ਹਰੇ ਚਾਰੇ ਲਈ ਬਰਸੀਮ ਦੀ ਖੇਤੀ ਕਿਵੇਂ ਕਰੀਏ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਹਰੇ ਚਾਰਿਆਂ ਵਿਚ ਪ੍ਰੋਟੀਨ, ਵਿਟਾਮਿਨ ‘ਏ’, ਵਿਟਾਮਿਨ ‘ਡੀ’, ਖਣਿਜ ਅਤੇ ਹਜ਼ਮ ਹੋਣ ਵਾਲੇ ਤੱਤ ਕਾਫ਼ੀ ਮਾਤਰਾ ਵਿਚ ਹੁੰਦੇ ਹਨ।

Barseem

ਚੰਡੀਗੜ੍ਹ: ਹਰੇ ਚਾਰੇ ਡੇਅਰੀ ਦੇ ਧੰਦੇ ਲਈ ਰੀੜ੍ਹ ਦੀ ਹੱਡੀ ਹਨ ਕਿਉਂਕਿ ਹਰੇ ਚਾਰਿਆਂ ਵਿਚ ਪ੍ਰੋਟੀਨ, ਵਿਟਾਮਿਨ ‘ਏ’, ਵਿਟਾਮਿਨ ‘ਡੀ’, ਖਣਿਜ ਅਤੇ ਹਜ਼ਮ ਹੋਣ ਵਾਲੇ ਤੱਤ ਕਾਫ਼ੀ ਮਾਤਰਾ ਵਿਚ ਹੁੰਦੇ ਹਨ। ਪੰਜਾਬ ਦੀ ਤਕਰੀਬਨ 8.95 ਲੱਖ ਹੈਕਟੇਅਰ ਭੂਮੀ ਵਿਚ ਚਾਰਾ ਬੀਜਿਆ ਜਾਂਦਾ ਹੈ ਅਤੇ ਹਰੇ-ਚਾਰੇ ਦੀ ਸਾਲਾਨਾ ਪੈਦਾਵਾਰ 719 ਲੱਖ ਟਨ ਹੈ। ਇਕ ਪਸ਼ੂ ਨੂੰ ਪ੍ਰਤੀ ਦਿਨ ਤਕਰੀਬਨ 31.58 ਕਿਲੋ ਚਾਰਾ ਮਿਲਦਾ ਹੈ ਜੋ ਕਿ ਬਹੁਤ ਘੱਟ ਹੈ। ਇਸ ਲਈ ਬਰਸੀਮ ਦੀ ਫ਼ਸਲ ਤੋਂ ਨਵੰਬਰ ਤੋਂ ਲੈ ਕੇ ਜੂਨ ਦੇ ਅੱਧ ਤੱਕ ਵਾਰ ਵਾਰ ਕਟਾਈਆਂ ਕਰਕੇ ਬਹੁਤ ਪੌਸ਼ਟਿਕ ਅਤੇ ਸੁਆਦੀ ਪਸ਼ੂਆਂ ਲਈ ਹਰਾ-ਚਾਰਾ ਪ੍ਰਾਪਤ ਕਰ ਸਕਦੇ ਹਾਂ।

ਜ਼ਮੀਨ ਦੀ ਤਿਆਰੀ: ਬਰਸੀਮ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ 2-3 ਵਾਰ ਚੰਗੀ ਤਰ੍ਹਾਂ ਵਾਹਿਆ ਜਾਵੇ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰੋ। ਖੇਤ ਨੂੰ ਚੰਗੀ ਤਰ੍ਹਾਂ ਪੱਧਰਾ ਕਰੋ ਅਤੇ ਖੇਤ ਵਿਚ ਕੋਈ ਘਾਹ ਫੂਸ, ਨਦੀਨ ਨਹੀਂ ਹੋਣਾ ਚਾਹੀਦਾ।

