ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖ਼ਾਤੇ 'ਚ ਪਾਏ ਗਏ ਪੈਸੇ ਹੋਏ ਵਾਪਸ
ਖੇਤੀ ਮੰਤਰਾਲੇ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਪ੍ਰਕਾਰ ਦੀ ਕੋਈ ਵੀ ਸੂਚਨਾ ਨਹੀਂ ਹੈ।
ਨਵੀਂ ਦਿੱਲੀ: ਮੋਦੀ ਸਰਕਾਰ ਦੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਜਾਰੀ ਕੀਤੀ ਗਈ ਰਕਮ ਵਿਚੋਂ ਕਰੋੜਾਂ ਰੁਪਏ ਉਹਨਾਂ ਦੇ ਖਾਤੇ ਵਿਚੋਂ ਵਾਪਸ ਕਢਵਾ ਲਏ ਗਏ ਹਨ। ਬੈਂਕਾਂ ਵਿਚ ਦਾਇਰ ਕੀਤੀ ਗਈ ਸੂਚਨਾ ਦੀ ਅਧਿਕਾਰ ਅਰਜ਼ੀ ਤੋਂ ਇਸ ਦਾ ਖੁਲਾਸਾ ਹੋਇਆ ਹੈ। ਭਾਜਪਾ ਇਸ ਨੂੰ ਅਪਣੀ ਵੱਡੀ ਕਾਮਯਾਬੀ ਦਸ ਰਹੀ ਹੈ। 24 ਫਰਵਰੀ ਨੂੰ ਇਸ ਯੋਜਨਾ ਦੇ ਸ਼ੁਰੂ ਹੋਣ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਸਥਿਤੀ ਸੁਧਾਰਨ ਦੀ ਦਿਸ਼ਾ ਵਿਚ ਇਕ ਬਹੁਤ ਵੱਡਾ ਕਦਮ ਦਸਿਆ ਸੀ।
ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਸ ਯੋਜਨਾ ਤਹਿਤ ਪਹਿਲੀ ਕਿਸ਼ਤ ਦੇ ਰੂਪ ਵਿਚ ਕਿਸਾਨਾਂ ਨੂੰ ਦਿੱਤੇ ਗਏ 2000 ਰੁਪਏ ਕੁੱਝ ਦਿਨਾਂ ਜਾਂ ਘੰਟਿਆਂ ਵਿਚ ਕਢਵਾ ਲਏ ਗਏ ਸਨ। ਇਸ ਯੋਜਨਾ ਤਹਿਤ ਦੋ ਏਕੜ ਜਾਂ ਇਸ ਤੋਂ ਘੱਟ ਜ਼ਮੀਨ ਦੇ ਕਿਸਾਨਾਂ ਨੂੰ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿਚ ਇਕ ਸਾਲ ਵਿਚ 6000 ਰੁਪਏ ਦੇਣ ਦੀ ਵਿਵਸਥਾ ਕੀਤੀ ਗਈ ਹੈ।
ਕੁੱਲ 19 ਰਾਸ਼ਟਰੀ ਬੈਂਕਾਂ ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਮਹਾਂਰਾਸ਼ਟਰ, ਯੂਕੋ ਬੈਂਕ, ਸਿੰਡਿਕੇਟ ਬੈਂਕ, ਕੇਨਰਾ ਬੈਂਕ ਆਦਿ ਬੈਂਕਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ ਕਿਸਾਨਾਂ ਦੇ ਖ਼ਾਤੇ ਵਿਚ ਪਾਏ ਗਏ ਪੈਸੇ ਵਾਪਸ ਲੈ ਲਏ ਗਏ ਹਨ। ਸਟੇਟ ਐਸਬੀਆਈ ਨੇ ਦਸਿਆ ਕਿ ਇਸ ਯੋਜਨਾ ਤਹਿਤ 8 ਮਾਰਚ 2019 ਤਕ 27307 ਖ਼ਾਤਿਆਂ ਵਿਚ ਰੱਖੇ ਗਏ ਪੈਸਿਆਂ ਵਿਚੋਂ 5 ਕਰੋੜ 46 ਲੱਖ ਰੁਪਏ ਵਾਪਸ ਲੈ ਲਏ ਗਏ ਹਨ।
ਕਰੀਬ 42 ਲੱਖ 74 ਹਜ਼ਾਰ ਖ਼ਾਤਿਆਂ ਵਿਚ ਲਗਭਗ 854.85 ਕਰੋੜ ਰੁਪਏ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜਮ੍ਹਾਂ ਕਰਵਾਏ ਗਏ ਸਨ। ਕੇਨਰਾ ਬੈਂਕ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਖ਼ਾਤਾ ਗ਼ਲਤ ਹੋਣ ਕਾਰਨ ਇਹ ਪੈਸੇ ਵਾਪਸ ਹੋ ਗਏ ਹਨ। ਅਜਿਹੇ ਕਈ ਹੋਰ ਵੀ ਮਾਮਲੇ ਸਾਹਮਣੇ ਆਏ ਹਨ। ਕੇਨਰਾ ਨੇ ਕਿਹਾ ਕਿ 20 ਮਾਰਚ 2019 ਤਕ ਪੀਐਮ ਕਿਸਾਨ ਯੋਜਨਾ ਤਹਿਤ 718892 ਖ਼ਾਤਿਆਂ ਵਿਚ ਕੁੱਲ 1437784000 ਰੁਪਏ ਭੇਜੇ ਗਏ ਸਨ।
ਇਸ ਮਾਮਲੇ ਵਿਚ ਖੇਤੀ ਮੰਤਰਾਲੇ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਪ੍ਰਕਾਰ ਦੀ ਕੋਈ ਵੀ ਸੂਚਨਾ ਨਹੀਂ ਹੈ। ਮੰਤਰਾਲੇ ਦੇ ਕਿਸਾਨ ਕਲਿਆਣ ਵਿਭਾਗ ਨੇ ਆਰਟੀਆਈ ਦੇ ਜਵਾਬ ਵਿਚ ਕਿਹਾ ਕਿ ਅਜਿਹੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ।