Khetan'ਚ Tractor ਚਲਾਉਣ ਵਾਲੀ ਧੀ ਦੇ ਪਿਓ ਨਾਲ ਗੱਲਬਾਤ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਇਕ ਲੜਕੀ ਨੇ ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ ਜਿਸ ਨੇ...

Interview of Farmer

ਚੰਡੀਗੜ੍ਹ: ਪੰਜਾਬ ਵਿਚ ਇਸ ਸਮੇਂ ਕਿਸਾਨ ਅਪਣੀ ਕਣਕ ਦੀ ਸਾਂਭ ਸੰਭਾਲ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸ ਨੇ ਪਸ਼ੂਆਂ ਲਈ ਤੂੜੀ ਦਾ ਪ੍ਰਬੰਧ ਵੀ ਕਰਨਾ ਹੁੰਦਾ ਹੈ। ਇਹ ਸਾਰਾ ਕੰਮ ਵੈਸੇ ਤਾਂ ਆਦਮੀ ਵੱਲੋਂ ਕੀਤਾ ਜਾਂਦਾ ਹੈ ਪਰ ਕੀ ਕਦੇ ਕੋਈ ਲੜਕੀ ਵੀ ਇਹ ਕੰਮ ਕਰ ਸਕਦੀ ਹੈ। ਹਾਂ ਜੀ, ਇਕ ਲੜਕੀ ਵੀ ਇਹ ਸਾਰੇ ਕੰਮ ਕਰ ਸਕਦੀ ਹੈ। ਅੱਜ ਦੇ ਯੁੱਗ ਵਿਚ ਲੜਕੀਆਂ ਕਿਸੇ ਕੰਮ ਵਿਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ।

ਇਕ ਲੜਕੀ ਨੇ ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ ਜਿਸ ਨੇ ਅਪਣੇ ਪਿਤਾ ਦੀ ਤੂੜੀ ਬਣਵਾਉਣ ਵਿਚ ਮਦਦ ਕਰ ਕੇ ਸਭ ਦਾ ਦਿਲ ਜਿੱਤ ਲਿਆ ਹੈ। ਇਹਨਾਂ ਪਿਓ-ਧੀ ਨਾਲ ਸਪੋਕਸਮੈਨ ਚੈਨਲ ਦੇ DM ਨਿਰਮਤ ਕੌਰ ਵੱਲੋਂ ਇੰਟਰਵਿਊ ਰਾਹੀਂ ਰਾਬਤਾ ਕਾਇਮ ਕੀਤਾ ਗਿਆ। ਇਸ ਇੰਟਰਵਿਊ ਵਿਚ ਉਹਨਾਂ ਦੀ ਜ਼ਿੰਦਗੀ ਅਤੇ ਉਹਨਾਂ ਦੀ ਧੀ ਵੱਲੋਂ ਕੀਤੀ ਗਈ ਮਦਦ ਸਬੰਧੀ ਗੱਲਬਾਤ ਕੀਤੀ ਗਈ। ਇਸ ਵਿਅਕਤੀ ਦਾ ਨਾਮ ਦਵਿੰਦਰ ਸਿੰਘ ਹੈ ਅਤੇ ਉਹਨਾਂ ਦੀ ਬੇਟੀ ਦਾ ਨਾਮ ਰਿਪਨ ਹੈ।

ਦਵਿੰਦਰ ਸਿੰਘ ਨੇ ਦਸਿਆ ਕਿ ਉਹ ਖੇਤਾਂ ਵਿਚ ਕੰਮ ਕਰ ਰਿਹਾ ਸੀ ਤਾਂ ਉਸ ਦੀ ਬੇਟੀ ਐਕਟਿਵਾ ਤੇ ਉਸ ਕੋਲ ਆਈ ਤੇ ਉਸ ਨੂੰ ਪੁੱਛਣ ਲੱਗੀ ਕਿ ਉਹ ਕਿਵੇਂ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰ ਰਹੇ ਹਨ। ਇਹ ਕਿੰਨਾ ਔਖਾ ਕੰਮ ਹੈ। ਪਰ ਉਸ ਦੇ ਪਿਤਾ ਨੇ ਉਸ ਨੂੰ ਸਮਝਾਇਆ ਕਿ ਇਹ ਤਾਂ ਜੱਟਾਂ ਦੀ ਕਿਸਮਤ ਹੈ, ਸਾਨੂੰ ਇਹੀ ਸਭ ਕਰਨਾ ਪੈਂਦਾ ਹੈ ਤਾਂ ਉਸ ਦੀ ਬੇਟੀ ਨੇ ਅਪਣੇ ਪਿਤਾ ਨੂੰ ਕਿਹਾ ਕਿ ਉਹ ਆਰਾਮ ਕਰਨ ਤੇ ਉਹਨਾਂ ਦੀ ਥਾਂ ਉਹ ਆਪ ਟਰੈਕਟਰ ਚਲਾਵੇਗੀ। ਇਹ ਗਲ ਸੁਣ ਕੇ ਉਸ ਦਾ ਪਿਤਾ ਹੈਰਾਨ ਰਹਿ ਗਿਆ ਤੇ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ।

