ਨੁਕਸਾਨ ਦੇ ਮੁਆਵਜ਼ੇ ਤੇ ਫ਼ਸਲ ਦੀ ਸਮੇਂ ਸਿਰ ਅਦਾਇਗੀ ਨੇ ਕਿਸਾਨ ਕੀਤੇ ਖ਼ੁਸ਼

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਸਾਨਾਂ ਨੇ ਕਿਹਾ - ਪਹਿਲੀ ਵਾਰ ਥੋੜੇ ਸਮੇਂ ਵਿਚ ਹੋਈ ਨੁਕਸਾਨ ਦੀ ਭਰਪਾਈ  

Punjab News

ਫਾਜ਼ਿਲਕਾ : ਇੱਕ ਪਾਸੇ ਜਿੱਥੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਉਨ੍ਹਾਂ ਵੱਲੋਂ ਵੇਚੀ ਜਾ ਰਹੀ ਕਣਕ ਦੀ ਅਦਾਇਗੀ ਆ ਰਹੀ ਹੈ ਉਥੇ ਕੁਝ ਕਿਸਾਨ ਅਜਿਹੇ ਵੀ ਸਨ ਜਿੰਨ੍ਹਾਂ ਦੀ ਫਸਲ ਮਾਰਚ ਮਹੀਨੇ ਪਈ ਬੇਮੌਸਮੀ ਬਰਸਾਤ ਕਾਰਨ ਨੁਕਸਾਨੀ ਗਈ ਸੀ, ਪਰ ਪੰਜਾਬ ਸਰਕਾਰ ਦੇ ਉਪਰਾਲੇ ਨਾਲ ਉਨ੍ਹਾਂ ਦੇ ਖਾਤਿਆਂ ਵਿਚ ਵੀ ਮੁਆਵਜ਼ੇ ਦੀ ਰਕਮ ਆ ਰਹੀ ਹੈ, ਜਿਸ ਨਾਲ ਉਨ੍ਹਾਂ ਲਈ ਕੁਦਰਤ ਦੀ ਕਰੋਪੀ ਦੀ ਪਈ ਮਾਰ ਸਹਾਰਨੀ ਕੁਝ ਸੌਖੀ ਹੋ ਗਈ ਹੈ।

ਫਾਜ਼ਿਲਕਾ ਜ਼ਿਲ੍ਹੇ ਵਿਚ ਮਾਰਚ ਵਿਚ ਬਰਸਾਤਾਂ ਤੇ ਗੜ੍ਹੇਮਾਰੀ ਨੇ ਕਈ ਥਾਂਈ ਕਾਫ਼ੀ ਨੁਕਸਾਨ ਕੀਤਾ ਸੀ ਅਤੇ 13 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਅਬੋਹਰ ਵਿਖੇ ਆ ਕੇ ਮੁਆਵਜ਼ਾ ਰਾਸ਼ੀ ਦੇ ਚੈਕ ਕਿਸਾਨਾਂ ਨੂੰ ਵੰਡ ਕੇ ਗਏ ਸਨ। ਇਸ ਵਾਰ ਪਹਿਲੀ ਵਾਰ ਹੋਇਆ ਸੀ ਕਿ ਸਿਰਫ਼ ਦੋ ਹਫ਼ਤਿਆਂ ਵਿਚ ਹੀ ਗਿਰਦਾਵਰੀ ਕਰਵਾ ਕੇ ਸਰਕਾਰ ਨੇ ਮੁਆਵਜ਼ਾ ਦੇਣ ਦਾ ਕੰਮ ਆਰੰਭ ਕਰ ਦਿੱਤਾ ਸੀ। 

ਪਿੰਡ ਬਹਿਕ ਖਾਸ ਦੇ ਕਿਸਾਨ ਖਰੈਤ ਲਾਲ ਪੁੱਤਰ ਬੂਲਾ ਰਾਮ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਆਖਦਾ ਹੈ ਕਿ ਪਿਛਲੇ ਮਹੀਨੇ ਪਏ ਭਾਰੀ ਮੀਂਹ ਤੇ ਗੜੇਮਾਰੀ ਨਾਲ ਉਨ੍ਹਾਂ ਦੇ ਪਰਿਵਾਰ ਦੀ ਲਗਭਗ 5 ਏਕੜ ਜ਼ਮੀਨ 'ਤੇ ਬੀਜੀ ਕਣਕ ਦੀ ਫ਼ਸਲ ਦਾ ਖਰਾਬਾ ਹੋਇਆ ਸੀ ਜਿਸ ਕਾਰਨ ਉਹ ਕਾਫ਼ੀ ਚਿੰਤਤ ਸਨ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਥੋੜੇ ਸਮੇਂ ਵਿੱਚ ਹੀ ਫ਼ਸਲਾਂ ਦੇ ਖਰਾਬੇ ਦਾ ਮੁਆਵਜ਼ਾ ਦਿੱਤਾ ਹੈ। ਉਸ ਨੇ ਕਿਹਾ ਕਿ ਪਹਿਲਾ ਵੀ ਕਈ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਕਿਸੇ ਸਰਕਾਰ ਨੇ ਫ਼ਸਲਾਂ ਦੀ ਕਟਾਈ ਤੋਂ ਪਹਿਲਾ ਖਰਾਬੇ ਦਾ ਮੁਆਵਜ਼ਾ ਨਹੀਂ ਦਿੱਤਾ। ਉਸ ਨੇ ਕਿਹਾ ਕਿ ਉਹ ਸਰਕਾਰ ਦੇ ਧੰਨਵਾਦੀ ਹਨ ਕਿ ਸਰਕਾਰ ਨੇ ਉਨ੍ਹਾਂ ਦੀ ਸਾਰ ਲਈ ਤੇ ਬਣਦਾ ਮੁਆਵਜ਼ਾ ਦਿੱਤਾ।

