ਪੀਐਮ ਕਿਸਾਨ ਸਕੀਮ ਤਹਿਤ ਦੇਸ਼ ਦੇ ਅੱਧੇ ਕਿਸਾਨਾਂ ਨੂੰ ਖੇਤੀ ਲਈ ਮਿਲੇ 8-8 ਹਜ਼ਾਰ ਰੁਪਏ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕੇਂਦਰ ਸਰਕਾਰ ਨੇ ਦੇਸ਼ ਦੇ ਕਰੀਬ ਅੱਧੇ ਕਿਸਾਨ ਪਰਿਵਾਰਾਂ ਨੂੰ ਖੇਤੀ ਲਈ ਉਹਨਾਂ ਦੇ ਬੈਂਕ ਅਕਾਊਂਟ ਵਿਚ ਹੁਣ ਤੱਕ 8-8 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਜ ਦਿੱਤੀ ਹੈ।

Farmer

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦੇਸ਼ ਦੇ ਕਰੀਬ ਅੱਧੇ ਕਿਸਾਨ ਪਰਿਵਾਰਾਂ ਨੂੰ ਖੇਤੀ ਲਈ ਉਹਨਾਂ ਦੇ ਬੈਂਕ ਅਕਾਊਂਟ ਵਿਚ ਹੁਣ ਤੱਕ 8-8 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਜ ਦਿੱਤੀ ਹੈ। ਕਰੀਬ ਸਵਾ ਸੱਤ ਕਰੋੜ ਅਜਿਹੇ ਲਾਭਪਾਰਤੀ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੀਆਂ ਚਾਰ ਕਿਸ਼ਤਾਂ ਦਾ ਲਾਭ ਮਿਲਿਆ ਹੈ। ਇਕ ਅਗਸਤ ਤੋਂ ਅਗਲੀ ਕਿਸ਼ਤ ਵੀ ਆਉਣ ਵਾਲੀ ਹੈ, ਜੇਕਰ ਤੁਹਾਡਾ ਅਧਾਰ ਕਾਰਡ ਨੰਬਰ, ਬੈਂਕ ਅਕਾਊਂਟ ਅਤੇ ਰੇਵੇਨਿਊ ਰਿਕਾਰਡ ਬਿਲਕੁਲ ਠੀਕ ਹੈ ਤਾਂ ਤੁਹਾਨੂੰ ਵੀ ਪੈਸੇ ਜ਼ਰੂਰ ਮਿਲਣਗੇ।

ਕਿਸਾਨ ਕਿਵੇਂ ਲੈ ਸਕਦੇ ਹਨ ਸਕੀਮ ਦਾ ਲਾਭ

ਪੀਐਮ ਕਿਸਾਨ ਸਕੀਮ ਦੇ ਤਹਿਤ ਪਰਿਵਾਰ ਦੀ ਪਰਿਭਾਸ਼ਾ ਪਤੀ-ਪਤਨੀ ਅਤੇ ਨਾਬਾਲਗ ਬੱਚੇ ਹਨ। ਇਸ ਲਈ ਜੇਕਰ ਕਿਸੇ ਬਾਲਗ ਵਿਅਕਤੀ ਦਾ ਨਾਮ ਰੇਵੇਨਿਊ ਰਿਕਾਰਡ ਵਿਚ ਦਰਜ ਹੈ ਤਾਂ ਉਹ ਇਸ ਦਾ ਵੱਖਰਾ ਫਾਇਦਾ ਲੈ ਸਕਦਾ ਹੈ। ਇਸ ਦਾ ਅਰਥ ਇਹ ਹੈ ਕਿ ਜੇਕਰ ਕਾਸ਼ਤ ਯੋਗ ਜ਼ਮੀਨ ਇਕ ਤੋਂ ਵਧੇਰੇ ਬਾਲਗ ਮੈਂਬਰਾਂ ਦੇ ਨਾਮ ‘ਤੇ ਦਰਜ ਹੈ ਤਾਂ ਯੋਜਨਾ ਦੇ ਤਹਿਤ ਹਰ ਮੈਂਬਰ ਵੱਖਰਾ ਲਾਭ ਲੈ ਸਕਦਾ ਹੈ। ਇਸ ਦੇ ਲਈ ਰੇਵੇਨਿਊ ਰਿਕਾਰਡ ਤੋਂ ਇਲਾਵਾ ਅਧਾਰ ਕਾਰਡ ਅਤੇ ਬੈਂਕ ਅਕਾਊਂਟ ਨੰਬਰ ਦੀ ਲੋੜ ਪਵੇਗੀ।

ਸਭ ਤੋਂ ਜ਼ਿਆਦਾ ਫਾਇਦਾ ਲੈਣ ਵਾਲੇ ਸੂਬੇ

ਪੀਐਮ ਕਿਸਾਨ ਯੋਜਨਾ ਦੇ ਤਹਿਤ ਤਿੰਨ ਕਿਸ਼ਤਾਂ ਵਿਚ ਸਲਾਨਾ 6-6- ਹਜ਼ਾਰ ਰੁਪਏ ਮਿਲਦੇ ਹਨ। ਦੇਸ਼ ਵਿਚ 7 ਕਰੋੜ 18 ਲੱਖ 37 ਹਜ਼ਾਰ 250 ਕਿਸਾਨ ਅਜਿਹੇ ਹਨ, ਜਿਨ੍ਹਾਂ ਨੂੰ ਚਾਰ ਕਿਸ਼ਤਾਂ ਮਿਲੀਆਂ ਹਨ। ਉੱਤਰ ਪ੍ਰਦੇਸ਼ ਦੇ ਸਭ ਤੋਂ ਜ਼ਿਆਦਾ 1 ਕਰੋੜ 53 ਲੱਖ ਕਿਸਾਨ 8-8 ਹਜ਼ਾਰ ਰੁਪਏ ਦਾ ਲਾਭ ਲੈ ਚੁੱਕੇ ਹਨ। ਇਸ ਮਾਮਲੇ ਵਿਚ ਦੂਜੇ ਨੰਬਰ ‘ਤੇ ਮਹਾਰਾਸ਼ਟਰ ਹੈ, ਜਿੱਥੋਂ ਦੇ 65 ਲੱਖ ਕਿਸਾਨਾਂ ਨੂੰ ਚਾਰ-ਚਾਰ ਕਿਸ਼ਤਾਂ ਮਿਲ ਚੁੱਕੀਆਂ ਹਨ। ਮੱਧ ਪ੍ਰਦੇਸ਼ ਦੇ 57 ਲੱਖ, ਬਿਹਾਰ ਕੇ 48 ਲੱਖ ਅਤੇ ਰਾਜਸਥਾਨ ਦੇ 47 ਲੱਖ ਕਿਸਾਨ ਇਸ ਕੈਟੇਗਰੀ ਵਿਚ ਸ਼ਾਮਲ ਹੋ ਚੁੱਕੇ ਹਨ।

ਇਹਨਾਂ ਕਿਸਾਨਾਂ ਨੂੰ ਨਹੀਂ ਮਿਲੇਗਾ ਲਾਭ

ਅਜਿਹੇ ਕਿਸਾਨ ਜੋ ਪਹਿਲਾਂ ਜਾਂ ਮੌਜੂਦਾ ਸਮੇਂ ਵਿਚ ਸੰਵਿਧਾਨਕ ਅਹੁਦਾ ਸੰਭਾਲ ਰਹੇ ਹਨ, ਮੌਜੂਦਾ ਜਾਂ ਸਾਬਕਾ ਮੰਤਰੀ ਹਨ, ਮੇਅਰ ਜਾਂ ਜ਼ਿਲ੍ਹਾ ਪੰਚਾਇਤ ਦੇ ਅਧਿਕਾਰੀ ਹਨ, ਵਿਧਾਇਕ, ਲੋਕ ਸਭਾ ਅਤੇ ਰਾਜ ਸਭਾ ਸੰਸਦ ਹਨ ਤਾਂ ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ। ਚਾਹੇ ਉਹ ਕਿਸਾਨੀ ਕਰਦੇ ਹੋਣ।

ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਵਿਚ ਅਧਿਕਾਰੀ ਅਤੇ 10 ਹਜ਼ਾਰ ਤੋਂ ਜ਼ਿਆਦਾ ਪੈਨਸ਼ਨ ਵਾਲੇ ਕਿਸਾਨਾਂ ਨੂੰ ਲਾਭ ਨਹੀਂ ਮਿਲੇਗਾ। ਪੇਸ਼ੇਵਰ, ਡਾਕਟਰ, ਇੰਜੀਨੀਅਰ, ਸੀਏ, ਵਕੀਲ ਆਦਿ ਨੂੰ ਵੀ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।

ਪਿਛਲੇ ਵਿੱਤੀ ਸਾਲ ਵਿਚ ਇਨਕਮ ਟੈਕਸ ਦਾ ਭੁਗਤਾਨ ਕਰਨ ਵਾਲੇ ਕਿਸਾਨ ਵੀ ਇਸ ਲਾਭ ਤੋਂ ਵਾਂਝੇ ਰਹਿਣਗੇ।

ਸਕੀਮ ਦਾ ਲਾਭ ਨਾ ਮਿਲਣ ‘ਤੇ ਕੀ ਕੀਤਾ ਜਾਵੇ?

ਜੇਕਰ ਤੁਹਾਨੂੰ ਪਹਿਲੇ ਹਫ਼ਤੇ ਵਿਚ ਸਕੀਮ ਦਾ ਲਾਭ ਨਹੀਂ ਮਿਲਿਆ ਹੈ ਤਾਂ ਤੁਸੀਂ ਲੇਖਾਕਾਰ, ਕਾਨੂੰਗੋ ਅਤੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਹੈਲਪਲਾਈਨ (PM-Kisan Helpline 155261 ਜਾਂ 1800115526 (Toll Free) ‘ਤੇ ਸੰਪਰਕ ਕਰ ਸਕਦੇ ਹੋ।