ਕਰਨਾਟਕ : 13,500 ਤੋਂ ਵੱਧ ਕਿਸਾਨਾਂ ਦੇ ਖਾਤਿਆਂ 'ਚੋਂ ਕਰਜ਼ਾ ਮਾਫ਼ੀ ਦੀ ਰਕਮ ਵਾਪਸ ਕੱਢੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਕੁਮਾਰਸਵਾਮੀ ਨੇ ਕਿਹਾ - ਇਹ ਕਰਜ਼ਾ ਮਾਫ਼ੀ ਦੀ ਰਕਮ ਸਿਰਫ਼ ਨੈਸ਼ਨਲ ਬੈਂਕਾਂ ਤੋਂ ਹੀ ਵਾਪਸ ਲਈ ਗਈ ਹੈ, ਜੋ ਕੇਂਦਰ ਸਰਕਾਰ ਦੇ ਅਧੀਨ ਹਨ।

Karnataka: After Lok Sabha polls, 14000 farmers' accounts wiped off loan waiver

ਬੰਗਲੁਰੂ : ਬੀਤੇ ਕੁਝ ਸਾਲਾਂ ਵਿਚ ਕਿਸਾਨਾਂ ਦੀ ਕਰਜ਼ ਮਾਫ਼ੀ ਦੇ ਵਾਅਦਿਆਂ ਦਾ ਹੜ੍ਹ ਜਿਹਾ ਆ ਗਿਆ ਹੈ। ਜਦੋਂ ਦੇਸ਼ ਦੇ ਕਿਸੇ ਵੀ ਸੂਬੇ 'ਚ ਚੋਣਾਂ ਹੋਣ ਤਾਂ ਸਾਰੀਆਂ ਪਾਰਟੀਆਂ ਵੱਲੋਂ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੇ ਵਾਅਦੇ ਕੀਤੇ ਜਾਂਦੇ ਹਨ। ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਵੀ ਕਰਜ਼ਾ ਮਾਫ਼ੀ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਨੇ ਵਾਅਦਾ ਪੂਰਾ ਕੀਤਾ। ਹੁਣ ਦੋ ਮਹੀਨਿਆਂ ਬਾਅਦ ਅਜਿਹੇ ਲਗਭਗ 13,500 ਕਿਸਾਨਾਂ ਦੇ ਖ਼ਾਤਿਆਂ 'ਚੋਂ ਕਰਜ਼ਾ ਮਾਫ਼ੀ ਦੀ ਰਕਮ ਵਾਪਸ ਲੈ ਲਈ ਗਈ ਹੈ।

ਸੂਬੇ ਦੇ ਯਾਦਗੀਰ ਜ਼ਿਲ੍ਹੇ ਦੇ ਪਿੰਡ ਸਾਗਰ 'ਚ ਰਹਿਣ ਵਾਲੇ ਸ਼ਿਵੱਪਾ ਦੇ ਖ਼ਾਤੇ 'ਚ ਦੋ ਮਹੀਨੇ ਪਹਿਲਾਂ ਕਰਜ਼ਾ ਮਾਫ਼ੀ ਦੇ 43,553 ਰੁਪਏ ਆਏ ਸਨ। ਇਹ ਖ਼ੁਸ਼ੀ ਉਸ ਨੂੰ ਜ਼ਿਆਦਾ ਦਿਨ ਨਸੀਬ ਨਾ ਹੋ ਸਕੀ। 3 ਜੂਨ ਨੂੰ ਸ਼ਿਵੱਪਾ ਨੂੰ ਬਗੈਰ ਕੋਈ ਸੂਚਨਾ ਦਿੱਤੇ ਉਸ ਦੇ ਖਾਤੇ 'ਚੋਂ ਇਹ ਰਕਮ ਵਾਪਸ ਕੱਢ ਲਈ ਗਈ। ਸੂਬੇ 'ਚ ਸਿਰਫ਼ ਸ਼ਿਵੱਪਾ ਹੀ ਇਕਲੌਤੇ ਅਜਿਹੇ ਕਿਸਾਨ ਨਹੀਂ ਹਨ, ਜਿਨ੍ਹਾਂ ਦੇ ਖਾਤੇ 'ਚੋਂ ਕਰਜ਼ਾ ਮਾਫ਼ੀ ਦੇ ਪੈਸੇ ਕੱਢੇ ਗਏ ਹਨ। ਉਸ ਦੀ ਤਰ੍ਹਾਂ 13,988 ਕਿਸਾਨ ਹਨ। 

ਹੁਣ ਕਿਸਾਨਾਂ ਨੇ ਸਰਕਾਰ 'ਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਸਿਰਫ਼ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਰਜ਼ਾ ਮਾਫ਼ੀ ਦੀ ਇਹ ਰਕਮ ਉਨ੍ਹਾਂ ਲੋਕਾਂ ਦੇ ਖ਼ਾਤਿਆਂ 'ਚ ਭੇਜੀ ਗਈ ਸੀ ਅਤੇ ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਵਾਪਸ ਲੈ ਲਈ ਗਈ। ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਸਿਰਫ਼ ਝੂਠੀਆਂ ਗੱਲਾਂ ਹਨ, ਜੋ ਵਿਰੋਧੀ ਪਾਰਟੀਆਂ ਵੱਲੋਂ ਫ਼ੈਲਾਈਆਂ ਜਾ ਰਹੀਆਂ ਹਨ। 

ਮੁੱਖ ਮੰਤਰੀ ਕੁਮਾਰਸਵਾਮੀ ਨੇ ਕਿਹਾ ਕਿ ਇਹ ਕਰਜ਼ਾ ਮਾਫ਼ੀ ਦੀ ਰਕਮ ਸਿਰਫ਼ ਨੈਸ਼ਨਲ ਬੈਂਕਾਂ ਤੋਂ ਹੀ ਵਾਪਸ ਲਈ ਗਈ ਹੈ, ਜੋ ਕੇਂਦਰ ਸਰਕਾਰ ਦੇ ਅਧੀਨ ਹਨ। ਉਨ੍ਹਾਂ ਟਵੀਟ ਕੀਤਾ ਕਿ ਇਹ ਜਾਣਕਾਰੀ ਸੂਬਾ ਸਰਕਾਰ ਵੱਲੋਂ ਕਰਵਾਈ ਗਈ ਆਡਿਟ 'ਚ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸਰਕਾਰ ਦੇ ਕਰੋੜਾਂ ਰੁਪਏ ਬਚੇ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ 14 ਜੂਨ ਨੂੰ ਨੈਸ਼ਨਲ ਬੈਂਕਾਂ ਦੀ ਇਕ ਮੀਟਿੰਗ ਬੁਲਾਈ ਹੈ। ਇਸ ਮੀਟਿੰਗ 'ਚ ਇਸੇ ਬਾਰੇ ਚਰਚਾ ਕੀਤੀ ਜਾਵੇਗੀ।