ਫਿਰ ਉਸ ਨੇ ਅਪਣੀ ਬੇਟੀ ਨੂੰ ਟਰੈਕਟਰ ਚਲਾਉਣ ਬਾਰੇ ਦਸਿਆ ਕਿ ਟਰੈਕਟਰ ਕਿਵੇਂ ਚਲਾਇਆ ਜਾਂਦਾ ਹੈ। ਇਸ ਤੋਂ ਬਾਅਦ ਉਸ ਦੀ ਧੀ ਨੇ ਤੂੜੀ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਉਸ ਦੇ ਪਿਤਾ ਨੇ ਉਸ ਦੀ ਵੀਡੀਉ ਬਣਾਈ ਤੇ ਉਸ ਦੀ ਰੱਜ ਕੇ ਤਾਰੀਫ ਕੀਤੀ ਕਿ ਧੀਆਂ ਪੁੱਤਾਂ ਨਾਲੋਂ ਘਟ ਨਹੀਂ ਹਨ।

ਗੱਲਬਾਤ ਦੌਰਾਨ ਰਿਪਨ ਨੇ ਦਸਿਆ ਕਿ ਉਹ ਅੱਠਵੀਂ ਜਮਾਤ ਵਿਚ ਪੜ੍ਹਦੀ ਹੈ ਤੇ ਉਹ ਖੇਤ ਤੋਂ ਘਰ ਆ ਕੇ ਅਪਣੀ ਮਾਂ ਦੀ ਮਦਦ ਵੀ ਕਰਦੀ ਹੈ। ਉਸ ਨੇ ਅੱਗੇ ਵੀ ਖੇਤੀ ਕਰਨ ਬਾਰੇ ਸੋਚਿਆ ਹੋਇਆ ਹੈ ਕਿ ਝੋਨੇ ਦੀ ਫ਼ਸਲ ਵੇਲੇ ਵੀ ਉਹ ਅਪਣੇ ਪਿਤਾ ਨਾਲ ਖੇਤਾ ਵਿਚ ਕੰਮ ਕਰੇਗੀ।

 ਉਹਨਾਂ ਅੱਗੇ ਕਿਹਾ ਕਿ ਲੋਕ ਅਕਸਰ ਧੀ ਨੂੰ ਪੱਥਰ ਮੰਨਦੇ ਹਨ ਕਿ ਇਸ ਤੋਂ ਕੀ ਕਰਵਾਉਣਾ ਹੈ, ਇਸ ਨੂੰ ਕੁੱਖ ਵਿਚ ਹੀ ਮਾਰ ਦਿੱਤਾ ਜਾਵੇ ਇਸ ਦੀ ਥਾਂ ਤੇ ਪੁੱਤ ਜਨਮ ਲੈ ਲੈਂਦਾ। ਉਹ ਘਰ ਦਾ ਵਾਰਸ ਹੁੰਦਾ ਹੈ ਉਸ ਨਾਲ ਹੀ ਪੀੜ੍ਹੀ ਵਧੇਗੀ। ਪਰ ਉਹ ਇਸ ਸਭ ਤੇ ਖਿਲਾਫ ਹਨ। ਉਹਨਾਂ ਦੀਆਂ ਦੋ ਧੀਆਂ ਅਤੇ ਇਕ ਪੁੱਤ ਹੈ। ਪਰ ਉਹਨਾਂ ਨੇ ਧੀਆਂ ਅਤੇ ਪੁੱਤਾਂ ਵਿਚ ਕਦੇ ਕੋਈ ਫਰਕ ਨਹੀਂ ਕੀਤਾ ਸਗੋਂ ਉਹਨਾਂ ਨੂੰ ਅੱਗੇ ਆਉਣ ਦਾ ਹਮੇਸ਼ਾ ਮੌਕਾ ਦਿੱਤਾ ਹੈ।

ਉਹਨਾਂ ਨੇ ਸਪੋਕਸਮੈਨ ਚੈਨਲ ਰਾਹੀਂ ਇਕ ਬੇਨਤੀ ਵੀ ਕੀਤੀ ਹੈ ਕਿ ਉਹਨਾਂ ਦੀ ਓਰਗੈਨਿਕ ਫ਼ਸਲ ਦੀ ਸਾਂਭ ਸੰਭਾਲ ਕੀਤੀ ਜਾਵੇ, ਉਹਨਾਂ ਨੂੰ ਫ਼ਸਲ ਮੰਡੀਆਂ ਵਿਚ ਸੁੱਟ ਕੇ ਨਾ ਆਉਣੀ ਪਵੇ ਸਗੋਂ ਖੜ੍ਹੀ ਫ਼ਸਲ ਦਾ ਹੀ ਮੁੱਲ ਪੈਣਾ ਚਾਹੀਦਾ ਹੈ ਤਾਂ ਹੀ ਉਹ ਅੱਗੇ ਇਸ ਦਾ ਵਿਕਾਸ ਕਰ ਸਕਦੇ ਹਨ।

ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਲੜਕੀਆਂ ਅਤੇ ਲੜਕਿਆਂ ਵਿਚ ਕਦੇ ਵੀ ਭੇਦ-ਭਾਵ ਨਹੀਂ ਕਰਨਾ ਚਾਹੀਦਾ ਸਗੋਂ ਉਹਨਾਂ ਨੂੰ ਹੌਂਸਲਾ ਦੇਣਾ ਚਾਹੀਦਾ ਹੈ ਕਿ ਉਹ ਮੁੰਡਿਆਂ ਨਾਲੋਂ ਘਟ ਨਹੀਂ ਹਨ ਤੇ ਉਹਨਾਂ ਨੂੰ ਵੀ ਸਾਰੇ ਕੰਮ-ਕਾਜ ਕਰਨ ਦਾ ਹੱਕ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।