ਝੋਨਾ ਕਾਸ਼ਤਕਾਰਾਂ ਲਈ ਵੱਡੀ ਖ਼ਬਰ: ਸਰਕਾਰ ਨੇ 9 ਖੇਤੀ-ਰਸਾਇਣਾਂ ਦੀ ਵਿਕਰੀ 'ਤੇ ਲਾਈ ਪਾਬੰਦੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਝੋਨੇ ਦੀ ਫ਼ਸਲ ਦੀ ਗੁਣਵੱਤਾ ਬਚਾਉਣ ਅਤੇ ਬਾਸਮਤੀ ਦੀ ਬਰਾਮਦ ਨੂੰ ਹੁਲਾਰਾ ਦੇਣ ਲਈ ਲਿਆ ਫ਼ੈਸਲਾ

Agro Chemicals

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿਚ 9 ਖੇਤੀ-ਰਸਾਇਣਾਂ ਦੀ ਵਿਕਰੀ ਅਤੇ ਵਰਤੋਂ 'ਤੇ ਰੋਕ ਲਾਉਣ ਦੇ ਹੁਕਮ ਦਿਤੇ ਹਨ। ਖੇਤੀਬਾੜੀ ਵਿਭਾਗ ਦੇ ਧਿਆਨ ਵਿਚ ਆਇਆ ਕਿ ਝੋਨੇ ਦੀ ਗੁਣਵੱਤਾ ਲਈ ਨੁਕਸਾਨਦੇਹ ਹੋਣ ਦੇ ਬਾਵਜੂਦ ਕਿਸਾਨਾਂ ਵਲੋਂ ਅਜੇ ਵੀ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਹੁਕਮ ਜਾਰੀ ਕੀਤੇ।

ਇਸ ਪਾਬੰਦੀ ਦਾ ਉਦੇਸ਼ ਝੋਨੇ ਦੀ ਗੁਣਵੱਤਾ ਨੂੰ ਬਚਾਉਣਾ ਹੈ ਜੋ ਕੌਮਾਂਤਰੀ ਮਾਰਕੀਟ ਵਿਚ ਝੋਨੇ ਦੀ ਬਰਾਮਦ ਅਤੇ ਲਾਹੇਵੰਦ ਕੀਮਤ ਲਈ ਬਹੁਤ ਅਹਿਮੀਅਤ ਰਖਦਾ ਹੈ। ਮੁੱਖ ਮੰਤਰੀ, ਜਿਨ੍ਹਾਂ ਕੋਲ ਖੇਤੀਬਾੜੀ ਮਹਿਕਮਾ ਵੀ ਹੈ, ਨੇ ਕੀਟਨਾਸ਼ਕ ਐਕਟ, 1968 ਦੀ ਧਾਰਾ 27 ਤਹਿਤ ਤੁਰਤ ਪ੍ਰਭਾਵ ਨਾਲ 9 ਖੇਤੀ-ਰਸਾਇਣਾਂ 'ਤੇ ਪਾਬੰਦੀ ਲਾਉਣ ਦੀ ਮਨਜ਼ੂਰੀ ਦੇ ਦਿਤੀ ਹੈ।

ਪਾਬੰਦੀਸ਼ੁਦਾ ਰਸਾਇਣਾਂ 'ਚ ਐਸੀਫੇਟ, ਟਰਾਈਜ਼ੋਫੋਸ, ਥਾਇਆਮੈਥੌਕਸਮ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਬੁਪਰੋਫੀਜ਼ਨ, ਕਾਰਬੋਫਿਊਰਾਨ, ਪਰੌਪੀਕੋਨਾਜ਼ੋਲ ਅਤੇ ਥਾਇਓਫਿਨੇਟ ਮਥਾਇਲ ਸ਼ਾਮਲ ਹਨ।

ਹੁਕਮਾਂ ਮੁਤਾਬਕ ਇਨ੍ਹਾਂ 9 ਕੀਟਨਾਸ਼ਕਾਂ ਦੀ ਵਿਕਰੀ, ਮਾਲ ਭੰਡਾਰ ਕਰਨ, ਵੰਡ ਅਤੇ ਝੋਨੇ ਦੀ ਫ਼ਸਲ 'ਤੇ ਵਰਤੋਂ ਉਪਰ ਪਾਬੰਦੀ ਲੱਗ ਚੁੱਕੀ ਹੈ।

ਮੁੱਖ ਮੰਤਰੀ ਨੇ ਖੇਤੀਬਾੜੀ ਸਕੱਤਰ ਕੇ.ਐਸ. ਪੰਨੂ ਨੂੰ ਇਸ ਸਬੰਧ ਵਿਚ ਖੇਤੀਬਾੜੀ ਡਾਇਰੈਕਟਰ ਨੂੰ ਵਿਸਥਾਰਤ ਹਦਾਇਤਾਂ ਜਾਰੀ ਕਰਨ ਲਈ ਆਖਿਆ ਤਾਂ ਕਿ ਸੂਬਾ ਸਰਕਾਰ ਦੀਆਂ ਲੈਬਾਰਟੀਆਂ ਵਲੋਂ ਸੈਂਪਲ ਟੈਸਟਿੰਗ ਜਾਰੀ ਕਰਨ ਤੋਂ ਬਾਅਦ ਲਾਈ ਗਈ  ਪਾਬੰਦੀ ਦੇ ਸਖ਼ਤੀ ਨਾਲ ਅਮਲ ਨੂੰ ਯਕੀਨੀ ਬਣਾਇਆ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।