ਪਸ਼ੂਆਂ 'ਚ ਲੰਪੀ ਸਕਿੱਨ ਬੀਮਾਰੀ ਦੀ ਰੋਕਥਾਮ ਲਈ ਮੁੱਖ ਦਫ਼ਤਰ ਦੇ ਵੈਟਰਨਰੀ ਅਫ਼ਸਰ ਜ਼ਿਲ੍ਹਿਆਂ ਵਿਚ ਤੈਨਾਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਕਵਰ ਕੀਤੇ ਪਿੰਡਾਂ ਤੇ ਘਰਾਂ ਅਤੇ ਪ੍ਰਭਾਵਤ ਪਸ਼ੂਆਂ ਸਬੰਧੀ ਲਿਖਤੀ ਰਿਪੋਰਟ ਰੋਜ਼ਾਨਾ ਦੁਪਹਿਰ 3 ਵਜੇ ਤੱਕ ਮੁੱਖ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਉਣ ਦੇ ਆਦੇਸ਼

Laljit Singh Bhullar

 

ਚੰਡੀਗੜ੍ਹ: ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ  ਲਾਲਜੀਤ ਸਿੰਘ ਭੁੱਲਰ ਵੱਲੋਂ ਪਸ਼ੂਆਂ ਨੂੰ ਹੋ ਰਹੀ ਲੰਪੀ ਸਕਿੱਨ ਬੀਮਾਰੀ ਦੀ ਤੁਰੰਤ ਰੋਕਥਾਮ ਲਈ ਮੁੱਖ ਦਫ਼ਤਰ ਵਿਖੇ ਤੈਨਾਤ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਜ਼ਿਆਦਾ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਆਰਜ਼ੀ ਤੌਰ 'ਤੇ ਤੈਨਾਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਬੀਮਾਰੀ ਵਧਣ ਅਤੇ ਅਮਲੇ ਦੀ ਘਾਟ ਦੇ ਸਨਮੁਖ ਪੰਜ ਜ਼ਿਲ੍ਹਿਆਂ ਵਿੱਚ ਮੁੱਖ ਦਫ਼ਤਰ ਦੇ ਅਧਿਕਾਰੀ ਤੈਨਾਤ ਕੀਤੇ ਗਏ ਹਨ।

Laljit Singh Bhullar

ਉਨ੍ਹਾਂ ਦੱਸਿਆ ਕਿ ਵੈਟਰਨਰੀ ਅਫ਼ਸਰ ਡਾ. ਪ੍ਰੀਤੀ ਸਿੰਘ ਦੀ ਆਰਜ਼ੀ ਡਿਊਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਵੈਟਰਨਰੀ ਅਫ਼ਸਰ ਡਾ. ਕਰਨ ਗੋਇਲ ਦੀ ਡਿਊਟੀ ਫ਼ਾਜ਼ਿਲਕਾ, ਵੈਟਰਨਰੀ ਅਫ਼ਸਰ ਡਾ. ਹਰਿੰਦਰ ਸਿੰਘ ਦੀ ਬਰਨਾਲਾ, ਵੈਟਰਨਰੀ ਅਫ਼ਸਰ ਡਾ. ਅਨਿਲ ਸੇਠੀ ਦੀ ਬਠਿੰਡਾ ਅਤੇ ਵੈਟਰਨਰੀ ਅਫ਼ਸਰ ਡਾ. ਪਰਮਪਾਲ ਸਿੰਘ ਦੀ ਡਿਊਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਈ ਗਈ ਹੈ, ਜੋ 31 ਅਗਸਤ ਤੱਕ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਰ ਸਥਿਤੀ 'ਤੇ ਨਜ਼ਰ ਰੱਖਣਗੇ ਅਤੇ ਬੀਮਾਰੀ ਦੀ ਰੋਕਥਾਮ ਲਈ ਹਰ ਸੰਭਵ ਉਪਰਾਲਾ ਕਰਨਗੇ। ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਹੈ।

Laljit Singh Bhullar

ਕੈਬਨਿਟ ਮੰਤਰੀ ਨੇ ਇਸੇ ਤਰ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰਾਂ ਨੂੰ ਲਿਖਤੀ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਖੇਤਰ ਅਧੀਨ ਸਮੂਹ ਪਸ਼ੂ ਸੰਸਥਾਵਾਂ ਸਣੇ ਖੇਤਰੀ ਦੌਰੇ ਤੇਜ਼ ਕਰਨ। ਅਧਿਕਾਰੀਆਂ ਨੂੰ ਦੌਰਿਆਂ ਮੌਕੇ ਕਵਰ ਕੀਤੇ ਗਏ ਪਿੰਡਾਂ, ਘਰਾਂ ਅਤੇ ਪ੍ਰਭਾਵਤ ਪਸ਼ੂਆਂ ਦੀ ਗਿਣਤੀ ਸਬੰਧੀ ਲਿਖਤੀ ਰਿਪੋਰਟ ਰੋਜ਼ਾਨਾ ਦੁਪਹਿਰ 3 ਵਜੇ ਤੱਕ ਮੁੱਖ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਡਿਪਟੀ ਡਾਇਰੈਕਟਰ ਅੱਧਾ ਸਮਾਂ ਆਪੋ-ਆਪਣੇ ਦਫ਼ਤਰ ਵਿਖੇ ਡਿਊਟੀ ਨਿਭਾਉਣਗੇ ਅਤੇ ਅੱਧਾ ਸਮਾਂ ਫ਼ੀਲਡ ਵਿੱਚ ਦੌਰਾ ਕਰਨਗੇ।