ਜੀਵਾਣੂ ਖਾਦ ਦਾ ਟੀਕਾ: ਹਰੇ-ਚਾਰੇ ਦਾ ਵੱਧ ਝਾੜ ਲੈਣ ਲਈ ਬਰਸੀਮ ਦੇ ਬੀਜ ਨੂੰ ਜੀਵਾਣੂ ਖਾਦ (ਰਾਈਜੋਬੀਅਮ) ਦਾ ਟੀਕਾ ਲਾਉਣਾ ਬਹੁਤ ਜ਼ਰੂਰੀ ਹੈ। ਪਹਿਲਾਂ ਇਕ ਏਕੜ ਦੇ ਬੀਜ ਨੂੰ ਘੱਟ ਤੋਂ ਘੱਟ ਪਾਣੀ ਨਾਲ ਭਿਉਂ ਲਵੋ ਅਤੇ ਫਿਰ ਟੀਕੇ ਦਾ ਇੱਕ ਪੈਕੇਟ, ਇਸ ਭਿੱਜੇ ਹੋਏ ਬੀਜ ਨਾਲ ਪੱਕੇ ਸਾਫ਼ ਫ਼ਰਸ਼ ਜਾਂ ਤਰਪਾਲ ਉਪਰ ਚੰਗੀ ਤਰ੍ਹਾਂ ਰਲਾ ਲਵੋ। ਫਿਰ ਬੀਜ ਨੂੰ ਛਾਂ ਵਿਚ ਸੁਕਾ ਲਿਆ ਜਾਵੇ ਅਤੇ ਉਸੇ ਦਿਨ ਸ਼ਾਮ ਵੇਲੇ ਖੜ੍ਹੇ ਪਾਣੀ ਵਿਚ ਛਿੱਟਾ ਦਿਓ ਤਾਂ ਜੋ ਸੂਰਜ ਦੀ ਧੁੱਪ ਨਾਲ ਜੀਵਾਣੂ ਖਾਦ ਦੇ ਟੀਕੇ ਦਾ ਅਸਰ ਖ਼ਤਮ ਨਾ ਹੋ ਜਾਵੇ।

ਬੀਜ ਦੀ ਮਾਤਰਾ ਅਤੇ ਬੀਜਣ ਦਾ ਢੰਗ: ਬਰਸੀਮ ਦੀ ਬਿਜਾਈ ਲਈ 8 ਤੋਂ 10 ਕਿਲੋ ਬੀਜ ਪ੍ਰਤੀ ਏਕੜ ਵਰਤੋ। ਬਿਜਾਈ ਖੜ੍ਹੇ ਪਾਣੀ ਵਿਚ ਛੱਟੇ ਨਾਲ ਕਰੋ। ਜੇ ਹਵਾ ਚਲਦੀ ਹੋਵੇ ਤਾਂ ਸੁੱਕੇ ਖੇਤ ਵਿਚ ਬੀਜ ਦਾ ਛੱਟਾ ਦਿਓ ਅਤੇ ਬਾਅਦ ਵਿਚ ਸੁਹਾਗਾ ਫੇਰ ਕੇ ਪਾਣੀ ਲਾ ਦਿੱਤਾ ਜਾਵੇ। ਬਰਸੀਮ ਦਾ ਬੀਜ ਕਾਸ਼ਨੀ ਦੇ ਬੀਜ ਤੋਂ ਰਹਿਤ ਕਰਨ ਲਈ ਬੀਜ ਨੂੰ ਪਾਣੀ ਵਿਚ ਡੋਬੋ ਜਿਸ ਨਾਲ ਕਾਸ਼ਨੀ ਦਾ ਬੀਜ ਉਪਰ ਤਰ ਆਵੇਗਾ, ਇਸ ਨੂੰ ਛਾਨਣੀ ਨਾਲ ਵੱਖ ਕਰ ਲਿਆ ਜਾਵੇ। ਵਧੇਰੇ ਅਤੇ ਚੰਗਾ ਚਾਰਾ ਲੈਣ ਲਈ ਬਰਸੀਮ ਦੇ ਇੱਕ ਏਕੜ ਦੇ ਬੀਜ ਵਿਚ 750 ਗ੍ਰਾਮ ਸਰ੍ਹੋਂ ਦਾ ਬੀਜ ਮਿਲਾ ਕੇ ਬੀਜੋ।

ਬਰਸੀਮ ਵਿਚ ਜਵੀ ਦਾ ਬੀਜ ਵੀ ਰਲਾ ਕੇ ਬੀਜ ਸਕਦੇ ਹਾਂ। ਇਸ ਲਈ ਬਰਸੀਮ ਦਾ ਪੂਰਾ ਅਤੇ ਜਵੀ ਦਾ ਅੱਧਾ ਬੀਜ ਪਾਓ। ਪਹਿਲਾਂ ਜਵੀ ਦਾ ਬੀਜ ਖਿਲਾਰ ਕੇ ਹਲ ਨਾਲ ਜ਼ਮੀਨ ਵਿਚ ਮਿਲਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿਚ ਸਿੰਜਾਈ ਕਰਕੇ ਬਰਸੀਮ ਦੇ ਬੀਜ ਦਾ ਛੱਟਾ ਖੜ੍ਹੇ ਪਾਣੀ ਵਿਚ ਦੇ ਦਿੱਤਾ ਜਾਂਦਾ ਹੈ। ਬਰਸੀਮ ਵਿਚ ਰਾਈ ਘਾਹ ਰਲਾ ਕੇ ਬੀਜਣ ਨਾਲ ਬਹੁਤ ਗੁਣਕਾਰੀ ਮਿਸ਼ਰਨ ਚਾਰਾ ਬਣਦਾ ਹੈ। ਇਸ ਮਿਸ਼ਰਨ ਚਾਰੇ ਦਾ ਬਹੁਤਾ ਝਾੜ ਲੈਣ ਲਈ ਰਾਈ ਘਾਹ ਦਾ 2-3 ਕਿਲੋ ਅਤੇ ਬਰਸੀਮ ਦਾ 8-10 ਕਿਲੋ ਬੀਜ ਪ੍ਰਤੀ ਏਕੜ ਪਾਓ। ਰਾਈ ਘਾਹ ਦੇ ਬੀਜ ਨੂੰ ਮਿੱਟੀ ਵਿਚ ਮਿਲਾ ਕੇ ਇਕਸਾਰ ਛੱਟਾ ਦਿਓ ਅਤੇ ਬਾਅਦ ਵਿਚ ਬਰਸੀਮ ਦਾ ਛੱਟਾ ਦੇ ਕੇ ਰੇਕ ਫੇਰ ਕੇ ਖੇਤ ਨੂੰ ਪਾਣੀ ਲਾ ਦਿਓ।

ਖਾਦਾਂ ਦੀ ਵਰਤੋਂ: ਬਿਜਾਈ ਸਮੇਂ 6 ਟਨ ਰੂੜੀ ਦੀ ਖਾਦ ਅਤੇ 20 ਕਿਲੋ ਫ਼ਾਸਫ਼ੋਰਸ ਤੱਤ (125 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਦੇਸੀ ਰੂੜੀ ਦੀ ਵਰਤੋਂ ਨਾ ਕਰਨ ਦੀ ਹਾਲਤ ਵਿਚ 10 ਕਿਲੋ ਨਾਈਟ੍ਰੋਜਨ ਤੱਤ (22 ਕਿਲੋ ਯੂਰੀਆ ਅਤੇ 30 ਕਿਲੋ ਫ਼ਾਸਫ਼ੋਰਸ ਤੱਤ (185 ਕਿਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਪਾਓ। ਸੁਪਰਫਾਸਫੇਟ ਖਾਦ ਦੀ ਵਰਤੋਂ ਨਾਲ ਸਲਫਰ ਤੱਤ ਵੀ ਖੇਤ ਨੂੰ ਮਿਲ ਜਾਂਦਾ ਹੈ। ਜਿੱਥੇ ਬਰਸੀਮ ਵਿਚ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ, 10 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ (22 ਕਿਲੋ ਯੂਰੀਆ ਖਾਦ) ਹਰ ਕਟਾਈ ਮਗਰੋਂ ਪਾਉ।

