਂ ਉਨ੍ਹਾਂ ਨੇ ਕਿੰਨੀ, ਕਿਵੇਂ ਅਤੇ ਕਦੋਂ ਕਰਨੀ ਹੈ। ਉਦਾਹਰਨ ਲਈ ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਦੇ ਖੇਤ ਵਿੱਚ ਜ਼ਿੰਕ ਦੀ ਘਾਟ ਹੈ ਤਾਂ ਉਸਨੂੰ 21 ਫ਼ੀਸਦ ਜ਼ਿੰਕ, 20 ਕਿਲੋਂ ਪ੍ਰਤੀ ਏਕੜ ਕੱਦੂ ਕਰਨ ਤੋਂ 7 ਦਿਨਾਂ ਦੇ ਅੰਦਰ-ਅੰਦਰ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

ਭੂਮੀ ਪਰਖ ਲੈਬ ਦੇ ਇੰਚਾਰਜ ਡਾ. ਸਰਬਜੀਤ ਸਿੰਘ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ 97 ਪ੍ਰਤੀਸ਼ਤ ਖੇਤਾਂ ਵਿੱਚ ਫ਼ਾਸਫ਼ੋਰਸ ਦੀ ਮਾਤਰਾ ਬਹੁਤ ਹੈ ਅਤੇ ਇਸ ਕਰ ਕੇ ਕਿਸਾਨ ਮਿੱਟੀ ਦੀ ਪਰਖ ਕਰਵਾਉਣ ਤੋਂ ਬਿਨਾਂ ਝੋਨੇ ਵਿੱਚ ਡੀ.ਏ.ਪੀ ਖਾਦ ਨਾ ਪਾਉਣ। ਉਨ੍ਹਾਂ ਇਹ ਵੀ ਦੱਸਿਆ ਕਿ 99 ਪ੍ਰਤੀਸ਼ਤ ਖੇਤਾਂ ਵਿੱਚ ਪੋਟਾਸ, ਕਾਪਰ ਅਤੇ ਸਲਫ਼ਰ ਅਤੇ 94 ਪ੍ਰਤੀਸ਼ਤ ਖੇਤਾਂ ਵਿੱਚ ਮੈਗਨੀਜ਼ ਬਹੁਤ ਹੈ।

ਉਹਨਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸਾਨ ਇਹਨਾਂ ਖਾਦਾਂ ਦੀ ਝੋਨੇ ਵਿੱਚ ਵਰਤੋਂ ਨਾ ਕਰ ਕੇ ਆਪਣੇ ਪੈਸੇ ਬਚਾ ਸਕਦੇ ਹਨ। ਉਹਨਾਂ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਯੂਰੀਆ ਖਾਦ ਇੱਕ ਵਾਰ ਵਿੱਚ 25 ਕਿਲੋ ਤੋਂ ਵੱਧ ਨਾ ਪਾਇਆ ਜਾਵੇ ਅਤੇ ਉਹ ਵੀ ਸ਼ਾਮ ਵੇਲੇ ਘੱਟੋ-ਘੱਟ ਪਾਣੀ ਵਿੱਚ ਪਾਇਆ ਜਾਵੇ। ਇਸ ਤਰ੍ਹਾਂ ਕਿਸਾਨ ਯੂਰੀਆ ਦੀ ਘੱਟ ਵਰਤੋਂ ਕਰ ਕੇ ਵੀ ਵਧੀਆ ਫ਼ਸਲ ਲੈ ਸਕਦੇ ਹਨ।