ਖੇਤ ਖ਼ਬਰਸਾਰ: ਗੰਨੇ ਦੀ ਫ਼ਸਲ ਦੇ ਮੁੱਖ ਕੀੜੇ ਅਤੇ ਰੋਕਥਾਮ ਦੇ ਉਪਾਅ
ਗੰਨੇ ਦਾ ਔਸਤ ਝਾੜ ਬਹੁਤ ਘੱਟ ਆ ਰਿਹਾ ਹੈ ਜਿਸ ਦਾ ਵੱਡਾ ਕਾਰਨ ਫ਼ਸਲ ਉਪਰ ਕੀੜੇ-ਮਕੌੜਿਆਂ ਦਾ ਹਮਲਾ ਹੈ।
ਗੰਨਾ ਭਾਰਤ ਦੀ ਮਹੱਤਵਪੂਰਨ ਫ਼ਸਲ ਹੈ। ਇਹ ਮਿੱਠੇ ਉਦਯੋਗ ਦਾ ਮੁੱਖ ਸੋਮਾ ਹੈ ਜਿਸ ਨੂੰ ਭਾਰਤ ਵਿਚ ਟੈਕਸਟਾਈਲ ਤੋਂ ਬਾਅਦ ਦੂਜੀ ਵੱਡੀ ਸਨਅਤ ਮੰਨਿਆ ਜਾਂਦਾ ਹੈ। ਗੰਨੇ ਦਾ ਰਸ ਕੱਢਣ ਤੋਂ ਬਾਅਦ ਬਚਿਆ ਰੇਸ਼ੇਦਾਰ ਚੂਰਾ ਕਾਗ਼ਜ਼ ਤੇ ਇੰਸੂਲੇਟਿੰਗ ਬੋਰਡ ਬਣਾਉਣ ਲਈ ਵਰਤਿਆ ਜਾਂਦਾ ਹੈ। ਖੰਡ ਤੋਂ ਇਲਾਵਾ ਗੰਨੇ ਦੇ ਰਸ ਵਿਚ ਕਈ ਵਿਟਾਮਿਨ ਤੇ ਖਣਿਜ ਹੁੰਦੇ ਹਨ ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਕਮਾਦ ਦੀ ਖੇਤੀ ਭਾਰਤ ਵਿਚ ਮੁੱਖ ਤੌਰ ’ਤੇ ਉਤਰ ਪ੍ਰਦੇਸ਼, ਪੰਜਾਬ, ਹਰਿਆਣਾ, ਕੋਇੰਬਟੂਰ ਤੇ ਊਟੀ ਸੂਬੇ ਵਿਚ ਕੀਤੀ ਜਾਂਦੀ ਹੈ। ਗੰਨੇ ਦਾ ਔਸਤ ਝਾੜ ਬਹੁਤ ਘੱਟ ਆ ਰਿਹਾ ਹੈ ਜਿਸ ਦਾ ਵੱਡਾ ਕਾਰਨ ਫ਼ਸਲ ਉਪਰ ਕੀੜੇ-ਮਕੌੜਿਆਂ ਦਾ ਹਮਲਾ ਹੈ। ਗੰਨਾ ਉਤਪਾਦਕਾਂ ਨੂੰ ਫ਼ਸਲ ਦੇ ਕੀੜਿਆਂ ਦੀ ਪਛਾਣ, ਹਮਲੇ ਦੀਆਂ ਨਿਸ਼ਾਨੀਆਂ ਤੇ ਰੋਕਥਾਮ ਦੇ ਸਰਬਪੱਖੀ ਢੰਗਾਂ ਬਾਰੇ ਜਾਣਕਾਰੀ ਹੋਣੀ ਲਾਜ਼ਮੀ ਹੈ।
Sugarcane Farmers
