ਪੰਜਾਬ ਦੇ ਕਿਸਾਨਾਂ ਵੱਲੋਂ ਫਸਲੀ ਵੰਨ-ਸੁਵੰਨਤਾ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਨਰਮੇ ਦੀ ਕਾਸ਼ਤ ਹੇਠ 12.5 ਲੱਖ ਏਕੜ ਰਕਬਾ ਲਿਆਉਣ ਦਾ ਮਿੱਥਿਆ ਟੀਚਾ ਪੂਰਾ ਹੋਣ ਦੇ ਨੇੜੇ, ਹੁਣ ਤੱਕ 10 ਲੱਖ ਤੋਂ ਵੱਧ ਏਕੜ ’ਚ ਹੋਈ ਬੀਜਾਂਦ-ਵਿਸਵਾਜੀਤ ਖੰਨਾ

Photo

ਚੰਡੀਗੜ, 26 ਮਈ : ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਵਿਆਪਕ ਪੱਧਰ ’ਤੇ ਆਰੰਭੇ ਫਸਲੀ ਵੰਨ-ਸੁਵੰਨਤਾ ਪ੍ਰੋਗਰਾਮ ਨੂੰ ਕਿਸਾਨਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ। ਸਾਲ 2020 ਵਿੱਚ ਨਰਮੇ ਦੀ ਕਾਸ਼ਤ ਹੇਠ 12.5 ਲੱਖ ਰਕਬਾ ਲਿਆਉਣ ਦਾ ਟੀਚਾ ਲਗਪਗ ਪੂਰਾ ਹੋਣ ਦੇ ਨੇੜੇ ਹੈ ਜਦਕਿ ਪਿਛਲੇ ਸਾਲ 9.7 ਲੱਖ ਏਕੜ ਸੀ। ਕਿਸਾਨਾਂ ਨੂੰ ਝੋਨੇ ਦੀ ਥਾਂ ਬਦਲੀਆਂ ਫਸਲਾਂ ਵੱਲ ਮੋੜਨ ਨਾਲ ਸੂਬੇ ਦੇ ਪਾਣੀ ਵਰਗੇ ਬਹੁਮੁੱਲੇ ਕੀਮਤੀ ਵਸੀਲੇ ਨੂੰ ਬਚਾਉਣ, ਜ਼ਮੀਨ ਦੀ ਉਪਜਾੳੂ ਸ਼ਕਤੀ ਵਿੱਚ ਸੁਧਾਰ ਲਿਆਉਣ, ਸਰਦੀਆਂ ਵਿੱਚ ਪਰਾਲੀ ਸਾੜਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਮਿਲੇਗੀ ਜਿਸ ਨਾਲ ਵਾਤਾਵਰਣ ਵਿੱਚ ਸੁਧਾਰ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਇਨਾਂ ਜ਼ਿਲਿਆਂ ਵਿੱਚ ਹੁਣ ਤੱਕ 10 ਲੱਖ ਏਕੜ ਤੋਂ ਵੱਧ ਰਕਬੇ ਵਿੱਚ ਨਰਮੇ ਦੀ ਬੀਜਾਂਦ ਕੀਤੀ ਜਾ ਚੁੱਕੀ ਹੈ ਅਤੇ ਮਿੱਥਿਆ ਹੋਇਆ ਟੀਚਾ ਬਹੁਤ ਛੇਤੀ ਪੂਰਾ ਕੀਤਾ ਜਾਵੇਗਾ।

ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕੋਵਿਡ-19 ਕਾਰਨ ਕਰਫਿਊ/ਤਾਲਾਬੰਦੀ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਨੇ ਬੀਟੀ ਕਾਟਨ ਦੇ ਬੀਜ ਅਤੇ ਖਾਦਾਂ ਆਦਿ ਦੇ ਸਮੇਂ ਸਿਰ ਪ੍ਰਬੰਧ ਕਰ ਲਏ ਸਨ ਜਿਸ ਨਾਲ ਨਰਮੇ ਦੀ ਬੀਜਾਂਦ ਵਿੱਚ ਕੋਈ ਰੁਕਾਵਟ ਨਹੀਂ ਆਈ। ਉਨਾਂ ਦੱਸਿਆ ਕਿ ਪੰਜਾਬ ਦੇ ਦੱਖਣੀ ਪੱਛਮੀ ਜ਼ਿਲਿਆਂ ਵਿੱਚ ਨਰਮਾ, ਸਾਉਣੀ ਦੀ ਦੂਜੀ ਵੱਡੀ ਰਵਾਇਤੀ ਫਸਲ ਹੈ ਜਿਸ ਕਰਕੇ ਸੂਬੇ ਦਾ ਇਹ ਇਲਾਕਾ ‘ਨਰਮਾ ਪੱਟੀ’ ਨਾਲ ਵੀ ਮਸ਼ੂਹਰ ਹੈ। ਉਨਾਂ ਦੱਸਿਆ ਕਿ ਮਾਲਵਾ ਪੱਟੀ ਦੇ ਇਨਾਂ ਜ਼ਿਲਿਆਂ ਵਿੱਚ ਪਿਛਲੇ ਸਾਲ 9.80 ਲੱਖ ਏਕੜ (3.92 ਲੱਖ ਹੈਕਟੇਅਰ) ਰਕਬੇ ਵਿੱਚ ਨਰਮੇ ਦੀ ਬਿਜਾਈ ਹੋਈ ਅਤੇ ਸਰਕਾਰ ਨੇ ਇਸ ਸਾਲ 12.5 ਲੱਖ ਏਕੜ (5 ਲੱਖ ਹੈਕਟੇਅਰ) ਰਕਬਾ ਇਸ ਫਸਲ ਹੇਠ ਲਿਆਉਣ ਦਾ ਟੀਚਾ ਮਿੱਥਿਆ ਹੋਇਆ ਹੈ ਜੋ ਜੂਨ ਦੇ ਪਹਿਲੇ ਹਫ਼ਤੇ ਤੱਕ ਪੂਰਾ ਹੋਣ ਦੀ ਉਮੀਦ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਮਈ ਮਹੀਨੇ ਦੇ ਅਖੀਰ ਤੱਕ ਬੀਜਾਂਦ ਲਗਪਗ ਮੁਕੰਮਲ ਹੋ ਜਾਂਦੀ ਸੀ

ਪਰ ਇਸ ਵਾਰ ਕਣਕ ਦੀ ਵਾਢੀ 15 ਦਿਨ ਪੱਛੜ ਕੇ 15 ਮਈ ਤੋਂ ਸ਼ੁਰੂ ਹੋਣ ਨਾਲ ਬੀਜਾਂਦ ਦਾ ਕੰਮ ਕੁਝ ਦਿਨ ਅੱਗੇ ਪਿਆ ਹੈ। ਜ਼ਿਲਿਆਂ ਵਿੱਚ ਨਰਮੇ ਦੀ ਬੀਜਾਂਦ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਬਠਿੰਡਾ ਜ਼ਿਲੇ ਵਿੱਚ ਨਰਮੇ ਦੀ ਕਾਸ਼ਤ ਹੇਠ ਸਭ ਤੋਂ ਵੱਧ ਰਕਬਾ ਆਇਆ ਹੈ ਜਿੱਥੇ 3.39 ਲੱਖ ਏਕੜ ਰਕਬੇ ਵਿੱਚ ਬੀਜਾਂਦ ਹੋ ਚੁੱਕੀ ਹੈ। ਇਸ ਤੋਂ ਬਾਅਦ ਫਾਜ਼ਿਲਕਾ ਵਿੱਚ 2.38 ਲੱਖ ਏਕੜ, ਮਾਨਸਾ ਵਿੱਚ 2.10 ਲੱਖ ਏਕੜ, ਸ੍ਰੀ ਮੁਕਤਸਰ ਸਾਹਿਬ 2.02 ਲੱਖ ਏਕੜ, ਸੰਗਰੂਰ ਵਿੱਚ 7800 ਏਕੜ, ਫਰੀਦਕੋਟ ਵਿੱਚ 5800 ਏਕੜ, ਬਰਨਾਲਾ ਵਿੱਚ 1870 ਏਕੜ ਅਤੇ ਮੋਗਾ ਵਿੱਚ 1257 ਏਕੜ ਰਕਬੇ ਵਿੱਚ ਨਰਮੇ ਦੀ ਬੀਜਾਂਦ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਸਾਲ 2018 ਦੌਰਾਨ 6.62 ਲੱਖ ਏਕੜ ਰਕਬਾ ਨਰਮੇ ਦੀ ਕਾਸ਼ਤ ਹੇਠ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਸਾਲ 2019 ਵਿੱਚ ਇਸ ਰਕਬੇ ਨੂੰ ਵਧਾ ਕੇ 9.7 ਲੱਖ ਏਕੜ ਤੱਕ ਲਿਆਂਦਾ ਗਿਆ।

ਇਸੇ ਤਰਾਂ ਖੇਤੀਬਾੜੀ ਵਿਭਾਗ ਨੇ ਮੌਜੂਦਾ ਸਾਲ ਨਰਮੇ ਦੀ ਕਾਸ਼ਤ ਹੇਠ ਰਕਬਾ 9.7 ਲੱਖ ਏਕੜ ਤੋਂ ਵਧਾ ਕੇ 12.5 ਲੱਖ ਏਕੜ ਕਰਨ ਦੀ ਯੋਜਨਾ ਉਲੀਕੀ ਸੀ ਜੋ ਸਫਲਤਾਪੂਰਵਕ ਮੁਕੰਮਲ ਹੋਣ ਦੇ ਨੇੜੇ ਹੈ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਤੋਂ ਬੀਤੇ ਸੀਜ਼ਨ ਦੀ ਬਾਕੀ ਰਹਿੰਦੀ ਕਪਾਹ ਦੀ ਉਪਜ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਣ ਲਈ ਭਾਰਤੀ ਕਪਾਹ ਨਿਗਮ (ਸੀਸੀਆਈ) ਨਾਲ ਤਾਲਮੇਲ ਕੀਤਾ ਸੀ ਅਤੇ ਨਿਗਮ ਨੇ ਕਪਾਹ ਪੱਟੀ ਦੀਆਂ 19 ਮੰਡੀਆਂ ਚਾਲੂ ਕਰਕੇ ਫਸਲ ਦੀ ਖਰੀਦ ਕਰ ਲਈ ਸੀ। ਇੱਥੋਂ ਤੱਕ ਕਿ ਸੀ.ਸੀ.ਆਈ. ਨੇ ਅਗਲੇ ਸੀਜ਼ਨ ਦੌਰਾਨ ਕਪਾਹ ਦੀ ਖਰੀਦ ਲਈ ਆਪਣੇ ਸਮਰਥਨ ਦਾ ਭਰੋਸਾ ਵੀ ਦਿੱਤਾ ਹੈ। ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਨੇ ਸਬੰਧਤ ਵਿਭਾਗਾਂ ਦੀ ਸਹਾਇਤਾ ਨਾਲ ਖਾਲੀ ਪਲਾਟਾਂ, ਸੜਕਾਂ ਦੇ ਆਸੇ-ਪਾਸੇ, ਖੁੱਲੇ ਮੈਦਾਨ ਤੋਂ ਨਦੀਨ (ਜਿੱਥੇ ਅਕਸਰ ਚਿੱਟੀ ਮੱਖੀ ਜਮਾਂ ਹੁੰਦੀ ਹੈ) ਹਟਾਉਣ ਲਈ ਵੀ ਜ਼ੋਰਦਾਰ ਮੁਹਿੰਮ ਚਲਾਈ ਹੋਈ ਹੈ।

ਸੂਬਾ ਭਰ ਦੇ ਮੁੱਖ ਖੇਤੀਬਾੜੀ ਅਫਸਰਾਂ ਨੂੰ ਵੀ ਇਸ ਕਾਰਜ ਨੂੰ ਮਿਸ਼ਨ ਦੇ ਤੌਰ ’ਤੇ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ। ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਸੂਬੇ ਵਿੱਚ ਨਕਲੀ ਬੀਜਾਂ ਦੀ ਸਮਗਲਿੰਗ ਰੋਕਣ ਲਈ ਮੁੱਖ ਖੇਤੀਬਾੜੀ ਅਫਸਰਾਂ ਅਤੇ ਸਟਾਫ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿਉਂ ਜੋ ਇਹ ਬੀਜ ਰਸ ਚੂਸਣ ਵਾਲੇ ਕੀੜਿਆਂ ਨੂੰ ਆਕਰਿਸ਼ਤ ਕਰਦਾ ਹੈ ਜਿਸ ਨਾਲ ਫਸਲ ਨੂੰ ਭਾਰੀ ਨੁਕਸਾਨ ਹੁੰਦਾ ਹੈ। ਇਸੇ ਦੌਰਾਨ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਫਸਲੀ ਵੰਨ-ਸੁਵੰਨਤਾ ਪ੍ਰੋਗਰਾਮ ਨੂੰ ਹੋਰ ਵਧੇਰੇ ਕਾਮਯਾਬ ਬਣਾਉਣ ਲਈ ਉਨਾਂ ਨੇ ਨਰਮਾ ਪੱਟੀ ਦੇ ਜ਼ਿਲਿਆਂ ਦੇ ਦੌਰੇ ਕਰਕੇ ਸਬੰਧਤ ਮੁੱਖ ਖੇਤੀਬਾੜੀ ਅਫਸਰਾਂ ਅਤੇ ਫੀਲਡ ਸਟਾਫ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਨਰਮੇ ਦੀ ਬਿਜਾਈ ਮੌਕੇ ਨਰਮਾ ਉਤਪਾਦਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।