ਕਿਸਾਨ ਵੀਰੋ ਸੰਘਰਸ਼ ਕਰੋ ਪਰ ਸਿਹਤ ਨੂੰ ਧਿਆਨ ਵਿਚ ਰੱਖ ਕੇ
ਪ੍ਰਦਰਸ਼ਨ ਕਰ ਰਹੇ ਕਿਸਾਨ ਵੀਰਾਂ ਨੂੰ ਇਕ ਅਪੀਲ
ਮੋਹਾਲੀ: ਕਿਸਾਨ ਵਿਰੋਧੀ ਬਿਲਾਂ ਖਿਲਾਫ਼ ਪੰਜਾਬ ਦੇ ਕੋਨੇ-ਕੋਨੇ ਵਿਚ ਕਿਸਾਨ ਵੀਰ ਪ੍ਰਦਰਸ਼ਨ ਕਰ ਰਹੇ ਹਨ। ਇਸ ਰੋਸ ਦੌਰਾਨ ਸਹਿਯੋਗ ਦੇਣ ਲਈ ਕਿਸਾਨ ਵੀਰ ਭਾਰੀ ਗਿਣਤੀ ਵਿਚ ਅੱਗੇ ਆ ਰਹੇ ਹਨ। ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਅਪਣੇ ਹੱਕਾਂ ਦੀ ਲੜਾਈ ਦੌਰਾਨ ਕਿਸਾਨ ਵੀਰ ਅਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰਦੇ ਨਜ਼ਰ ਆਏ।
ਬੀਤੇ ਦਿਨ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਇਸ ਸੱਦੇ ਨੂੰ ਪੰਜਾਬ ਦੇ ਹਰ ਪਿੰਡ-ਸ਼ਹਿਰ ਵਿਚ ਜ਼ਬਰਦਸਤ ਹੁੰਗਾਰਾ ਮਿਲਿਆ। ਪਰ ਇਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨ ਵੀਰ ਬਿਨਾਂ ਮਾਸਕ ਤੋਂ ਨਜ਼ਰ ਆਏ। ਭਾਰੀ ਇਕੱਠ ਹੋਣ ਕਾਰਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਵੀ ਵੱਡੇ ਪੱਧਰ ‘ਤੇ ਹੋਈ। ਕਿਸਾਨ ਵੀਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹਨਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਸਰਕਾਰ ਕੋਈ ਵੀ ਬਹਾਨਾ ਲੱਭ ਸਕਦੀ ਹੈ।
ਇਸ ਲਈ ਲੋੜ ਹੈ ਕਿ ਅਪਣੀ ਸਿਹਤ ਦਾ ਖਿਆਲ ਰੱਖ ਕੇ ਅਤੇ ਸਿਹਤ ਸਬੰਧੀ ਨਿਯਮਾਂ ਦੀ ਪਾਲਣ ਕਰ ਕੇ ਪ੍ਰਦਰਸ਼ਨ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਕਿਸਾਨ ਅਪਣੇ ਹੱਕਾਂ ਦੀ ਰਾਖੀ ਲਈ ਤੰਦਰੁਸਤ ਰਹਿ ਕੇ ਲੜਾਈ ਲੜ ਸਕਣ। ਧਰਨਿਆਂ ਵਿਚ ਕਈ ਬਜ਼ੁਰਗ ਕਿਸਾਨ ਵੀ ਪੂਰੇ ਜੋਸ਼ ਨਾਲ ਅਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਦੇ ਨਜ਼ਰ ਆਏ, ਇਸ ਦੌਰਾਨ ਉਹਨਾਂ ਨੇ ਅਪਣੀ ਸਿਹਤ ਦਾ ਭੋਰਾ ਵੀ ਖ਼ਿਆਲ ਨਹੀਂ ਕੀਤਾ।
ਕਿਸਾਨ ਵੀਰਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੇਕਰ ਧਰਨਿਆਂ ਦੌਰਾਨ ਕਿਸਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਤਾਂ ਸਰਕਾਰ ਇਹਨਾਂ ਧਰਨਿਆਂ ਅਤੇ ਮੋਰਚਿਆਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਸਕਦੀ ਹੈ। ਤਪਦੀ ਗਰਮੀ ਵਿਚ ਪੰਜਾਬ ਦੇ ਕਿਸਾਨਾਂ ਦਾ ਜੋਸ਼ ਦੇਖ ਕੇ ਕੇਂਦਰ ਸਰਕਾਰ ਖੇਤੀ ਬਿਲਾਂ ‘ਤੇ ਦੁਬਾਰਾ ਸੋਚਣ ਲਈ ਮਜਬੂਰ ਹੋ ਸਕਦੀ ਹੈ, ਪਰ ਇਸ ਗਰਮੀ ਅਤੇ ਮਹਾਂਮਾਰੀ ਕਾਰਨ ਬਿਮਾਰ ਹੋਏ ਕਿਸਾਨ ਵੀਰਾਂ ਨੂੰ ਠੀਕ ਹੋਣ ਲਈ ਭਾਰੀ ਖੇਚਲ ਕਰਨੀ ਪੈ ਸਕਦੀ ਹੈ।
ਸੂਬੇ ਦੇ ਨੌਜਵਾਨ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਉਹ ਇਹਨਾਂ ਮੋਰਚਿਆਂ ਵਿਚ ਆ ਕੇ ਅਪਣਿਆਂ ਬਜ਼ੁਰਗਾਂ ਦਾ ਖਿਆਲ ਰੱਖਣ ਤੇ ਸਿਹਤ ਨੂੰ ਧਿਆਨ ‘ਚ ਰੱਖ ਕੇ ਰੋਸ ਮੋਰਚਿਆਂ ਦੀ ਰਣਨੀਤੀ ਤਿਆਰ ਕਰਨ।