ਤਣੇ ਦਾ ਗੜੂੰਆਂ: ਇਸ ਦਾ ਪਤੰਗਾ ਤੂੜੀ ਰੰਗਾ ਤੇ ਆਂਡੇ ਚਿੱਟੇ ਹੁੰਦੇ ਹਨ, ਜੋ ਪੱਤੇ ਜਾਂ ਤਣੇ ਉਪਰ ਗੁੱਛਿਆ ਵਿਚ ਹੁੰਦੇ ਹਨ। ਇਸ ਦੀ ਸੁੰਡੀ ਦਾ ਰੰਗ ਨੀਲਾ ਜਾਂ ਜਾਮਨੀ ਹੁੰਦਾ ਹੈ ਤੇ ਇਸ ਦੇ ਸਰੀਰ ਉਪਰ ਧਾਰੀਆਂ ਹੁੰਦੀਆਂ ਹਨ। ਇਹ ਕਮਾਦ ਦੀ ਫ਼ਸਲ ਉਪਰ ਜੂਨ ਤੋਂ ਦਸੰਬਰ ਤਕ ਹਮਲਾ ਕਰਦੀਆਂ ਹਨ। ਇਹ ਸੁੰਡੀ ਗੰਨੇ ਦੇ ਤਣੇ ਵਿਚ ਅੱਖ ਦੇ ਨੇੜਿਉਂ ਵੜਦੀ ਹੈ ਤੇ ਮੋਰੀ ਨੂੰ ਮਲ-ਮੂਤਰ ਨਾਲ ਬੰਦ ਕਰ ਲੈਂਦੀ ਹੈ। ਹਮਲੇ ਵਾਲੀਆਂ ਮੱਟੀਆਂ ਛੋਟੀਆਂ ਰਹਿ ਜਾਂਦੀਆਂ ਹਨ। ਇਸ ਦੇ ਹਮਲੇ ਕਾਰਨ ਝਾੜ ਅਤੇ ਗੁਣਵੱਤਾ ’ਤੇ ਮਾੜਾ ਅਸਰ ਪੈਂਦਾ ਹੈ ਜਿਸ ਫ਼ਸਲ ਵਿਚ ਨਾਈਟ੍ਰੋਜਨ ਤੱਤ ਵਾਲੀ ਜ਼ਿਆਦਾ ਖਾਦ, ਜ਼ਿਆਦਾ ਪਾਣੀ ਖੜਾ ਰਹਿੰਦਾ ਹੋਵੇ ਜਾਂ ਫ਼ਸਲ ਡਿੱਗੀ ਹੋਈ ਹੋਵੇ, ਉੱਥੇ ਇਸ ਕੀੜੇ ਦਾ ਹਮਲਾ ਜ਼ਿਆਦਾ ਹੁੰਦਾ ਹੈ।
sugarcane
ਰੋਕਥਾਮ : ਇਸ ਕੀੜੇ ਦੇ ਆਂਡੇ ਇਕੱਠੇ ਕਰ ਕੇ ਨਸ਼ਟ ਕਰਦੇ ਰਹੋ। ਬਿਜਾਈ ਵਾਸਤੇ ਨਰੋਈ ਫ਼ਸਲ ਤੋਂ ਹੀ ਬੀਜ ਲਵੋ। ਫ਼ਸਲ ਕੱਟਣ ਵੇਲੇ ਸਾਰੇ ਪੜਸੂਏ ਵੀ ਕੱਟ ਦੇਵੋ। ਫ਼ਸਲ ਨੂੰ ਸਿਫ਼ਾਰਸ਼ ਮਾਤਰਾ ਵਿਚ ਜਾਂ ਮਿੱਟੀ ਦੀ ਪਰਖ ਦੇ ਆਧਾਰ ’ਤੇ ਹੀ ਖਾਦਾਂ ਪਾਵੋ। ਇਸ ਕੀੜੇ ਦੇ ਹਮਲੇ ਵਾਲੀ ਫ਼ਸਲ ਮੂਢੀ ਨਾ ਰੱਖੋ। ਫ਼ਸਲ ਕੱਟ ਕੇ ਖੇਤ ਵਾਹੋ ਤੇ ਮੁੱਢ ਇਕੱਠੇ ਕਰ ਕੇ ਨਸ਼ਟ ਕਰ ਦੇਵੋ। ਟਰਾਈਕੋਗਰਾਮਾ ਕਿਲੋਨਸ ਰਾਹੀਂ ਸੱਤ ਦਿਨ ਪਹਿਲਾਂ ਪਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ ਕਰੀਬ 20 ਹਜ਼ਾਰ ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ ਅੱਧ ਜੁਲਾਈ ਤੋਂ ਅਕਤੂਬਰ ਦੌਰਾਨ 10 ਦਿਨ ਦੇ ਫ਼ਰਕ ਨਾਲ ਵਰਤੋ। ਇਹ ਕਿਰਿਆ 8 ਵਾਰ ਦੁਹਰਾਉ।
