Farmers Protest: ਕਿਸਾਨ ਜਥੇਬੰਦੀਆਂ ਹਾਲੇ ਵੀ ਨਹੀਂ ਹੋ ਰਹੀਆਂ ਇਕਜੁਟ; ਦੋਹਾਂ ਕਿਸਾਨ ਮੋਰਚਿਆਂ ਨੇ ਇਕੋ ਦਿਨ ਕੀਤੇ ਵੱਖੋ-ਵਖਰੇ ਐਕਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਦਿੱਲੀ ਕੂਚ ਮੋਰਚੇ ਵਲੋਂ ਕੇਂਦਰ ਵਿਰੁਧ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਜਦਕਿ ਸੰਯੁਕਤ ਕਿਸਾਨ ਮੋਰਚੇ ਨੇ ਕੌਮੀ ਅਤੇ ਰਾਜ ਮਾਰਗਾਂ ਉਪਰ ਟਰੈਕਟਰ ਖੜੇ ਕਰ ਕੇ ਦਰਜ ਕਰਵਾਇਆ ਰੋਸ

Farmers Protest

Farmers Protest: ਪੰਜਾਬ ਹਰਿਆਣਾ ਦੇ ਬਾਰਡਰਾਂ ਉਪਰ ਭਾਰੀ ਪੁਲਿਸ ਜਬਰ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਦੀ ਸ਼ਰੀਕੇਬਾਜ਼ੀ ਅਤੇ ਪ੍ਰਮੁੱਖ ਆਗੂਆਂ ਦੀ ਹਊਮੈ ਕਾਰਨ ਸਾਰੀਆਂ ਜਥੇਬੰਦੀਆਂ ਇਕਜੁਟ ਨਹੀਂ ਹੋ ਰਹੀਆਂ ਅਤੇ ਬੀਤੇ ਦਿਨ ਵੀ ਦੋਵੇਂ ਮੋਰਚਿਆਂ ਵਲੋਂ ਵੱਖੋ ਵਖਰੇ ਐਕਸ਼ਨ ਕਰ ਕੇ ਸਮਾਂਤਰ ਪ੍ਰੋਗਰਾਮ ਕੀਤੇ ਗਏ। ਇਹ ਗੱਲ ਕੇਂਦਰ ਸਰਕਾਰ ਲਈ ਕਿਸਾਨ ਲਹਿਰ ਨੂੰ ਕਮਜ਼ੋਰ ਕਰਨ ਲਈ ਕਿਸਾਨ ਆਗੂਆਂ ਵਿਚ ਪਾਟੋਧਾੜ ਪੈਦਾ ਕਰਨ ਲਈ ਸਹਾਈ ਸਾਬਤ ਹੋ ਰਹੀ ਹੈ। ਜਿਥੇ ਦਿੱਲੀ ਕੂਚ ਮੋਰਚੇ ਦੇ ਸੱਦੇ ਉਪਰ ਡਬਲਿਊ ਟੀ ਓ ਅਤੇ ਹਰਿਆਣਾ ਸਰਕਾਰ ਦੇ ਪੁਲਿਸ ਜਬਰ ਅਤੇ ਐਮ.ਐਸ.ਪੀ. ਦੇ ਗਰੰਟੀ ਕਾਨੂੰਨ ਅਤੇ ਕਰਜ਼ਾ ਮਾਫ਼ੀ ਮੰਗ ਨੂੰ ਲੈ ਕੇ ਪੰਜਾਬ ਭਰ ਵਿਚ ਅਰਥੀ ਫੂਕ ਮੁਜ਼ਾਹਰੇ ਕਰ ਕੇ ਰੋਸ ਪ੍ਰਗਟ ਕੀਤਾ ਗਿਆ, ਉਥੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵਲੋਂ ਵੀ ਇਨ੍ਹਾਂ ਹੀ ਮੰਗਾਂ ਨੂੰ ਲੈ ਕੇ ਦੇਸ਼ ਪਧਰੀ ਸੱਦੇ ਉਪਰ ਕੌਮੀ ਤੇ ਰਾਜ ਮਾਰਗਾਂ ਉਪਰ ਇਕ ਲਾਈਨ ਵਿਚ ਟਰੈਕਟਰ ਖੜੇ ਕਰ ਕੇ ਕੇਂਦਰ ਸਰਕਾਰ ਵਿਰੁਧ ਰੋਸ ਪ੍ਰਗਟ ਕੀਤਾ ਗਿਆ।

ਦਿੱਲੀ ਕੂਚ ਮੋਰਚੇ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ, ਕਿਸਾਨ ਭਲਾਈ ਕਮੇਟੀ ਦੇ ਆਗੂ ਬਲਦੇਵ ਸਿੰਘ ਸਿਰਸਾ ਅਤੇ ਦੋਆਬਾ ਯੂਨੀਅਨ ਦੇ ਆਗੂ ਮਨਜੀਤ ਸਿੰਘ ਰਾਏ ਕਰ ਰਹੇ ਹਨ, ਜਦਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਕਰਨ ਵਾਲਿਆਂ ਵਿਚ ਬੀ.ਕੇ.ਯੂ. ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨਪਾਲ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਮੁੱਖ ਤੌਰ ’ਤੇ ਕਰ ਰਹੇ ਹਨ। ਮੰਗਾਂ ਇਕ ਹਨ ਪਰ ਐਕਸ਼ਨ ਦੇ ਸੱਦੇ ਵੱਖੋ ਵਖਰੇ ਤੇ ਉਹ ਵੀ ਇਕੋ ਹੀ ਦਿਨ ਜਦਕਿ ਆਮ ਕਿਸਾਨ ਇਸ ਸਮੇਂ ਦਿੱਲੀ ਵਰਗੀ ਏਕਤਾ ਚਾਹੁੰਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਕੂਚ ਬਾਰੇ ਮੋਰਚੇ ਦੇ ਸੱਦੇ ਉਪਰ ਕਿਸਾਨ ਮਜ਼ਦੂਰ ਜਥੇਬੰਦੀ ਨੇ ਖੱਟਰ ਤੇ ਮੋਦੀ ਸਰਕਾਰ ਵਲੋਂ 21 ਫ਼ਰਵਰੀ ਨੂੰ 21 ਸਾਲਾਂ ਨੌਜਵਾਨ ਸ਼ੁਭਕਰਨ ਸਿੰਘ ਦੇ ਕੀਤੇ ਕਤਲ ਤੇ ਜ਼ਬਰ ਵਿਰੁਧ ਪੰਜਾਬ ਦੇ 19 ਜ਼ਿਲ੍ਹਿਆਂ ਵਿਚ 117 ਥਾਵਾਂ ਉਤੇ ਪੁਤਲੇ ਫੂਕ ਮੁਜ਼ਾਹਰੇ ਕੀਤੇ ਅਤੇ ਘਰਾਂ ਉਤੇ ਕਾਲੇ ਝੰਡੇ ਲਗਾਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਖੱਟਰ ਦੇ ਪੁਤਲੇ ਫੂਕੇ ਗਏ। ਸੂਬਾ ਆਗੂ ਸਤਨਾਮ ਸਿੰਘ ਪਨੂੰ ਨੇ ਦਸਿਆ ਕਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵਲੋਂ ਸ਼ਮੂਲੀਅਤ ਕੀਤੀ ਗਈ ਹੈ। ਹਰਿਆਣੇ ਦੀ ਖੱਟਰ ਸਰਕਾਰ ਨੂੰ ਸਖ਼ਤ ਚਿਤਾਵਨੀ ਦਿਤੀ ਗਈ। ਸ਼ੰਭੂ ਅਤੇ ਖਨੌਰੀ ਬਾਰਡਰਾਂ ਉਪਰ ਵੀ ਹਰਿਆਣਾ ਪੁਲਿਸ ਦੇ ਜਬਰ ਅਤੇ ਕਿਸਾਨੀ ਮੰਗਾਂ ਅਤੇ ਡਬਲਿਊਟੀਓ ਵਿਰੁਧ ਰੋਸ ਮੁਜ਼ਾਹਰੇ ਕਰਦੇ ਹੋਏ ਸ਼ਾਂਤਮਈ ਅੰਦੋਲਨ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾ. ਦਰਸ਼ਨਪਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋਂ 13 ਜ਼ਿਲ੍ਹਿਆਂ ਵਿਚ 50 ਥਾਵਾਂ ’ਤੇ ਟਰੈਕਟਰ ਖੜੇ ਕਰ ਕੇ ਡਬਲਿਊਟੀਓ ਦੀਆਂ ਨੀਤੀਆਂ ਅਤੇ ਕਿਸਾਨੀ ਮੰਗਾਂ ਲਈ ਆਵਾਜ਼ ਬੁਲੰਦ ਕੀਤੀ ਗਈ ਅਤੇ ਡਬਲਿਊਟੀਓ ਦੇ ਦਿਉਕੱਦ ਪੁਤਲੇ ਸਾੜੇ ਗਏ।

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਦੇ 16 ਜ਼ਿਲ੍ਹਿਆਂ ਵਿਚ 44 ਥਾਂਵਾਂ ’ਤੇ ਡਬਲਯੂ ਟੀ ਓ ਦੇ ਪੁਤਲਾ ਫੂਕ ਮੁਜ਼ਾਹਰੇ ਕੀਤੇ ਗਏ। 21 ਸਾਲ ਦੇ ਜੁਝਾਰੂ ਨੌਜਵਾਨ ਸ਼ੁਭਕਰਨ ਸਿੰਘ ਬੱਲ੍ਹੋ ਦੇ ਕਤਲ ਲਈ ਜ਼ਿਮੇਵਾਰ ਰਾਜਸੀ ਆਗੂਆਂ ਅਮਿਤ ਸ਼ਾਹ, ਮਨੋਹਰ ਲਾਲ ਖੱਟੜ ਤੇ ਅਨਿਲ ਵਿਜ ਉਤੇ 302 ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਪੁਤਲਾ ਫੂਕ ਮੁਜ਼ਾਹਰਿਆਂ ਵਿਚ ਹਜ਼ਾਰਾਂ ਟਰੈਕਟਰਾਂ ਸਹਿਤ ਕੁਲ ਮਿਲਾ ਕੇ ਸੈਂਕੜਿਆਂ ਦੀ ਤਾਦਾਦ ਵਿਚ ਨੌਜਵਾਨਾਂ ਤੇ ਔਰਤਾਂ ਸਮੇਤ ਕੁਲ ਮਿਲਾ ਕੇ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਉਹ ਰੋਹ ਭਰਪੂਰ ਨਾਹਰਿਆਂ ਰਾਹੀਂ ‘ਭਾਰਤ ਸਰਕਾਰ ਡਬਲਯੂ ਟੀ ਓ ਤੋਂ ਬਾਹਰ ਆਉ’ ਦੀ ਮੰਗ ਉੱਤੇ ਵਿਸ਼ੇਸ਼ ਜ਼ੋਰ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਨਵੀਂ ਦਿੱਲੀ ਵਿਖੇ 14 ਮਾਰਚ ਨੂੰ ਦੇਸ਼ ਪਧਰੀ ਮਹਾਂਪੰਚਾਇਤ ਰਾਹੀਂ ਕੇਂਦਰ ਸਰਕਾਰ ਨੂੰ ਵੱਡਾ ਹਲੂਣਾ ਦਿਤਾ ਜਾਵੇਗਾ। ਪੰਜਾਬ ਭਰ ਵਿਚ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ 37 ਜਥੇਬੰਦੀਆਂ ਵਲੋਂ ਕੀਤੇ ਗਏ ਐਕਸ਼ਨ ਕਾਰਨ ਕੌਮੀ ਅਤੇ ਰਾਜਾਂ ਮਾਰਗਾਂ ਉਪਰ ਸੜਕਾਂ ਦੇ ਇਕ ਪਾਸੇ ਟਰੈਕਟਰਾਂ ਦੀਆਂ ਕਈ ਕਈ ਕਿਲੋਮੀਟਰ ਲੰਮੀਆਂ ਲਾਈਨਾਂ ਲੱਗੀਆਂ। ਟਰੈਕਟਰ ਬਿਨਾਂ ਆਵਾਜਾਈ ਵਿਚ ਵਿਘਨ ਪਾਏ ਸੜਕਾਂ ਦੇ ਇਕ ਪਾਸੇ ਖੜੇ ਕੀਤੇ ਗਏ ਸਨ।