ਦਿੱਲੀ ਵੱਲ ਜਾਂਦੀਆਂ ਬੀਬੀਆਂ ਦਾ ਜੋਸ਼ ਵਧਾ ਰਿਹਾ ਕਿਸਾਨੀ ਸੰਘਰਸ਼ ਦੀ ਤਾਕਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸੰਘਰਸ਼ ਦੌਰਾਨ ਮਰਨ ਲਈ ਵੀ ਤਿਆਰ ਹਨ ਬਜ਼ੁਰਗ ਬੀਬੀਆਂ

Khanauri Border Protest

ਖਨੌਰੀ (ਚਰਨਜੀਤ ਸਿੰਘ ਸੁਰਖ਼ਾਬ): ਕਿਸਾਨੀ ਸੰਘਰਸ਼ ਦੇ ਚਲਦਿਆਂ ਪੰਜਾਬ ਦਾ ਹਰ ਵਰਗ ਯੋਗਦਾਨ ਦੇ ਰਿਹਾ ਹੈ। ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਵੱਲੋਂ ਵਧ ਚੜ੍ਹ ਕੇ ਕਿਸਾਨੀ ਸੰਘਰਸ਼ਾਂ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਕਿਸਾਨਾਂ ਦੇ 'ਦਿੱਲੀ ਚਲੋ' ਪ੍ਰੋਗਰਾਮ ਤਹਿਤ ਪੰਜਾਬ ਦੇ ਕਿਸਾਨ ਭਾਰੀ ਗਿਣਤੀ ਵਿਚ ਦਿੱਲੀ ਰਵਾਨਾ ਹੋਣ ਲਈ ਤਿਆਰ ਹਨ। 

ਇਹਨਾਂ ਦਾ ਸਾਥ ਦੇਣ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਬਜ਼ੁਰਗ ਬੀਬੀਆਂ ਵੀ ਪਹੁੰਚ ਰਹੀਆਂ ਹਨ।  ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਬੀਤੇ ਦਿਨ ਕਿਸਾਨ ਖਨੌਰੀ ਬਾਡਰ 'ਤੇ ਇਕੱਠੇ ਹੋਏ। ਇੱਥੇ ਕਿਸਾਨਾਂ ਦੇ ਨਾਲ-ਨਾਲ ਬਜ਼ੁਰਗ ਬੀਬੀਆਂ ਨੇ ਵੀ ਮੋਰਚਾ ਸੰਭਾਲਿਆ। 

ਧਰਨੇ ਦਾ ਹਿੱਸਾ ਬਣੀਆਂ ਬੀਬੀਆਂ ਵਿਚ ਕਾਫ਼ੀ ਜੋਸ਼ ਪਾਇਆ ਜਾ ਰਿਹਾ। ਬੀਬੀਆਂ ਦਾ ਇਹੀ ਜੋਸ਼ ਕਿਸਾਨੀ ਸੰਘਰਸ਼ ਦੀ ਤਾਕਤ ਬਣ ਰਿਹਾ ਹੈ। ਬੀਬੀਆਂ ਦਾ ਕਹਿਣਾ ਹੈ ਕਿ ਹੁਣ ਉਹ ਕਾਨੂੰਨ ਰੱਦ ਕਰਵਾ ਕੇ ਹੀ ਘਰ ਵਾਪਸ ਪਰਤਣਗੀਆਂ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਅਪਣੀ ਜਾਨ ਵੀ ਦੇਣੀ ਪਈ ਤਾਂ ਉਹ ਤਿਆਰ ਹਨ।

ਬਾਡਰ 'ਤੇ ਚੱਲ ਰਹੇ ਧਰਨੇ ਵਿਚ ਬੀਬੀਆਂ ਨੇ ਲੰਗਰ ਦੀ ਸੇਵਾ ਵੀ ਕੀਤੀ। ਇਹਨਾਂ ਬੀਬੀਆਂ ਦੀ ਉਮਰ 65 ਸਾਲ ਤੋਂ ਉਪਰ ਹੈ। ਇਕ 70 ਸਾਲ ਦੀ ਬਜ਼ੁਰਗ ਮਾਤਾ ਨੇ ਦੱਸਿਆ ਕਿ ਉਸ ਨੇ ਅਪਣੇ ਜੀਵਨ ਵਿਚ ਇਹੋ ਜਿਹੇ ਹਾਲਾਤ ਕਦੀ ਨਹੀਂ ਦੇਖੇ। ਉਹਨਾਂ ਕਿਹਾ ਕਿ ਉਹ ਲਗਭਗ ਢਾਈ ਮਹੀਨੇ ਤੋਂ ਸੜਕਾਂ 'ਤੇ ਰੁਲ਼ ਰਹੇ ਹਨ। ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ।

ਬੀਬੀਆਂ ਦਾ ਕਹਿਣਾ ਹੈ ਕਿ ਲੜਾਈ ਬਹੁਤ ਲੰਬੀ ਹੈ ਪਰ ਅਸੀਂ ਲੜਾਂਗੇ, ਜਿਵੇਂ ਮਾਈ ਭਾਗੋ ਨੇ ਜੰਗ ਫਤਿਹ ਕੀਤੀ ਸੀ, ਉਸੇ ਤਰ੍ਹਾਂ ਉਹ ਵੀ ਜੰਗ ਫਤਿਹ ਕਰਨਗੀਆਂ। ਬੀਬੀਆਂ ਨੇ ਦੱਸਿਆ ਕਿ ਉਹ ਅਪਣੇ ਘਰ ਵਿਚ ਦਾਣਾ-ਪਾਣੀ ਪੂਰਾ ਕਰਕੇ ਆਈਆਂ ਹਨ ਤੇ ਅਪਣੇ ਬੱਚਿਆਂ ਨੂੰ ਕਹਿ ਕੇ ਆਈਆਂ ਹਨ ਕਿ ਹੁਣ ਉਦੋਂ ਹੀ ਵਾਪਸ ਆਉਣਗੀਆਂ ਜਦੋਂ ਕਾਨੂੰਨ ਰੱਦ ਹੋਣਗੇ।

ਰੋਸ ਵਿਚ ਆਈਆਂ ਬੀਬੀਆਂ ਨੇ ਮੋਦੀ ਸਰਕਾਰ ਨੂੰ ਜੰਮ ਕੇ ਝਾੜ ਪਾਈ। ਬੀਬੀਆਂ ਨੇ ਕਿਹਾ ਕਿ ਉਹਨਾਂ ਨੂੰ ਹੁਣ ਪੁਲਿਸ ਦੀਆਂ ਡਾਂਗਾਂ ਦਾ ਕੋਈ ਡਰ ਨਹੀਂ, ਉਹ ਸਾਰੇ ਬਾਡਰ ਤੋੜ ਕੇ ਅੱਗੇ ਵਧਣਗੇ। ਇਹਨਾਂ ਮਾਤਾਵਾਂ ਦਾ ਜੋਸ਼ ਕਿਸਾਨੀ ਸੰਘਰਸ਼ ਦੀ ਤਾਕਤ ਨੂੰ ਦੁੱਗਣਾ ਕਰ ਰਿਹਾ ਹੈ।