ਖੁੰਬਾਂ ਦਾ ਸਫ਼ਲ ਕਾਸ਼ਤਕਾਰ ਉਮਾਂਸ਼ੂ ਪੁਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਜ਼ੀਆਂ, ਫੁੱਲਾਂ ਤੇ ਫਲਾਂ ਦੀ ਕਾਸ਼ਤ ਕਰਨ ਲਈ ਸਬਸਿਡੀ ਦਿੱਤੀ ਜਾਂਦੀ ਹੈ।

Mushroom Farming

ਫ਼ਤਿਹਗੜ੍ਹ ਸਾਹਿਬ : ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਜ਼ੀਆਂ, ਫੁੱਲਾਂ ਤੇ ਫਲਾਂ ਦੀ ਕਾਸ਼ਤ ਕਰਨ ਲਈ ਸਬਸਿਡੀ ਦਿੱਤੀ ਜਾਂਦੀ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਰਵਾਇਤੀ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਦੁਸਰੀਆਂ ਲਾਭਦਾਇਕ ਫਸਲਾਂ ਦੀ ਕਾਸ਼ਤ ਕਰਨ ਨੂੰ ਤਰਜੀਹ ਦੇਣ ਤਾਂ ਜੋ ਉਨ੍ਹਾਂ ਦਾ ਆਰਥਿਕ ਪੱਧਰ ਉਚਾ ਹੋ ਸਕੇ। ਇਹ ਸੁਝਾਅ ਜ਼ਿਲ੍ਹੇ ਦੇ ਪਿੰਡ ਬਹਿਲੋਲਪੁਰ ਦਾ ਅਗਾਂਹਵਧੂ ਖੁੰਬ ਉਤਪਾਦਕ ਉਮਾਂਸ਼ੂ ਪੁਰੀ ਦੇ ਰਿਹਾ ਹੈ।

ਉਮਾਂਸ਼ੂ ਖੁੰਬਾਂ ਦੀ ਕਾਸ਼ਤ ਕਰਕੇ ਉਸ ਤੋਂ ਚੰਗਾ ਲਾਹਾ ਲੈ ਰਿਹਾ ਹੈ। ਉਮਾਂਸ਼ੂ ਦੇ ਦੱਸਣ ਅਨੁਸਾਰ ਉਸ ਨੇ ਬੀ.ਟੈਕ ਤੇ ਐਮ.ਬੀ.ਏ. ਕਰਨ ਉਪਰੰਤ ਦੋ ਸਾਲ ਪ੍ਰਾਈਵੇਟ ਫਰਮ ਵਿੱਚ ਨੌਕਰੀ ਵੀ ਕੀਤੀ ਪ੍ਰੰਤੂ ਉਸ ਦੀ ਜ਼ਿੰਦਗੀ ਵਿੱਚ ਹੋਰ ਅੱਗੇ ਵੱਧਣ ਦੀ ਚਾਹ ਨੂੰ ਵੇਖਦੇ ਹੋਏ ਉਸ ਨੇ ਆਪਣੇ ਇੱਕ ਦੋਸਤ ਦੇ ਪਿਤਾ, ਜੋ ਕਿ ਖੁਦ ਵੀ ਖੁੰਬਾਂ ਦੀ ਕਾਸ਼ਤ ਦਾ ਕੰਮ ਕਰਦਾ ਹੈ,

ਦੇ ਨਾਲ ਪਹਿਲਾਂ ਖੁੰਬਾਂ ਦੀ ਕਾਸ਼ਤ ਦਾ ਕੰਮ ਭਾਈਵਾਲੀ ਨਾਲ ਕੀਤਾ। ਉਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਤਹਿਗੜ੍ਹ ਸਾਹਿਬ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਡਾਇਰੈਕਟੋਰੇਟ ਆਫ ਮਸ਼ਰੂਮ ਰਿਸਰਚ ਸੋਲਨ ਤੋਂ ਖੁੰਬਾਂ ਦੀ ਕਾਸ਼ਤ ਦੀ ਸਿਖਲਾਈ ਹਾਸਲ ਕੀਤੀ ਅਤੇ ਪਹਿਲੇ ਦੋ ਸਾਲ ਉਹ ਖੁੰਬਾਂ ਦੀ ਸੀਜ਼ਨਲ ਖੇਤੀ ਕਰਦਾ ਸੀ। ਸਾਲ 2015 ਵਿੱਚ ਉਸ ਨੇ ਇਸ ਕੰਮ ਨੂੰ ਵਧਾ ਕੇ ਇੱਕ ਏਕੜ ਜ਼ਮੀਨ ਵਿੱਚ ਕਰਨਾ ਸ਼ੁਰੂ ਕੀਤਾ।

ਉਸ ਦੇ ਦੱਸਣ ਅਨੁਸਾਰ ਉਸ ਨੇ ਕੌਮੀ ਬਾਗਬਾਨੀ ਬੋਰਡ ਤੋਂ ਖੁੰਬਾਂ ਦੀ ਕਾਸ਼ਤ ਲਈ ਇੱਕ ਕਰੋੜ 35 ਲੱਖ ਰੁਪਏ ਦਾ ਕਰਜ਼ਾ ਲੈ ਕੇ ਖੁੰਬਾਂ ਦੀ ਵੱਡੀ ਪੱਧਰ 'ਤੇ ਕਾਸ਼ਤ ਕਰਨੀ ਸ਼ੁਰੂ ਕੀਤੀ। ਉਸ ਨੂੰ ਇਸ ਕਰਜ਼ੇ 'ਤੇ ਬਾਗਬਾਨੀ ਬੋਰਡ ਵੱਲੋਂ 30 ਲੱਖ ਰੁਪਏ ਦੀ ਸਬਸਿਡੀ ਮਿਲੇਗੀ। ਸਫ਼ਲ ਖੁੰਬ ਉਤਪਾਦਕ ਉਮਾਸ਼ੂ ਦੇ ਦੱਸਣ ਅਨੁਸਾਰ ਗਰਮੀਆਂ ਦੇ ਮੌਸਮ ਵਿੱਚ ਏਅਰ ਕੰਡੀਸ਼ਨਰ ਅਤੇ ਹੋਰ ਖਰਚਾ ਹੋਣ ਕਾਰਨ ਖੁੰਬਾਂ ਦੀ ਲਾਗਤ ਵੱਧਣ ਕਾਰਨ ਘੱਟ ਮੁਨਾਫਾ ਹੁੰਦਾ ਹੈ

ਜਦੋਂ ਕਿ ਸਰਦੀਆਂ ਵਿੱਚ ਲਾਗਤ ਘੱਟਣ ਕਾਰਨ ਇੱਕ ਕਿਲੋ ਖੁੰਬਾਂ 'ਤੇ ਕਰੀਬ 40 ਰੁਪਏ ਲਾਗਤ ਆਉਂਦੀ ਹੈ ਜੋ ਕਿ ਬਜਾਰ ਵਿੱਚ 80 ਰੁਪਏ ਤੋਂ 85 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦੀ ਹੈ।  ਜਿਸ ਨਾਲ ਉਸ ਨੂੰ ਹਰ ਮਹੀਨੇ ਖਰਚੇ ਕੱਢ ਕੇ 1 ਲੱਖ 50 ਹਜ਼ਾਰ ਰੁਪਏ ਤੱਕ ਦੀ ਆਮਦਨ ਹੋ ਜਾਂਦੀ ਹੈ। ਉਮਾਂਸੂ ਪੁਰੀ ਖੁੰਬਾਂ ਦਾ ਬੀਜ ਤਿਆਰ ਕਰਕੇ ਉਸ ਦੇ ਲਿਫਾਫੇ ਬਣਾ ਕੇ ਵੀ ਵੇਚਦਾ ਹੈ ਜਿਸ ਤੋਂ ਉਸ ਨੂੰ ਚੰਗੀ ਆਮਦਨ ਹੋ ਜਾਂਦੀ ਹੈ।  ਉਸ ਨੇ ਕਿਹਾ ਕਿ ਖੁੰਬਾਂ ਦੀ ਕਾਸ਼ਤ ਕਰਨ ਲਈ ਵਧੇਰੇ ਜਗ੍ਹਾਂ ਦੀ ਲੋੜ ਨਹੀਂ 

ਪੈਂਦੀ ਅਤੇ ਸਰਦੀਆਂ ਵਿੱਚ ਖੁੰਬਾਂ ਦੀ ਝੋਪੜੀਆਂ ਬਣਾ ਕੇ ਵੀ ਕਾਸ਼ਤ ਕੀਤੀ ਜਾ ਸਕਦੀ ਹੈ। ਜਿਸ ਨਾਲ ਖੁੰਬ ਉਤਪਾਦਕ ਸੀਜ਼ਨਲ ਖੁੰਬਾਂ ਦੀ ਫਸਲ ਲੈ ਸਕਦੇ ਹਨ। ਉਸ ਨੇ ਇਹ ਵੀ ਦੱਸਿਆ ਕਿ ਵਿਆਹ ਸ਼ਾਦੀਆਂ ਦੇ ਸੀਜ਼ਨ ਵਿੱਚ ਖੁੰਬਾਂ ਦੀ ਕੀਮਤ 150/-ਰੁਪਏ ਪ੍ਰਤੀ ਕਿਲੋਗ੍ਰਾਮ ਵੀ ਹੋ ਜਾਂਦੀ ਹੈ ਅਤੇ ਇਸ ਦੀ ਮਾਰਕੀਟਿੰਗ ਦੀ ਕੋਈ ਸਮੱਸਿਆ ਨਹੀਂ ਹੈ। ਉਸ ਨੇ ਇਹ ਵੀ ਦੱਸਿਆ ਕਿ ਸਾਲ ਵਿੱਚ ਖੁੰਬਾਂ ਦੀਆਂ 6 ਫਸਲਾਂ ਲੈਂਦਾ ਹੈ। ਉਮਾਂਸ਼ੂ ਦੇ ਦੱਸਣ ਅਨੁਸਾਰ ਉਹ ਸਲਾਨਾਂ 120 ਮੀਟਰਕ ਟਨ ਤੋਂ 150 ਮੀਟਰਕ ਟਨ ਖੁੰਬਾਂ ਦਾ ਉਤਪਾਦਨ ਕਰਦਾ ਹੈ।

ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਰਜਿੰਦਰ ਸਿੰਘ ਗਰਚਾ ਤੇ ਬਾਗਬਾਨੀ ਵਿਕਾਸ ਅਫਸਰ ਸੰਦੀਪ ਗਰੇਵਾਲ ਨੇ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਖੁੰਬਾਂ ਦੀ ਕਾਸ਼ਤ ਕਰਨ ਲਈ 55 ਲੱਖ ਰੁਪਏ ਤੱਕ ਦੇ ਕਰਜ਼ੇ 'ਤੇ 20 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਇਸ ਧੰਦੇ ਨੂੰ ਖੇਤੀ ਦੇ ਸਹਾਇਕ ਧੰਦੇ ਵਜੋਂ ਅਪਣਾ ਲੈਣ ਤਾਂ ਉਨ੍ਹਾਂ ਦੀ ਆਰਥਿਕਤਾ ਮਜ਼ਬੂਤ ਹੋ ਸਕਦੀ ਹੈ।ਉਨ੍ਹਾਂ ਦੱਸਿਆ ਕਿ ਖੁੰਬਾਂ ਖੁਰਾਕੀ ਤੱਤਾਂ ਦਾ ਖਜ਼ਾਨਾਂ ਹੈ ਅਤੇ ਇਸ ਨੂੰ ਹਰ ਉਮਰ ਵਰਗ ਦਾ ਇਨਸਾਨ ਆਪਣੀ ਰੋਜ਼ਾਨਾਂ ਖੁਰਾਕ ਦਾ ਹਿੱਸਾ ਬਣਾ ਸਕਦਾ ਹੈ।