ਝੋਨੇ ਪਿਛੋਂ ਬਰਸੀਮ ਬੀਜਣ ਨਾਲ ਹਲਕੀਆਂ ਰੇਤਲੀਆਂ ਜ਼ਮੀਨਾਂ ਵਿਚ ਆਮ ਤੌਰ ’ਤੇ ਮੈਂਗਨੀਜ਼ ਦੀ ਘਾਟ ਆ ਜਾਂਦੀ ਹੈ। ਬਰਸੀਮ ਦੇ ਵਿਚਕਾਰਲੇ ਤਣੇ ਦੇ ਪੱਤੇ ਵਿਚਕਾਰੋਂ ਸਲੇਟੀ ਤੋਂ ਪੀਲੇ ਰੰਗ ਦੇ ਹੋ ਕੇ ਸੁੱਕ ਜਾਂਦੇ ਹਨ। ਇਸ ਲਈ ਕਟਾਈ ਕਰਨ ਤੋਂ 2 ਹਫਤੇ ਬਾਅਦ ਮੈਂਗਨੀਜ਼ ਸਲਫ਼ੇਟ 0.5% (ਇਕ ਕਿਲੋ ਮੈਂਗਨੀਜ਼ ਸਲਫੇਟ 200 ਲਿਟਰ ਪਾਣੀ ਵਿਚ) ਦਾ ਘੋਲ ਬਣਾ ਕੇ ਧੁੱਪ ਵਾਲੇ ਦਿਨ ਹਫ਼ਤੇ-ਹਫ਼ਤੇ ਦੇ ਵਕਫ਼ੇ ਨਾਲ 2-3 ਵਾਰ ਕੀਤਾ ਜਾਵੇ।

ਸਿੰਜਾਈ ਪ੍ਰਬੰਧ: ਪਹਿਲਾ ਪਾਣੀ ਬਹੁਤ ਜ਼ਰੂਰੀ ਹੈ ਅਤੇ ਵਧੀਆ ਫ਼ਸਲ ਲਈ ਇਹ ਪਾਣੀ ਛੇਤੀ ਦਿਓ ਤਾਂ ਜੋ ਬੀਜ ਅਸਾਨੀ ਨਾਲ ਉੱਗ ਸਕਣ। ਪਹਿਲਾ ਪਾਣੀ ਹਲਕੀਆਂ ਜ਼ਮੀਨਾਂ ਵਿਚ 3-5 ਦਿਨਾਂ ਬਾਅਦ ਅਤੇ ਭਾਰੀਆਂ ਜ਼ਮੀਨਾਂ ਵਿਚ 6-8 ਦਿਨਾਂ ਬਾਅਦ ਦਿੱਤਾ ਜਾਵੇ। ਇਸ ਤੋਂ ਬਾਅਦ ਵਾਲੇ ਪਾਣੀ ਜ਼ਮੀਨ ਅਤੇ ਮੌਸਮ ਅਨੁਸਾਰ ਗਰਮੀਆਂ ਵਿਚ 8-10 ਦਿਨਾਂ ਬਾਅਦ ਅਤੇ ਸਰਦੀਆਂ ਵਿਚ 10-15 ਦਿਨਾਂ ਬਾਅਦ ਦੇਣੇ ਚਾਹੀਦੇ ਹਨ।

ਕਟਾਈ: ਬਿਜਾਈ ਤੋਂ ਲਗਪਗ 50 ਦਿਨਾਂ ਬਾਅਦ ਬਰਸੀਮ ਦਾ ਪਹਿਲਾ ਲੌਅ ਤਿਆਰ ਹੋ ਜਾਂਦਾ ਹੈ, ਉਸ ਪਿੱਛੋਂ ਸਰਦੀਆਂ ਵਿਚ 40 ਦਿਨਾਂ ਪਿਛੋਂ ਅਤੇ ਬਾਅਦ ਵਿਚ 30 ਦਿਨਾਂ ਦੇ ਵਕਫ਼ੇ ’ਤੇ ਲੌਅ ਲਏ ਜਾ ਸਕਦੇ ਹਨ। ਦਾਤੀ ਨਾਲ ਕਟਾਈ ਦੇ ਮੁਕਾਬਲੇ ਲੰਮੇ ਹੈਂਡਲ ਵਾਲੇ ਦਾਤਰੇ ਦੀ ਵਰਤੋਂ ਨਾਲ 2 ਤੋਂ 3 ਗੁਣਾ ਵਧੇਰੇ ਕਟਾਈ ਹੁੰਦੀ ਹੈ।