ਕਿਸਾਨਾਂ ਲਈ ਫਾਇਦੇਮੰਦ ਸਹਾਇਕ ਧੰਦਾ ਹੋ ਸਕਦੀ ਹੈ ਫੁੱਲਾਂ ਦੀ ਖੇਤੀ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਬਾਗ਼ਬਾਨੀ ਖੇਤੀਬਾੜੀ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਫ਼ਲ, ਸਬਜ਼ੀਆਂ ਅਤੇ ਫੁੱਲ ਉਗਾਏ ਜਾਂਦੇ ਹਨ। ਬਾਗ਼ਬਾਨੀ ਨੂੰ ਅੰਗਰੇਜ਼ੀ ਵਿੱਚ ‘8orticulture’ ਕਿਹਾ ਜਾਂਦਾ

flower cultivation

ਬਾਗ਼ਬਾਨੀ ਖੇਤੀਬਾੜੀ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਫ਼ਲ, ਸਬਜ਼ੀਆਂ ਅਤੇ ਫੁੱਲ ਉਗਾਏ ਜਾਂਦੇ ਹਨ। ਬਾਗ਼ਬਾਨੀ ਨੂੰ ਅੰਗਰੇਜ਼ੀ ਵਿੱਚ ‘8orticulture’ ਕਿਹਾ ਜਾਂਦਾ ਹੈ ਜਿਹੜਾ ਕਿ ਲਾਤੀਨੀ ਭਾਸ਼ਾ ਦਾ ਸ਼ਬਦ ਹੈ। ਇਹ ਦੋ ਸ਼ਬਦਾਂ ਨੂੰ ਜੋੜ ਕੇ ਬਣਿਆ ਹੈ ਜਿਸ ਅਧੀਨ ‘8ortus’ ਦਾ ਅਰਥ ‘ਬਾਗ਼’ ਅਤੇ ‘culture’ ਦਾ ਅਰਥ ‘ਉਗਾਉਣਾ’ ਹੈ। ਇਸ ਵਿੱਚ ਸੁੰਦਰ ਬਾਗ਼-ਬਗ਼ੀਚਿਆਂ ਦਾ ਨਿਰਮਾਣ ਵਿਉਂਤਬੰਦੀ ਨਾਲ ਕੀਤਾ ਜਾਂਦਾ ਹੈ। ਬਾਗ਼ਬਾਨੀ ਦੁਆਰਾ ਫਲਦਾਰ ਬੂਟਿਆਂ ਦੇ ਬਾਗ਼ ਲਾਏ ਜਾਂਦੇ ਹਨ। ਫਲ ਮਨੁੱਖ ਦੀ ਰੋਜ਼ਾਨਾ ਖ਼ੁਰਾਕ ਦਾ ਮੁੱਖ ਹਿੱਸਾ ਹੋਣੇ ਚਾਹੀਦੇ ਹਨ ਕਿਉਂਕਿ ਫਲਾਂ ਤੋਂ ਮਨੁੱਖ ਨੂੰ ਉਸ ਲਈ ਲੋੜੀਂਦੇ ਖ਼ੁਰਾਕੀ ਤੱਤ ਮਿਲਦੇ ਹਨ।

ਇਨ੍ਹਾਂ ਤੱਤਾਂ ਵਿੱਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਖਣਿਜ ਲੂਣ ਅਤੇ ਵਿਟਾਮਿਨ ਪਾਏ ਜਾਂਦੇ ਹਨ। ਮੌਜੂਦਾ ਸਮੇਂ ਦੌਰਾਨ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਰੁੱਖ ਲਾਉਣਾ ਅਤੇ ਸੁੰਦਰ ਪਾਰਕਾਂ ਦਾ ਨਿਰਮਾਣ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ।ਫੁੱਲਾਂ ਦੀ ਖੇਤੀ ਨੂੰ ਅੰਗਰੇਜ਼ੀ ਵਿੱਚ ‘ਫਲੋਰੀਕਲਚਰ’ ਕਿਹਾ ਜਾਂਦਾ ਹੈ। ਇਸ ਅਧੀਨ ਸਜਾਵਟੀ ਰੁੱਖ, ਝਾੜੀਆਂ, ਵੇਲਾਂ ਅਤੇ ਮੌਸਮੀ ਫੁੱਲ ਉਗਾਏ ਜਾਂਦੇ ਹਨ। ਸਜਾਵਟੀ ਪੌਦੇ ਅਤੇ ਫੁੱਲ ਪਵਿੱਤਰਤਾ, ਪਿਆਰ, ਸ਼ਾਂਤੀ ਅਤੇ ਸੁੰਦਰਤਾ ਦੇ ਪ੍ਰਤੀਕ ਹਨ। ਸਜਾਵਟੀ ਪੌਦੇ ਸਾਡੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਵਿੱਚ ਬਹੁਤ ਸਹਾਈ ਹੁੰਦੇ ਹਨ।

ਅਜੋਕੇ ਸਮੇਂ ਦੌਰਾਨ ਜਿੱਥੇ ਭਾਰਤ ਵਿੱਚ ਫੁੱਲਾਂ ਦੀ ਖੇਤੀ ਲੋੜੀਂਦੀ ਹੈ ਉੱਥੇ ਪੰਜਾਬ ਵਿੱਚ ਵੀ ਰਵਾਇਤੀ ਖੇਤੀ ਦੇ ਬਦਲ ਵੱਜੋਂ ਫੁੱਲਾਂ ਦੀ ਖੇਤੀ ਨੂੰ ਅਪਣਾਉਣ ਦੀ ਲੋੜ ਹੈ। ਇਸ ਨਾਲ ਪੰਜਾਬ ਦੇ ਗੰਧਲੇ ਹੋਰ ਰਹੇ ਵਾਤਾਵਰਣ ਨੂੰ ਵੀ ਸ਼ੁੱਧ ਕੀਤਾ ਜਾ ਸਕਦਾ ਹੈ। ਵਿਸ਼ਵ ਤਾਪਮਾਨ ਵਿੱਚ ਹੁੰਦਾ ਹਰ ਸਾਲ ਵਾਧਾ ਗਲੋਬਲਵਾਰਮਿੰਗ ਕਾਰਨ ਹੁੰਦਾ ਹੈ। ਇਸ ਨੂੰ ਹਰਿਆਵਲ ਭਾਵ ਬਾਗ਼ਬਾਨੀ ਨਾਲ ਠੱਲ੍ਹ ਪਾਈ ਜਾ ਸਕਦੀ ਹੈ। ਚੰਗੇ ਸਿਹਤਮੰਦ ਜੀਵਨ ਲਈ ਹਵਾ ਵਿੱਚ ਆਕਸੀਜਨ ਦੀ ਫ਼ੀਸਦੀ ਮਾਤਰਾ ਘਟਣੀ ਨਹੀਂ ਚਾਹੀਦੀ। ਪੌਦੇ ਬਹੁਤ ਚੰਗੇ ਹਵਾ ਸੋਧਕ ਪ੍ਰਕਿਰਤਕ ਯੰਤਰ ਹਨ ਜਿਹੜੇ ਹਵਾ ਵਿੱਚ ਆਕਸੀਜਨ ਦੀ ਮਾਤਰਾ ਦਾ ਸੰਤੁਲਨ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।

ਪੌਦੇ ਸਾਡੇ ਚੌਗਿਰਦੇ ਦੀ ਸੁੰਦਰਤਾ ਵੀ ਵਧਾਉਂਦੇ ਹਨ।ਯੂਰਪੀ ਦੇਸ਼ਾਂ ਦੇ ਮੁਕਾਬਲੇ ਵਿੱਚ ਭਾਰਤ ਵਿੱਚ ਫੁੱਲਾਂ ਦੀ ਖੇਤੀ ਦੀ ਸਥਿਤੀ ਚੰਗੀ ਨਹੀਂ। ਭਾਰਤ ਵਿੱਚੋਂ ਪੰਜਾਬ ਦੀ ਸਥਿਤੀ ਵੀ ਕੋਈ ਬਹੁਤੀ ਵਧੀਆ ਨਹੀਂ ਹੈ। ਗਰਮੀਆਂ ਦੇ ਫੁੱਲਾਂ ਦੀ ਬਿਜਾਈ ਫਰਵਰੀ ਦੇ ਅੰਤ ਅਤੇ ਮਾਰਚ ਦੇ ਸ਼ੁਰੂ ਵਿੱਚ ਕੀਤੀ ਜਾਂਦੀ ਹੈ। ਇਸ ਦੀ ਪਨੀਰੀ ਮਾਰਚ ਦੇ ਅੰਤ ਅਤੇ ਅਪਰੈਲ ਮਹੀਨੇ ਦੇ ਸ਼ੁਰੂ ਵਿੱਚ ਪੁੱਟ ਕੇ ਲਗਾਈ ਜਾਂਦੀ ਹੈ। ਗਰਮੀਆਂ ਵਿੱਚ ਜੀਨੀਆਂ, ਕੋਚੀਆ, ਪੋਰਚੁਲਾਕਾ, ਟਾਈਥੋਨੀਆ, ਗਲਾਰਡੀਆ, ਗੋਮਫਰੀਨਾ, ਸੂਰਜਮੁਖੀ ਅਤੇ ਕਾਸਮੋਸ ਆਦਿ ਦੇ ਫੁੱਲ ਉਗਾਏ ਜਾ ਸਕਦੇ ਹਨ। ਗਰਮੀਆਂ ਵਿੱਚ ਅਮਲਤਾਸ਼, ਬੜੀ ਚੰਪਾ, ਕੇਸੀਆ ਜਾਵਾਨੀਕਾ ਅਤੇ ਗੁਲਮੋਹਰ ਦੇ ਰੁੱਖ ਵੀ ਫੁੱਲਾਂ ਨਾਲ ਭਰ ਜਾਂਦੇ ਹਨ।

ਬਰਸਾਤੀ ਮੌਸਮੀ ਫੁੱਲਾਂ ਦੇ ਬੀਜ ਜੂਨ ਮਹੀਨੇ ਵਿੱਚ ਬੀਜੇ ਜਾਂਦੇ ਹਨ ਅਤੇ ਜੁਲਾਈ ਮਹੀਨੇ ਵਿੱਚ ਪਨੀਰੀ ਪੁੱਟ ਕੇ ਲਗਾਈ ਜਾਂਦੀ ਹੈ। ਇਸ ਮੌਸਮ ਦੌਰਾਨ ਬਾਲਸਮ, ਮੁਰਗੀ ਕਲਗਾ, ਅਮਰੈਂਥਸ ਅਤੇ ਗਲਾਰਡੀਆ ਦੇ ਫੁੱਲ ਲਗਦੇ ਹਨ। ਇਸੇ ਮੌਸਮ ਵਿੱਚ ਕੂਈਨਜ਼ ਫਲਾਵਰ, ਗੁਲਾਚੀਨ, ਆਸਟਰੇਲੀਅਨ ਕਿੱਕਰ ਆਦਿ ਰੁੱਖ ਫੁੱਲਾਂ ਨਾਲ ਭਰੇ ਹੁੰਦੇ ਹਨ। ਸਰਦੀਆਂ ਦੌਰਾਨ ਫੁੱਲਾਂ ਦੀ ਪਨੀਰੀ ਸਤੰਬਰ ਵਿੱਚ ਬੀਜੀ ਜਾਂਦੀ ਹੈ ਅਤੇ ਅਕਤੂਬਰ ਵਿੱਚ ਪੁੱਟ ਕੇ ਖੇਤ ਵਿੱਚ ਲਾਈ ਜਾਂਦੀ ਹੈ। ਇਸ ਸਮੇਂ ਦੇ ਡੇਲੀਆ, ਗੇਂਦਾ, ਫਲੋਕਸ, ਬਰਵੀਨਾ, ਪੈਨਜੀ ਕਾਰਨੇਸ਼ਨ, ਸਵੀਟ ਵੀਲੀਅਮ, ਸਵੀਟ ਸੁਲਤਾਨ, ਪੈਟੂਨੀਆਂ ਅਤੇ ਬਰਫ਼ ਆਦਿ ਫੁੱਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ। ਤੁਹਾਨੂੰ ਦਸ ਦੇਈਏ ਕੇ ਫੁੱਲਾਂ ਦੀ ਖੇਤੀ ਲਈ ਚੰਗੇ ਜਲ ਨਿਕਾਸ ਵਾਲੀ ਉਪਜਾਊ ਭੂਮੀ ਦੀ ਲੋੜ ਹੁੰਦੀ ਹੈ।

ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਉਸ ਵਿੱਚ ਰੂੜੀ ਦੀ ਖਾਦ ਮਿਲਾ ਲੈਣੀ ਚਾਹੀਦੀ ਹੈ ਅਤੇ ਫਿਰ ਉਸ ਵਿੱਚ ਪਨੀਰੀ ਪੁੱਟ ਕੇ ਲਗਾ ਦੇਣੀ ਚਾਹੀਦੀ ਹੈ। ਚੰਗੀ ਕਿਸਮ ਦੇ ਫੁੱਲ ਪ੍ਰਾਪਤ ਕਰਨ ਲਈ ਐਨ.ਪੀ.ਕੇ. ਖਾਦ ਦੀ ਵਰਤੋਂ ਲੋੜ ਅਨੁਸਾਰ ਕਰਨੀ ਚਾਹੀਦੀ ਹੈ। ਨਦੀਨਾਂ ਤੋਂ ਬਚਾਉਣ ਲਈ ਸਮੇਂ ਸਮੇਂ ’ਤੇ ਗੋਡੀ ਕਰਨੀ ਚਾਹੀਦੀ ਹੈ। ਫੁੱਲਾਂ ਦੀ ਖੇਤੀ ਨੂੰ ਇੱਕ ਸਹਾਇਕ ਧੰਦੇ ਵੱਜੋਂ ਵੀ ਅਪਣਾਇਆ ਜਾ ਸਕਦਾ ਹੈ। ਇਹ ਖੇਤੀ ਚੰਗੀ ਆਮਦਨ ਦਾ ਸਾਧਨ ਵੀ ਬਣ ਸਕਦੀ ਹੈ। ਫੁੱਲਾਂ ਤੋਂ ਸੈਂਟ, ਤੇਲ ਅਤੇ ਦਵਾਈਆਂ ਤਿਆਰ ਹੁੰਦੀਆਂ ਹਨ। ਬਾਗ਼ਬਾਨੀ ਨੂੰ ਜੀਵਨ ਵਿੱਚ ਸ਼ੌਕ ਵੱਜੋਂ ਵੀ ਅਪਣਾਇਆ ਜਾ ਸਕਦਾ ਹੈ ਜਿਸ ਨਾਲ ਮੁਨੱਖ ਨੂੰ ਮਨ ਦੀ ਤੱਸਲੀ ਮਿਲਦੀ ਹੈ। ਖ਼ੁਦ ਬਾਗ਼ਬਾਨੀ ਕਰਨ ਨਾਲ ਮਨੁੱਖੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਇਸ ਨਾਲ ਮਨੁੱਖੀ ਸਰੀਰ ਦੀ ਚੰਗੀ ਕਸਰਤ ਹੁੰਦੀ ਹੈ ਅਤੇ ਘਰ ਨੂੰ ਸੁੰਦਰ ਵੀ ਬਣਦੇ ਹਨ।
-ਜੋਗਾ ਸਿੰਘ