ਖੇਤੀ ਬਿਲਾਂ ਦਾ ਵਿਰੋਧ: ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਆਵਾਜਾਈ ਠੱਪ, ਕਈ ਥਾਈਂ ਬਜ਼ਾਰ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਵਿਚ ਬੰਦ ਦੇ ਸੱਦੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

Punjab Band

ਚੰਡੀਗੜ੍ਹ: ਕਿਸਾਨ ਵਿਰੋਧੀ ਬਿਲਾਂ ਖ਼ਿਲਾਫ਼ ਅੱਜ ਪੰਜਾਬ ਵਿਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਚਲਦਿਆਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਈ ਜ਼ਿਲ੍ਹਿਆਂ ਵਿਚ ਸਵੇਰ ਤੋਂ ਹੀ ਆਵਾਜਾਈ ਠੱਪ ਹੈ। ਇਸ ਤੋਂ ਇਲਾਵਾ ਬੱਸਾਂ ਦਾ ਵੀ ਚੱਕਾ ਜਾਮ ਰਿਹਾ।

ਅੰਮ੍ਰਿਤਸਰ ਵਿਚ ਸਵੇਰ ਤੋਂ ਆਵਾਜਾਈ ਬੰਦ

ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਬਿਲਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਅੰਮ੍ਰਿਤਸਰ ਵਿਚ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਜ਼ਿਲ੍ਹੇ ਵਿਚ ਸਵੇਰ ਤੋਂ ਹੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਬਜ਼ਾਰ ਵਿਚ ਵੀ ਦੁਕਾਨਾਂ ਨੂੰ ਬੰਦ ਰੱਖਿਆ ਗਿਆ। ਹਰੇਕ ਵਰਗ ਦੇ ਲੋਕਾਂ ਵੱਲੋਂ ਕਿਸਾਨਾਂ ਦੀ ਇਸ ਲੜਾਈ ਵਿਚ ਸਮਰਥਨ ਕੀਤਾ ਜਾ ਰਿਹਾ ਹੈ। ਸ਼ਹਿਰ ਵਿਚ ਜ਼ਿਲ੍ਹਾ ਪੁਲਿਸ ਵੱਲ਼ੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਕਿਸਾਨਾਂ ਨੇ ਜਾਮ ਕੀਤਾ ਜਲੰਧਰ-ਹੁਸ਼ਿਆਰਪੁਰ ਰੋਡ

ਖੇਤੀ ਬਿਲਾਂ ਦੇ ਭਾਰੀ ਵਿਰੋਧ ਦੇ ਚਲਦਿਆਂ ਕਿਸਾਨਾਂ ਨੇ ਜਲੰਧਰ-ਹੁਸ਼ਿਆਰਪੁਰ ਰੋਡ ਨੂੰ ਪੂਰੀ ਤਰ੍ਹਾਂ ਜਾਮ ਕੀਤਾ  ਹੈ। ਕਿਸਾਨ ਭਰਾਵਾਂ ਦੇ ਬੰਦ ਦੇ ਸੱਦੇ ਨੂੰ ਮਜ਼ਦੂਰ, ਕਲਾਕਾਰਾਂ, ਸਮਾਜਕ, ਧਾਰਮਿਕ  ਅਤੇ ਹੋਰ ਜਥੇਬੰਦੀਆਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਵਿਰੋਧ ਦੇ ਚਲਦਿਆਂ  ਸ਼ਹਿਰਾਂ ਵਿਚ ਹਰ ਤਰ੍ਹਾਂ ਦੀਆਂ ਦੁਕਾਨਾਂ ਬੰਦ ਹਨ ਤੇ ਸਮਾਨ ਦੀ ਸਪਲਾਈ ਵੀ ਰੋਕੀ ਗਈ ਹੈ।

ਪਠਾਨਕੋਟ-ਚੰਡੀਗੜ੍ਹ ਮਾਰਗ ਵੀ ਬੰਦ

ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿਖੇ ਚੰਡੀਗੜ੍ਹ- ਪਠਾਨਕੋਟ ਮਾਰਗ ਨੂੰ ਵੀ ਜਾਮ ਕਰ ਦਿੱਤਾ ਗਿਆ ਹੈ।

ਬੰਦ ਨੂੰ ਸਰਹੱਦੀ ਖੇਤਰਾਂ ਵਿਚ ਵੀ ਮਿਲ ਰਿਹੈ ਸਮਰਥਨ

ਖੇਤੀ ਬਿਲਾਂ ਖਿਲਾਫ਼ ਮੋਦੀ ਸਰਕਾਰ ਦੇ ਵਿਰੋਧ ਵਿਚ ਪੰਜਾਬ ਬੰਦ ਦੇ ਸੱਦੇ ਨੂੰ ਸਰਹੱਦੀ ਖੇਤਰਾਂ ਵਿਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲ਼੍ਹਾ ਤਰਨਤਾਰਨ ਦੇ ਸਰਹੱਦੀ ਖੇਤਰ ਵਿਚ ਵੀ ਆਵਾਜਾਈ ਅਤੇ ਬਜ਼ਾਰ ਬੰਦ ਹਨ। ਕਿਸਾਨ ਜਥੇਬੰਦੀਆਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਲੁਧਿਆਣਾ, ਪਟਿਆਲਾ, ਨਾਭਾ ਤੇ ਮਾਨਸਾ ਵਿਖੇ ਵੀ ਕੀਤਾ ਜਾ ਰਿਹੈ ਭਾਰੀ ਪ੍ਰਦਰਸ਼ਨ

ਪੰਜਾਬ ਵਿਚ ਜ਼ਿਲ੍ਹਾ ਲੁਧਿਆਣਾ, ਪਟਿਆਲਾ, ਮਾਨਸਾ ਅਤੇ ਨਾਭਾ ਵਿਖੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਤੋਂ ਇਲਾਵਾ ਕਲਾਕਾਰ ਅਤੇ ਹੋਰ ਦਿੱਗਜ਼ ਹਸਤੀਆਂ ਵੀ ਕਿਸਾਨਾਂ ਦਾ ਸਾਥ ਦੇ ਰਹੀਆਂ ਹਨ।.