ਪਿੰਡ ਮੌਜਮ ਦੇ ਕਿਸਾਨ ਸੁਰਜੀਤ ਕੁਮਾਰ ਨੇ ਕਿਹਾ ਕਿ 2 ਏਕੜ ਫ਼ਸਲ ਦੇ ਖਰਾਬੇ ਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦੇ ਦਿੱਤਾ ਗਿਆ ਹੈ ਤੇ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ। ਪਵਨ ਕੁਮਾਰ  ਨੇ ਦੱਸਿਆ ਕਿ ਉਸ ਦੀ 3 ਏਕੜ ਫ਼ਸਲ ਦੇ ਪਿਛਲੇ ਮਹੀਨੇ ਭਾਰੀ ਬਰਸਾਤਾਂ ਤੇ ਗੜ੍ਹੇਮਾਰੀ ਨਾਲ ਹੋਏ ਖਰਾਬੇ ਦਾ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਬੈਂਕ ਖਾਤੇ ਰਾਹੀਂ ਦੇ ਦਿੱਤਾ ਗਿਆ ਹੈ।

ਕਿਸਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਦਫ਼ਤਰ ਦੇ ਗੇੜੇ ਨਹੀਂ ਮਾਰਨੇ ਪਏ ਦੇ ਖਰਾਬੇ ਦੇ ਪੈਸੇ ਬਿਨ੍ਹਾਂ ਕਿਸੇ ਦਫ਼ਤਰ ਗਿਆਂ ਉਨ੍ਹਾਂ ਦੇ ਖਾਤਿਆਂ ਵਿੱਚ ਆਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਗਿਰਦਾਵਰੀ ਦਾ ਕੰਮ ਪੂਰੀ ਤਰਾਂ ਪਾਰਦਰਸ਼ੀ ਤਰੀਕੇ ਨਾਲ ਅਤੇ ਖੇਤਾਂ ਵਿਚ ਜਾ ਕੇ ਹੋਇਆ ਹੈ ਅਤੇ ਕੋਈ ਵੀ ਪ੍ਰਭਾਵਿਤ ਕਿਸਾਨ ਨਹੀਂ ਰਿਹਾ ਜਿਸ ਦੇ ਨੁਕਸਾਨ ਨੂੰ ਪਟਵਾਰੀ ਨੇ ਦਰਜ ਨਾ ਕੀਤਾ ਹੋਵੇ ਤੇ ਸਰਕਾਰ ਵੱਲੋਂ ਉਸ ਨੂੰ ਫ਼ਸਲ ਦਾ ਬਣਦਾ ਮੁਆਵਜ਼ਾ ਨਾ ਮਿਲਿਆ ਹੋਵੇ। ਪਿੰਡ ਮੌਜਮ ਦੇ ਕਿਸਾਨ ਕ੍ਰਿਸ਼ਨ ਚੰਦ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਆਪਣੀ ਫ਼ਸਲ ਦੇ ਖਰਾਬੇ ਦਾ ਮੁਆਵਜ਼ਾ ਮਿਲ ਗਿਆ ਹੈ।  

ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਪਿੰਡ ਮੌਜਮ ਦੇ ਰਹਿਣ ਵਾਲੇ ਕਿਸਾਨ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਪਿਛਲੇ ਮਹੀਨੇ ਮਾਰਚ ਮਹੀਨੇ ਪਈਆਂ ਭਾਰੀ ਬਰਸਾਤਾਂ ਤੇ ਗੜੇਮਾਰੀ ਨਾਲ ਉਸਦੀ ਫ਼ਸਲ ਖਰਾਬ ਹੋ ਗਈ ਤੇ ਪੰਜਾਬ ਸਰਕਾਰ ਵੱਲੋਂ ਉਸਨੂੰ ਉਸਦੀ ਫ਼ਸਲ ਦਾ ਬਣਦਾ ਮੁਆਵਜ਼ਾ ਮੁਹੱਈਆ ਕਰਵਾਇਆ ਗਿਆ। ਕਿਸਾਨ ਨੇ ਕਿਹਾ ਕਿ ਉਸ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਸਰਕਾਰ ਇੰਨ੍ਹੀ ਛੇਤੀ ਉਨ੍ਹਾਂ ਦੀ ਮਦਦ ਕਰੇਗੀ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਮਾਰਚ ਮਹੀਨੇ ਪਈਆਂ ਬੇਮੌਸਮੀ ਬਰਸਾਤਾਂ ਕਾਰਨ ਜ਼ਿਲ੍ਹੇ ਦੇ 10041 ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਸੀ। ਇਸ ਤਹਿਤ ਸਰਕਾਰ ਤੋਂ ਪ੍ਰਾਪਤ ਮੁਆਵਜ਼ਾ ਰਾਸ਼ੀ ਦੀ ਵੰਡ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਫ਼ਸਲਾਂ ਦੇ ਨਾਲ ਨਾਲ ਜਿੰਨ੍ਹਾਂ ਦੇ ਮਕਾਨਾਂ ਨੂੰ ਨੁਕਸਾਨ ਹੋਇਆ ਸੀ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ।