ਬਿਆਸ ਦਰਿਆ ਦੇ ਤੇਜ਼ ਵਹਾਅ ਵਿਚ 300 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਰੁੜ੍ਹੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਨੇ ਸਰਕਾਰ ਪਾਸੋਂ ਪੁਖਤਾ ਪ੍ਰਬੰਧ ਅਤੇ ਮੁਆਵਜ਼ੇ ਦੀ ਕੀਤੀ ਮੰਗ

Paddy crop

ਸ੍ਰੀ ਖਡੂਰ ਸਾਹਿਬ (ਕੁਲਦੀਪ ਸਿੰਘ ਮਾਨ ਰਾਮਪੁਰ) : ਬਿਆਸ ਦਰਿਆ ਦੇ ਕੰਢੇ ਮੰਡ ਖੇਤਰ ਵਿਚ ਵੱਖ-ਵੱਖ ਪਿੰਡਾਂ ਦਾਰਾਪੁਰ, ਵੈਰੋਵਾਲ, ਕੀੜੀਸ਼ਾਹੀ ਉਤੇ ਰਾਮਪੁਰ ਭੂਤਵਿੰਡ ਨਾਲ ਸਬੰਧਤ ਕਿਸਾਨਾਂ ਦੀ 300 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹਨ ਦਾ ਸਮਾਚਾਰ ਹੈ।

ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਉੇਕਤ ਪਿੰਡਾਂ ਨਾਲ ਸਬੰਧਤ ਪੀੜਤ ਕਿਸਾਨਾਂ ਨੇ ਦਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਵਲੋਂ ਪੁੱਤਾਂ ਵਾਂਗ ਪਾਲੀ ਜਾਂਦੀ ਹਜ਼ਾਰਾਂ ਏਕੜ ਫਸ਼ਲ ਹਰ ਸ਼ਾਲ ਪਾਣੀ ਦੇ ਤੇਜ ਵਹਾਅ ਦੀ ਭੇਟ ਚੜ੍ਹ ਜਾਂਦੀ ਹੈ। ਪਰ ਸਰਕਾਰ ਵਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਵਿੱਤੀ ਘਾਟਾ ਸ਼ਹਿਣ ਕਰਨਾ ਪੈਂਦਾ ਹੈ।

ਪੀੜਤ ਕਿਸਾਨਾਂ ਨੇ ਦਰਿਆ ਕੰਢੇ ਸਪੱਰ ਲਾਉਂਣ ਦੀ ਮੰਗ ਕਰਦਿਆਂ ਕਿਹਾ ਕਿ ਬੀਤੇ ਸਾਲ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆਂ, ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਵਲੋਂ ਇੱਥੇ ਆ ਕੇ ਦਰਿਆ ਕੰਢੇ ਮੰਡ ਖੇਤਰ ਦਾ ਮੌਕਾ ਦੇਖਿਆ ਗਿਆ ਸੀ 'ਤੇ ਉਨ੍ਹਾਂ ਵੱਲੋਂ ਭਰੋਸਾ ਦੁਵਾਇਆ ਗਿਆ ਸੀ ਕਿ ਤੁਹਾਡੀਆਂ ਜ਼ਮੀਨਾਂ ਬਚਾਉਣ ਲਈ ਪੱਕੇ ਪ੍ਰਬੰਧ ਕੀਤੇ ਜਾਣਗੇ।

ਪਰ ਇਸ ਮਸਲੇ ਦਾ ਕੋਈ ਠੋਸ ਹੱਲ ਨਹੀਂ ਕਢਿਆ ਗਿਆ ਉਤੇ ਬਿਆਸ ਦਰਿਆ ਦੀ ਭੇਟ ਚੜਦੀ ਜਮੀਨ ਨੂੰ ਰੁੜ੍ਹਨੋਂ ਬਚਾਉਣ ਲਈ ਬੀਤੇ ਵਰ੍ਹੇ ਪੰਜਾਬ ਸਰਕਾਰ ਵਲੋਂ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਜੋ ਨਾਂ ਕਾਫ਼ੀ ਸੀ।

ਇਸ ਗ੍ਰਾਂਟ ਨਾਲ ਢਾਹ ਨੂੰ ਰੋਕਣ ਲਈ ਮਿੱਟੀ ਦੇ ਬੋਰੇ ਭਰ ਕੇ ਲਗਾਏ ਗਏ ਸਨ ਪਰ ਪਾਣੀ ਦੇ ਤੇਜ਼ ਵਹਾਅ ਨੇ ਮਿੱਟੀ ਦੇ ਬੋਰੇ ਵੀ ਰੋੜ ਦਿਤੇ ਹਨ ਜਿਸ ਕਾਰਨ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ 300 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈ ਹੈ। ਇਸ ਮੌਕੇ ਪੀੜਤ ਕਿਸਾਨਾਂ ਵਲੋਂ ਫ਼ਸਲਾਂ ਨੂੰ ਰੁੜਨੋਂ ਬਚਾਉਣ ਲਈ ਪੰਜਾਬ ਸਰਕਾਰ ਪਾਸੋਂ ਪੱਕੇ ਸਪੱਰ ਲਾਉਣ ਅਤੇ ਝੋਨੇ ਦੀ ਰੁੜੀ ਫ਼ਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ।