ਦਿੱਲੀ ਜਾਣ ਵਾਲੇ ਕਿਸਾਨਾਂ ਦੇ ਜਥੇ 'ਚ ਸ਼ਾਮਲ ਕਿਸਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲੀ ਚਹਿਲਾਂਵਾਲੀ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ

Farmer Protest

ਮਾਨਸਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਗਏ 'ਦਿੱਲੀ ਚਲੋ' ਪ੍ਰੋਗਰਾਮ ਤਹਿਤ ਦਿੱਲੀ ਜਾ ਰਹੇ ਕਿਸਾਨਾਂ ਦੇ ਜਥੇ ਵਿਚ ਸ਼ਾਮਲ ਇਕ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਦਾ ਰਿਹਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲੀ ਚਹਿਲਾਂਵਾਲੀ ਦੇ ਰਹਿਣ ਵਾਲੇ ਕਿਸਾਨ ਦੀ ਸੜਕ ਹਾਦਸੇ ਵਿਚ ਮੌਤ ਹੋਈ, ਇਕ ਹੋਰ ਕਿਸਾਨ ਜ਼ਖਮੀ ਦੱਸਿਆ ਜਾ ਰਿਹਾ ਹੈ।

ਘਟਨਾ ਦੀ ਜਾਣਕਾਰੀ ਦਿੰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਵਾਪਰਿਆ। ਉਹਨਾਂ ਦੱਸਿਆ ਕਿ ਜਦੋਂ ਕਿਸਾਨ ਹਰਿਆਣਾ ਦੇ ਰੋਹਤਕ ਅਤੇ ਹਾਂਸੀ ਵਿਚਕਾਰ ਪਿੰਡ ਮੁਢਾਲ ਕੋਲ ਅਪਣੇ ਟਰੈਕਟਰ ਰਾਹੀਂ ਅੱਗੇ ਵੱਧ ਰਹੇ ਸੀ ਤਾਂ ਇਕ ਟਰਾਲੇ ਨੇ ਉਹਨਾਂ ਨੂੰ ਪਿੱਛੋਂ ਟੱਕਰ ਮਾਰੀ।

ਜਿਸ ਦੇ ਚਲਦਿਆਂ ਕਿਸਾਨ ਦੀ ਮੌਤ ਹੋ ਗਈ ਜਦਕਿ ਕਿਸਾਨ ਦੇ ਪਿੰਡ ਦਾ ਇਕ ਹੋਰ ਨੌਜਵਾਨ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਕਿਸਾਨ ਧੰਨਾ ਸਿੰਘ (45) ਪੁੱਤਰ ਗੁਰਜੰਟ ਸਿੰਘ ਖਿਆਲੀ ਚਹਿਲਾਂ ਵਾਲੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ।