ਪੀਏਯੂ ਦਾ ਹਫ਼ਤਾਵਰੀ ਪ੍ਰੋਗਰਾਮ 'ਸਵਾਲ ਤੁਹਾਡੇ, ਜਵਾਬ ਸਾਡੇ' ਕਿਸਾਨਾਂ ਲਈ ਚਾਨਣ ਮੁਨਾਰਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੀਏਯੂ ਵੱਲੋਂ ਵੱਖ-ਵੱਖ ਫ਼ਸਲਾਂ ਵਿਚ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਢੁਕਵੇਂ ਅਤੇ ਉਚਿਤ ਹੱਲ ਲਈ ਇਕ ਹਫ਼ਤਾਵਰੀ ਪ੍ਰੋਗਰਾਮ 'ਸਵਾਲ ਤੁਹਾਡੇ, ਜਵਾਬ ਸਾਡੇ' ਸ਼ੁਰੂ ਕੀਤਾ ਗਿਆ ਹੈ

Farmer

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵੱਖ-ਵੱਖ ਫ਼ਸਲਾਂ ਵਿਚ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਢੁਕਵੇਂ ਅਤੇ ਉਚਿਤ ਹੱਲ ਲਈ ਇਕ ਹਫ਼ਤਾਵਰੀ ਪ੍ਰੋਗਰਾਮ 'ਸਵਾਲ ਤੁਹਾਡੇ, ਜਵਾਬ ਸਾਡੇ' ਸ਼ੁਰੂ ਕੀਤਾ ਗਿਆ ਹੈ ਜਿਸ ਰਾਹੀਂ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਵੱਡੀ ਗਿਣਤੀ ਵਿਚ ਕਿਸਾਨ ਫ਼ਸਲਾਂ ਦੀਆਂ ਬਿਮਾਰੀਆਂ, ਕੀੜਿਆਂ, ਨਦੀਨਾਂ, ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ, ਫ਼ਲਦਾਰ ਬੂਟਿਆਂ, ਨਰਮੇ ਦੀ ਕਾਸ਼ਤ, ਚਿੱਟੀ ਮੱਖੀ ਦੀ ਰੋਕਥਾਮ, ਸਬਜ਼ੀਆਂ ਦੀ ਕਾਸ਼ਤ ਆਦਿ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ ।

ਇਸ ਹਫ਼ਤਾਵਰੀ ਪ੍ਰੋਗਰਾਮ ਵਿਚ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਐਸ.ਕੇ. ਥਿੰਦ ਨੇ ਕਿਸਾਨਾਂ ਨੂੰ ਵੱਖ-ਵੱਖ ਫ਼ਸਲਾਂ ਦੀਆਂ ਬਿਮਾਰੀਆਂ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ । ਉਹਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਯੂਨੀਵਰਸਿਟੀ ਅਤੇ ਉਸ ਦੇ ਪਸਾਰ ਕੇਂਦਰਾਂ ਦੇ ਨਾਲ ਜਰੂਰ ਜੁੜਨਾ ਚਾਹੀਦਾ ਹੈ ।

ਉਹਨਾਂ ਕਿਹਾ ਕਿ ਕਿਸਾਨ ਤਕਨੀਕੀ ਜਾਣਕਾਰੀ ਯੂਨੀਵਰਸਿਟੀ ਦੇ ਫੇਸ ਬੁੱਕ ਪੇਜ਼ ਰਾਹੀਂ, ਯੂ.ਟਿਊਬ ਚੈਨਲ ਰਾਹੀਂ, ਵਟਸਐਪ ਗਰੁੱਪਾਂ ਰਾਹੀਂ ਜਾਂ ਯੂਨੀਵਰਸਿਟੀ ਦੇ ਫੋਨਾਂ ਰਾਹੀਂ ਰਾਬਤਾ ਕਾਇਮ ਕਰ ਸਕਦੇ ਹਨ। ਇਸ ਮੌਕੇ ਫ਼ਸਲ ਵਿਗਿਆਨੀ ਡਾ. ਸੁਰਜੀਤ ਸਿੰਘ ਮਿਨਹਾਸ ਨੇ ਕਿਸਾਨਾਂ ਨੂੰ ਨਦੀਨਾਂ ਦੀ ਰੋਕਥਾਮ ਸੰਬੰਧੀ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ । ਉਹਨਾਂ ਵਿਸ਼ੇਸ਼ ਤੌਰ ਤੇ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਸੰਬੰਧੀ ਚਾਨਣਾ ਪਾਇਆ।

ਇਸੇ ਤਰ੍ਹਾਂ ਕੀਟ ਵਿਗਿਆਨੀ ਡਾ. ਯੁਵਰਾਜ ਸਿੰਘ ਪਾਂਧਾ ਨੇ ਰਸਾਇਣਾਂ ਦੀ ਚੋਣ ਅਤੇ ਉਸ ਦੀ ਮਿਕਦਾਰ ਦੀ ਮਹੱਤਤਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ । ਉਹਨਾਂ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਨੂੰ ਕਾਬੂ ਕਰਨ ਲਈ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ । ਆਉਣ ਵਾਲੇ ਦਿਨਾਂ ਵਿਚ ਮੌਸਮ ਦੀ ਭਵਿੱਖਬਾਣੀ ਸੰਬੰਧੀ ਜਾਣਕਾਰੀ ਡਾ. ਕੁਲਵਿੰਦਰ ਕੌਰ ਗਿੱਲ ਨੇ ਦਿੱਤੀ । ਇਹਨਾਂ ਵਿਗਿਆਨੀਆਂ ਵੱਲੋਂ ਕਿਸਾਨਾਂ ਦੇ ਭੇਜੇ ਸਵਾਲਾਂ ਦੇ ਜਵਾਬਾਂ ਦੇ ਨਾਲ-ਨਾਲ ਲਾਈਵ ਜੁੜੇ ਕਿਸਾਨਾਂ ਦੇ ਸਵਾਲਾਂ ਦੇ ਨਿਪਟਾਰੇ ਮੌਕੇ ਤੇ ਕੀਤੇ ।