Sugarcane
ਸਿਉਂਕ: ਸਿਉਂਕ ਅਜਿਹਾ ਕੀੜਾ ਹੈ ਜੋ ਵਰਮੀਆਂ ਬਣਾ ਕੇ ਝੁੰਡ ਵਿਚ ਰਹਿੰਦਾ ਹੈ। ਇਸ ਦੀ ਕਲੋਨੀ ਵਿਚ ਰਾਣੀ, ਕਾਮਾ, ਸਿਪਾਹੀ ਤੇ ਨਿਖੱਟੂ ਹੁੰਦੇ ਹਨ। ਰਾਣੀ ਦੀ ਉਮਰ 25-50 ਸਾਲ ਹੋ ਸਕਦੀ ਹੈ। ਇਸ ਦੀ ਆਂਡੇ ਦੇਣ ਦੀ ਸਮਰੱਥਾ 10 ਸਾਲ ਹੁੰਦੀ ਹੈ। ਇਹ ਇਕ ਦਿਨ ਵਿਚ 20-30 ਹਜ਼ਾਰ ਆਂਡੇ ਦੇ ਸਕਦੀ ਹੈ। ਰਾਣੀ ਜ਼ਮੀਨ ਵਿਚ ਇਕ ਫੁੱਟ ਤੋਂ ਵੱਧ ਡੂੰਘਾਈ ’ਤੇ ਆਂਡੇ ਦਿੰਦੀ ਹੈ। ਗੰਨੇ ਦੀ ਫ਼ਸਲ ਵਿਚ ਇਸ ਦਾ ਹਮਲਾ ਅਪ੍ਰੈਲ ਤੋਂ ਜੂਨ ਅਤੇ ਦੁਬਾਰਾ ਅਕਤੂਬਰ ਵਿਚ ਹੁੰਦਾ ਹੈ। ਇਹ ਜੰਮ ਰਹੇ ਬੂਟਿਆਂ ਦਾ ਨੁਕਸਾਨ ਕਰਦੀ ਹੈ ਤੇ ਉਗ ਰਹੇ ਛੋਟੇ ਬੂਟਿਆਂ ਨੂੰ ਸੁਕਾ ਦਿੰਦੀ ਹੈ।
Sugarcane Farmer
ਰੋਕਥਾਮ: ਫ਼ਸਲ ਲਈ ਗਲੀ-ਸੜੀ ਰੂੜੀ ਹੀ ਵਰਤੋ। ਪਹਿਲੀ ਫ਼ਸਲ ਦੀ ਰਹਿੰਦ-ਖੂੰਹਦ, ਮੁੱਢ ਤੇ ਹਮਲੇ ਵਾਲੀਆਂ ਗੁੱਲੀਆਂ ਨੂੰ ਖੇਤ ਵਿਚੋਂ ਕੱਢ ਕੇ ਨਸ਼ਟ ਕਰ ਦੇਵੋ। ਫ਼ਸਲ ਨੂੰ ਸਮੇਂ-ਸਮੇਂ ਭਰਵੀਂ ਸਿੰਜਾਈ ਕਰਦੇ ਰਹੋ। ਸਿਉਂਕ ਦੀਆਂ ਵਰਮੀਆਂ ਖ਼ਤਮ ਕਰਦੇ ਰਹੋ। ਸਿਉਂਕ ਦੀ ਰੋਕਥਾਮ ਲਈ ਫ਼ਸਲ ਦਾ ਜੰਮ ਪੂਰਾ ਹੋਣ ’ਤੇ (ਬਿਜਾਈ ਤੋਂ 45 ਦਿਨ ਬਾਅਦ) 45 ਮਿਲੀਲਿਟਰ ਇਮਿਡਾਗੋਲਡ 17.8 ਐਸਐਲ (ਇਮਿਡਾਕਲੋਪਰਿਡ) ਨੂੰ 400 ਲੀਟਰ ਪਾਣੀ ਵਿਚ ਘੋਲ ਕੇ ਫ਼ੁਹਾਰੇ ਨਾਲ ਗੰਨੇ ਦੀਆਂ ਕਤਾਰਾਂ ਦੇ ਨਾਲ-ਨਾਲ ਪਾਉ।