ਲੈਮਨ ਗ੍ਰਾਸ ਦੀ ਖੇਤੀ
ਲੈਮਨ ਗ੍ਰਾਸ ਜਾਂ ਨਿੰਬੂ ਦੇ ਘਾਹ ਦਾ ਮਹੱਤਵ ਉਨ੍ਹਾਂ ਦੀਆਂ ਖ਼ੁਸ਼ਬੂਦਾਰ ਪੱਤੀਆਂ ਕਰ ਕੇ ਹੈ।
ਚੰਡੀਗੜ੍ਹ: ਲੈਮਨ ਗ੍ਰਾਸ ਜਾਂ ਨਿੰਬੂ ਦੇ ਘਾਹ ਦਾ ਮਹੱਤਵ ਉਨ੍ਹਾਂ ਦੀਆਂ ਖ਼ੁਸ਼ਬੂਦਾਰ ਪੱਤੀਆਂ ਕਰ ਕੇ ਹੈ। ਪੱਤੀਆਂ ਦੇ ਵਾਸ਼ਪੀਕਰਨ ਨਾਲ ਤੇਲ ਪ੍ਰਾਪਤ ਹੁੰਦਾ ਹੈ, ਜਿਸ ਦਾ ਪ੍ਰਯੋਗ ਕਾਸਮੈਟਿਕਸ, ਸੁੰਦਰਤਾ ਉਤਪਾਦ, ਸਾਬਣ, ਕੀਟਨਾਸ਼ਕ ਅਤੇ ਦਵਾਈਆਂ 'ਚ ਹੁੰਦਾ ਹੈ। ਇਸ ਤੇਲ ਦਾ ਮੁੱਖ ਘਟਕ ਸਿਟ੍ਰਾਨ (80-60 ਫ਼ੀ ਸਦੀ) ਹੁੰਦਾ ਹੈ।
ਨਿੰਬੂ ਦਾ ਘਾਹ ਗਰਮ ਅਤੇ ਸਰਦ ਹਰ ਜਲਵਾਯੂ 'ਚ ਸੁਚਾਰੂ ਰੂਪ 'ਚ ਹੁੰਦਾ ਹੈ। ਆਮ ਤੌਰ 'ਤੇ 250-300 ਮਿਲੀਮੀਟਰ ਮੀਂਹ ਇਸ ਲਈ ਢੁਕਵਾਂ ਹੁੰਦਾ ਹੈ। ਇਹ ਪ੍ਰਮੁੱਖ ਰੂਪ 'ਚ ਮੀਂਹ 'ਤੇ ਅਧਾਰਤ ਸਿੰਜਾਈਹੀਣ ਹਾਲਤ 'ਚ ਉਗਾਇਆ ਜਾਂਦਾ ਹੈ। ਇਹ ਘਾਹ ਹਰ ਤਰ੍ਹਾਂ ਦੀ ਮਿੱਟੀ 'ਚ ਉੱਗ ਜਾਂਦਾ ਹੈ। ਪਰ ਇਹ ਖੜੇ ਪਾਣੀ 'ਚ ਨਹੀਂ ਰਹਿ ਸਕਦਾ।
ਇਸ ਲਈ ਚੰਗੇ ਪਾਣੀ ਦੇ ਨਿਕਾਸ ਵਾਲੀ ਜ਼ਮੀਨ ਦੀ ਚੋਣ ਕਰਨਾ ਚੰਗਾ ਹੁੰਦਾ ਹੈ। ਦੋਮਟ ਮਿੱਟੀ ਇਸ ਦੀ ਖੇਤੀ ਲਈ ਬਹੁਤ ਚੰਗੀ ਹੈ। ਢਲਾਨ ਵਾਲੇ ਖੇਤਰਾਂ 'ਚ, ਜਿੱਥੇ ਮਿੱਟੀ ਖੁਰਦੀ ਰਹਿੰਦੀ ਹੈ, ਉਥੇ ਇਸ ਦੀ ਖੇਤੀ ਕਰਨ ਨਾਲ ਮਿੱਟੀ ਦਾ ਖੁਰਨਾ ਬੰਦ ਹੋ ਜਾਂਦਾ ਹੈ। ਇਕ ਹੈਕਟੇਅਰ 'ਚ ਬਿਜਾਈ ਕਰਨ ਲਈ ਪੌਧ ਤਿਆਰ ਕਰਨ ਲਈ 4 ਤੋਂ 5 ਕਿੱਲੋ ਬੀਜਾਂ ਦੀ ਜ਼ਰੂਰਤ ਹੁੰਦੀ ਹੈ। ਅਪ੍ਰੈਲ-ਮਈ ਤਕ ਇਸ ਦੀ ਨਰਸਰੀ ਤਿਆਰ ਹੋ ਜਾਂਦੀ ਹੈ।
ਜੁਲਾਈ ਦੇ ਪਹਿਲੇ ਹਫ਼ਤੇ 'ਚ ਇਸ ਦੀ ਬਿਜਾਈ ਕਰੋ। ਫ਼ਰਵਰੀ ਤੋਂ ਮਾਰਚ ਦੌਰਾਨ ਖੁਸ਼ਕ ਮੌਸਮ 'ਚ ਇਸ ਦੀ ਸਿੰਜਾਈ ਦੀ ਜ਼ਰੂਰਤ ਪੈਂਦੀ ਹੈ। ਪਹਿਲੀ ਕਟਾਈ 3 ਮਹੀਨਿਆਂ ਬਾਅਦ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਹਰ 2 ਤੋਂ ਢਾਈ ਮਹੀਨਿਆਂ ਬਾਅਦ ਕਟਾਈ ਕੀਤੀ ਜਾਂਦੀ ਹੈ। ਪ੍ਰਤੀ ਹੈਕਟੇਅਰ 10 ਤੋਂ 25 ਟਨ ਤਕ ਘਾਹ ਪੈਦਾ ਹੁੰਦਾ ਹੈ, ਜਿਸ 'ਚੋਂ 60 ਤੋਂ 80 ਕਿਲੋ ਮਿਲਦਾ ਹੈ।