ਕਰਨਾਟਕ ਦੇ ਕਿਸਾਨ ਨੇ ਬਣਾਈ ਉੱਚੇ ਰੁੱਖਾਂ 'ਤੇ ਚੜ੍ਹਨ ਵਾਲੀ ਬਾਈਕ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਕਰਨਾਟਕ ਦੇ ਇਕ ਕਿਸਾਨ ਨੇ ਅਜਿਹੀ ਮਸ਼ੀਨ ਤਿਆਰ ਕੀਤੀ ਹੈ, ਜਿਸ ਦੀ ਮਦਦ ਨਾਲ ਕੁੱਝ ਸਕਿੰਟਾਂ ਵਿਚ ਹੀ ਉੱਚੇ ਤੋਂ ਉੱਚੇ ਰੁੱਖ 'ਤੇ ਚੜ੍ਹਿਆ ਜਾ ਸਕਦਾ ਹੈ।

Karnataka farmer develops ingenious bike to help farmers

ਕਰਨਾਟਕ : ਕਰਨਾਟਕ ਦੇ ਇਕ ਕਿਸਾਨ ਨੇ ਅਜਿਹੀ ਮਸ਼ੀਨ ਤਿਆਰ ਕੀਤੀ ਹੈ, ਜਿਸ ਦੀ ਮਦਦ ਨਾਲ ਕੁੱਝ ਸਕਿੰਟਾਂ ਵਿਚ ਹੀ ਉੱਚੇ ਤੋਂ ਉੱਚੇ ਰੁੱਖ 'ਤੇ ਚੜ੍ਹਿਆ ਜਾ ਸਕਦਾ ਹੈ। ਕਰਨਾਟਕ ਦੇ ਇਸ ਕਿਸਾਨ ਦਾ ਨਾਮ ਹੈ ਗਣਪਤੀ ਭੱਟ। ਦੱਖਣ ਭਾਰਤ ਅਤੇ ਦੇਸ਼ ਦੇ ਪੂਰਬ ਉਤਰ ਰਾਜਾਂ ਵਿਚ ਨਾਰੀਅਲ ਅਤੇ ਸੁਪਾਰੀ ਦੀ ਖੇਤੀ ਵੱਡੀ ਪੱਧਰ 'ਤੇ ਕੀਤੀ ਜਾਂਦੀ ਹੈ।

ਨਾਰੀਅਲ ਦੇ ਸੁਪਾਰੀ ਦੇ ਰੁੱਖ ਜ਼ਿਆਦਾ ਉੱਚੇ ਹੋਣ ਕਾਰਨ ਉਨ੍ਹਾਂ ਤੋਂ ਫ਼ਲ ਤੋੜਨਾ ਜਾਂ ਉਨ੍ਹਾਂ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਕਾਫ਼ੀ ਮੁਸ਼ਕਲ ਹੁੰਦਾ ਹੈ। ਆਮ ਤੌਰ 'ਤੇ ਕਿਸਾਨ ਖ਼ੁਦ ਹੀ ਅਪਣੀ ਜਾਨ ਜੋਖ਼ਮ ਵਿਚ ਪਾ ਕੇ ਇਹ ਕੰਮ ਕਰਦੇ ਹਨ। ਇਸ ਲਈ ਗਣਪਤੀ ਨੇ ਇਹ ਖ਼ਾਸ ਮਸ਼ੀਨ ਸੁਪਾਰੀ ਅਤੇ ਨਾਰੀਅਲ ਦੇ ਰੁੱਖਾਂ 'ਤੇ ਚੜ੍ਹਨ ਲਈ ਹੀ ਤਿਆਰ ਕੀਤੀ ਹੈ।

ਇਸ ਵਿਸ਼ੇਸ਼ ਮਸ਼ੀਨ ਨਾਲ ਕੁੱਝ ਸਕਿੰਟਾਂ ਵਿਚ ਹੀ ਉਚੇ ਤੋਂ ਉਚੇ ਰੁੱਖਾਂ 'ਤੇ ਚੜ੍ਹਿਆ ਜਾ ਸਕਦਾ ਹੈ। ਗਣਪਤੀ ਭੱਟ ਕਰਨਾਟਕ ਦੇ ਸਾਜੀਆਮੁਡਾ ਪਿੰਡ ਦਾ ਰਹਿਣ ਵਾਲਾ ਹੈ। ਗਣਪਤੀ ਅਨੁਸਾਰ ਨਾਰੀਅਲ ਅਤੇ ਸੁਪਾਰੀ ਦਾ ਰੁੱਖ ਕਾਫ਼ੀ ਉਚਾ ਹੁੰਦਾ ਹੈ ਅਤੇ ਉਸ ਦਾ ਤਣਾ ਸਾਫ਼ ਅਤੇ ਚਿਕਨਾ ਹੁੰਦਾ ਹੈ। ਇਸ ਕਰਕੇ ਇਨ੍ਹਾਂ 'ਤੇ ਚੜ੍ਹਨਾ ਕਾਫ਼ੀ ਮੁਸ਼ਕਲ ਭਰਿਆ ਕੰਮ ਹੁੰਦਾ ਹੈ ਪਰ ਇਸ ਮਸ਼ੀਨ ਰਾਹੀਂ ਇਹ ਸਮੱਸਿਆ ਹੱਲ ਹੋ ਗਈ ਹੈ।

ਇਸ ਮਸ਼ੀਨ ਦਾ ਵਜ਼ਨ ਸਿਰਫ਼ 28 ਕਿਲੋਗ੍ਰਾਮ ਹੈ ਜਿਸ ਵਿਚ ਟੂ ਸਟ੍ਰੋਕ ਇੰਜਣ ਲੱਗਿਆ ਹੋਇਆ ਹੈ। ਇਸ ਮਸ਼ੀਨ ਦੀ ਮਦਦ ਨਾਲ 80 ਕਿਲੋ ਵਜ਼ਨ ਵਾਲਾ ਕੋਈ ਵੀ ਵਿਅਕਤੀ ਆਸਾਨੀ ਨਾਲ ਉਚੇ ਰੁੱਖਾਂ 'ਤੇ ਚੜ੍ਹ ਸਕਦਾ ਹੈ। ਇਸ ਮਸ਼ੀਨ ਨੂੰ ਰੋਕਣ ਲਈ ਇਸ ਵਿਚ ਬ੍ਰੇਕ ਵੀ ਲੱਗੀ ਹੋਈ ਹੈ। ਕਿਸਾਨ ਦੇ ਇਸ ਕਾਰਨਾਮੇ ਦੀ ਸਾਰਿਆਂ ਵੱਲੋਂ ਤਾਰੀਫ਼ ਕੀਤੀ ਜਾ ਰਹੀ ਹੈ।