ਪੰਜਾਬ ਦੇ ਕਿਸਾਨਾਂ ਨੇ ਰਿਕਾਰਡ ਸਮੇਂ 'ਚ ਕੀਤੀ 77 ਫ਼ੀਸਦੀ ਕਣਕ ਦੀ ਬਿਜਾਈ : ਡਾਇਰੈਕਟਰ ਖੇਤੀਬਾੜੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਦੇ 26.20 ਲੱਖ ਏਕੜ ਦੇ ਖੇਤਰ ਵਿੱਚ  ਕਣਕ ਦੀ ਬਿਜਾਈ ਕੀਤੀ ਜਾ ਚੁੱਕੀ ਹੈ ਜੋ ਕਿ ਸੂਬੇ ਵਿਚ ਕਣਕ ਦੀ ਬਿਜਾਈ ਅਧੀਨ...

Wheat

ਚੰਡੀਗੜ (ਪੀਟੀਆਈ) : ਪੰਜਾਬ ਦੇ 26.20 ਲੱਖ ਏਕੜ ਦੇ ਖੇਤਰ ਵਿੱਚ  ਕਣਕ ਦੀ ਬਿਜਾਈ ਕੀਤੀ ਜਾ ਚੁੱਕੀ ਹੈ ਜੋ ਕਿ ਸੂਬੇ ਵਿਚ ਕਣਕ ਦੀ ਬਿਜਾਈ ਅਧੀਨ ਆਉਂਦੇ ਕੁੱਲ ਰਕਬੇ ਦਾ 77 ਫੀਸਦ ਹਿੱਸਾ ਬਣਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਡਾਇਰੈਕਟਰ ਸ੍ਰੀ ਜਸਬੀਰ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਸਾਲ ਦੇ ਨਿਸਬਤ ਹੁਣ ਤੱਕ 3 ਫੀਸਦ ਵੱਧ ਖੇਤਰ ਵਿਚ ਕਣਕ ਦੀ ਬਿਜਾਈ ਮੁਕੰਮਲ ਕੀਤੀ ਜਾ ਚੁੱਕੀ ਹੈ। ਪਿਛਲੇ ਸਾਲ ਇਸ ਸਮੇਂ ਤੱਕ 25.12 ਲੱਖ ਏਕੜ ਖੇਤਰ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਸੀ ਜੋ ਕਿ ਬਿਜਾਈ ਅਧੀਨ ਕੁੱਲ ਖੇਤਰ ਦਾ 74 ਫੀਸਦ ਬਣਦਾ ਸੀ।

ਵਿਭਾਗ ਨੂੰ ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਤੱਕ ਪਟਿਆਲਾ ਜ਼ਿਲਾ ਵਿਚ 97 ਫੀਸਦ ਜਦਕਿ ਸੰਗਰੂਰ ਅਤੇ ਫਤਿਹਗੜ ਸਾਹਿਬ ਜਿਲਿਆਂ ਵਿਚ 98 ਫੀਸਦ ਬਿਜਾਈ ਮੁਕੰਮਲ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਬਿਜਾਈ ਵਿੱਚ ਦਰਜ ਕੀਤਾ ਇਹ ਵਾਧਾ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਫਸਲੀ ਰਹਿੰਦ-ਖੂਹੰਦ ਦੀ ਸੰਭਾਲ ਲਈ ਆਧੁਨਿਕ ਤੇ ਵਧੀਆ ਕਿਸਮ ਦੀ ਮਸ਼ੀਨਾਂ ਸਬਸਿਡੀ 'ਤੇ ਮੁਹੱਈਆ ਕਰਵਾਉਣ ਸਦਕਾ ਸੰਭਵ ਹੋ ਸਕਿਆ ਹੈ। ਬਾਕੀ ਰਹਿੰਦਾ ਖੇਤਰ ਜਿੱਥੇ ਕਣਕ ਦੀ ਬਿਜਾਈ  ਹਾਲੇ ਨਹੀਂ ਹੋਈ , ਉਹ ਖੇਤਰ ਹੈ ਜੋ ਕਪਾਹ ਤੇ ਬਾਸਮਤੀ ਅਧੀਨ ਹੈ ਅਤੇ ਜਿੱਥੇ ਪਹਿਲਾਂ ਤੋਂ ਹੀ ਇਹਨਾਂ ਫਸਲਾਂ ਦਾ ਰੁਝਾਨ ਰਿਹਾ ਹੈ।

ਡਾਇਰੈਕਟਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫਸਲ ਅਧੀਨ ਇੱਕ ਏਕੜ ਦੇ ਰਕਬੇ ਵਿੱਚ ਇੱਕ ਬੋਰੀ ਡੀ.ਏ.ਪੀ ਤੋਂ ਵੱਧ ਦੀ ਵਰਤੋਂ ਨਾ ਕੀਤੀ ਜਾਵੇ। ਉਨਾਂ ਇਹ ਵੀ ਸੁਝਾਅ ਦਿੱਤਾ ਕਿ ਕਣਕ ਦੀ ਬਿਜਾਈ ਦੇ 55 ਦਿਨਾਂ ਦਰਮਿਆਨ ਯੂਰੀਆ ਦੀਆਂ 2 ਬੋਰੀਆਂ ਤੋਂ ਵੱਧ ਨਾ ਵਰਤੀਆਂ ਜਾਣ ਤਾਂ ਜੋ ਜਿੰਕ ਜਿਹੇ ਹੋਰ ਲੋੜੀਂਦੇ ਤੱਤਾਂ ਨੂੰ ਯੂਰੀਆ ਅਤੇ ਡੀਏਪੀ ਦੀ ਵਾਧੂ ਛਿੜਕਾਈ ਨਾਲ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ।