ਕੈਪਟਨ ਦੀ ਅਪੀਲ ਤੋਂ ਬਾਅਦ ਕੇਂਦਰ ਨੇ ਕਿਸਾਨਾਂ ਦੇ ਫ਼ਾਇਦੇ ਲਈ ਕੀਤੇ ਇਹ ਨਿਰਦੇਸ਼ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਬੇਮੌਸਮੀ ਮੀਂਹ ਤੇ ਭਾਰੀ ਗੜੇਮਾਰੀ ਕਾਰਨ ਪ੍ਰਭਾਵਿਤ ਹੋਈ ਕਣਕ ਦੀ ਫ਼ਸਲ ਦੀ ਖ਼ਰੀਦ ਲਈ ਕੇਂਦਰ ਸਰਕਾਰ ਨੇ ਦਿਤੇ ਨਿਰਦੇਸ਼

Centre approves purchasing concessions of wheat affected from lustre loss

ਨਵੀਂ ਦਿੱਲੀ: ਬੇਮੌਸਮੀ ਮੀਂਹ ਤੇ ਭਾਰੀ ਗੜੇਮਾਰੀ ਕਾਰਨ ਪ੍ਰਭਾਵਿਤ ਹੋਈ ਕਣਕ ਦੀ ਫ਼ਸਲ ਦੀ ਖ਼ਰੀਦ ਲਈ ਕੇਂਦਰ ਸਰਕਾਰ ਨੇ ਖ਼ਰੀਦ ਏਜੰਸੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਖ਼ਰੀਦ ਦੇ ਮਿਆਰਾਂ ਵਿਚ ਢਿੱਲ ਵਰਤਣ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਮੌਸਮੀ ਮੀਂਹ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ, ਜਿਸ ’ਤੇ ਕੇਂਦਰ ਸਰਕਾਰ ਨੇ ਕੈਪਟਨ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਖ਼ਰੀਦ ਏਜੰਸੀਆਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਹਨ।

ਦਰਅਸਲ, ਬੇਮੌਸਮੇ ਮੀਂਹ ਨਾਲ ਕਣਕ ਦੇ ਦਾਣੇ ਦੀ ਚਮਕ ਤੇ ਕੁਦਰਤੀ ਰੰਗ ਭਾਵ ਲਸਟਰ ਲੌਸ ਹੋਣ ਕਰਕੇ ਕੇਂਦਰ ਸਰਕਾਰ ਨੇ ਇਸ ਸਬੰਧੀ ਸ਼ਰਤਾਂ ਵਿਚ ਅੰਤਿਮ ਰਿਪੋਰਟ ਆਉਣ ਤਕ ਖ਼ਰੀਦ ਵਿਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕੁਦਰਤੀ ਆਫ਼ਤ ਕਾਰਨ ਕਿਸਾਨਾਂ ਨੂੰ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦੇ ਮੱਦੇਨਜ਼ਰ ਖ਼ਰੀਦ ਦੇ ਨਿਯਮਾਂ ਵਿਚ ਢਿੱਲ ਦੇਣ ਦੀ ਅਪੀਲ ਕੀਤੀ ਸੀ।

ਕਣਕ ਦੀ ਖ਼ਰੀਦ ਸਬੰਧੀ ਸ਼ਰਤਾਂ ਵਿਚ ਢਿੱਲ ਦੇਣ ਦਾ ਫ਼ੈਸਲਾ ਤੁਰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਖ਼ਪਤਕਾਰ ਮਾਮਲਿਆਂ, ਖ਼ੁਰਾਕ ਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਨੇ ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੂੰ ਅਪਣੇ ਫ਼ੈਸਲੇ ਬਾਰੇ ਜਾਣੂ ਕਰਵਾ ਦਿਤਾ ਹੈ। ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਬੁਲਾਰੇ ਮੁਤਾਬਕ ਭਾਰਤ ਸਰਕਾਰ ਨੇ ਫ਼ਸਲ ਦੇ ਦਾਣਿਆਂ ਦਾ ਕੁਦਰਤੀ ਰੰਗ ਤੇ ਲਸਟਰ ਲੌਸ ਨੂੰ 10 ਫ਼ੀਸਦੀ ਤਕ ਕਰ ਦਿਤਾ ਗਿਆ ਹੈ ਜਿਸ ’ਤੇ ਕੋਈ ਵੈਲਿਊ ਕੱਟ ਨਹੀਂ ਹੋਵੇਗਾ।

ਮੰਤਰਾਲੇ ਨੇ ਖ਼ਰੀਦ ਸ਼ਰਤਾਂ ਵਿਚ ਢਿੱਲ ਜ਼ਿਲ੍ਹਾ ਆਧਾਰ ’ਤੇ ਵੀ ਦੇਣ ਦੀ ਆਗਿਆ ਦਿਤੀ ਹੈ ਜਿਸ ਤਹਿਤ ਬਠਿੰਡਾ, ਫ਼ਰੀਦਕੋਟ, ਸ਼੍ਰੀ ਮੁਕਤਸਰ ਸਾਹਿਬ ਤੇ ਫਿਰੋਜ਼ਪੁਰ ਜ਼ਿਲ੍ਹਿਆਂ 'ਚ 50 ਫ਼ੀ ਸਦੀ ਤਕ ਜਦਕਿ ਫਾਜ਼ਿਲਕਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ 75 ਫ਼ੀ ਸਦੀ ਤਕ ਦੀ ਇਜਾਜ਼ਤ ਦਿਤੀ ਗਈ ਹੈ। ਉਹ ਦਾਣੇ ਜਿਨ੍ਹਾਂ ਦੀ ਚਮਕ ਤੇ ਕੁਦਰਤੀ ਰੰਗ 10 ਫ਼ੀ ਸਦੀ ਤੋਂ ਵਧੇਰੇ ਪ੍ਰਭਾਵਿਤ ਹੈ ਅਤੇ ਸੁੰਗੜੇ ਤੇ ਟੁੱਟੇ ਦਾਣਿਆਂ ਦੀ ਮਾਤਰਾ 75 ਫ਼ੀ ਸਦੀ ਤਕ ਹੈ, ਦੀ ਖ਼ਰੀਦ ’ਚ ਸਿੱਧੇ ਤੌਰ ’ਤੇ ਇਕ ਚੌਥਾਈ ਵੈਲਿਊ ਕੱਟ ਲਾਇਆ ਜਾਵੇਗਾ।