ਪੀਏਯੂ ਨੇ ਦੁੱਧ ਤੋਂ ਹੋਰ ਉਤਪਾਦ ਤਿਆਰ ਕਰਨ ਬਾਰੇ ਆਨਲਾਈਨ ਸਿਖਲਾਈ ਦਿੱਤੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੀਏਯੂ ਦੇ ਸਕਿੱਲ ਡਵੈੱਲਪਮੈਂਟ ਸੈਂਟਰ ਵਿਚ ਦੁੱਧ ਤੋਂ ਹੋਰ ਉਤਪਾਦ ਤਿਆਰ ਕਰਨ ਬਾਰੇ ਦੋ ਰੋਜ਼ਾ ਆਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।

PAU

ਲੁਧਿਆਣਾ: ਪੀਏਯੂ ਦੇ ਸਕਿੱਲ ਡਵੈੱਲਪਮੈਂਟ ਸੈਂਟਰ ਵਿਚ ਦੁੱਧ ਤੋਂ ਹੋਰ ਉਤਪਾਦ ਤਿਆਰ ਕਰਨ ਬਾਰੇ ਦੋ ਰੋਜ਼ਾ ਆਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਗ੍ਰਹਿ ਵਿਗਿਆਨੀਆਂ ਅਤੇ ਡੈਮੋਸਟੇਟਰਾਂ ਨੇ ਦੁੱਧ ਤੋਂ ਬਣਨ ਵਾਲੇ ਉਤਪਾਦਾਂ ਬਾਰੇ ਸਿਖਿਆਰਥੀਆਂ ਨੂੰ ਜਾਣਕਾਰੀ ਦਿੱਤੀ ।

ਇਸ ਵਿਚ ਕੁੱਲ ੧੬ ਸਿਖਿਆਰਥੀ ਸ਼ਾਮਿਲ ਹੋਏ । ਕੋਰਸ ਦੇ ਕੋਆਰਡੀਨੇਟਰ ਅਤੇ ਸੀਨੀਅਰ ਪਸਾਰ ਮਾਹਿਰ ਡਾ. ਕਿਰਨ ਗਰੋਵਰ ਨੇ ਦੁੱਧ ਉਤਪਾਦਕ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਦੁੱਧ ਵਿਚ ਮੁੱਲ ਵਾਧੇ ਦੁਆਰਾ ਉਤਪਾਦ ਤਿਆਰ ਕਰਨ ਦੀ ਵਿਧੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਦੁੱਧ ਦੀ ਚੰਗੀ ਕੀਮਤ ਵਸੂਲਣ ਲਈ ਇਸ ਤੋਂ ਉਤਪਾਦ ਤਿਆਰ ਕਰਨੇ ਬਹੁਤ ਜ਼ਰੂਰੀ ਹਨ ।

ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਦੁੱਧ ਤੋਂ ਹੋਰ ਉਤਪਾਦ ਤਿਆਰ ਕਰਨ ਨੂੰ ਅੱਜ ਦੇ ਸਮੇਂ ਵਿਚ ਪੌਸ਼ਟਿਕਤਾ ਦੀ ਪ੍ਰਮੁੱਖ ਲੋੜ ਕਿਹਾ। ਇਸੇ ਵਿਭਾਗ ਤੋਂ ਡਾ. ਜਸਪ੍ਰੀਤ ਕੌਰ ਨੇ ਪਨੀਰ, ਆਈਸਕ੍ਰੀਮ ਅਤੇ ਕੁਲਫ਼ੀ ਬਣਾਉਣ ਦੇ ਤਰੀਕੇ ਸਾਂਝੇ ਕੀਤੇ ।

ਡਾ. ਅਰਸ਼ਦੀਪ ਸਿੰਘ ਨੇ ਸੁਆਦਲਾ ਦੁੱਧ, ਦਹੀਂ, ਬਟਰ ਦੁੱਧ, ਛੈਣਾ ਮੁਰਕੀ, ਸੰਦੇਸ਼ ਅਤੇ ਖੋਆ ਬਣਾਉਣ ਦੇ ਤਰੀਕੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨਾਲ ਸਾਂਝੇ ਕੀਤੇ । ਡਾ. ਕਿਰਨ ਗਰੋਵਰ ਨੇ ਮਾਹਿਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ।