ਲੰਪੀ ਸਕਿਨ: ਮੰਤਰੀ ਸਮੂਹ ਵੱਲੋਂ 3 ਦਿਨਾਂ 'ਚ ਸਮੂਹ ਗਊਸ਼ਾਲਾਵਾਂ ਵਿਚ ਟੀਕਾਕਰਨ ਮੁਕੰਮਲ ਕਰਨ ਦੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਟੀਕਾਕਰਨ ਸਬੰਧੀ ਰੋਜ਼ਾਨਾ 50,000 ਦਾ ਟੀਚਾ ਯਕੀਨੀ ਬਣਾਉਣ ਲਈ ਕਿਹਾ

Group of Ministers Meeting on Lumpy Skin

ਚੰਡੀਗੜ੍ਹ: ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਸਬੰਧੀ ਸਥਿਤੀ 'ਤੇ ਕਰੜੀ ਨਜ਼ਰ ਰੱਖਣ ਅਤੇ ਬੀਮਾਰੀ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਏ ਮੰਤਰੀ ਸਮੂਹ ਨੇ ਅੱਜ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤਿੰਨ ਦਿਨਾਂ 'ਚ ਸਮੂਹ ਗਊਸ਼ਾਲਾਵਾਂ ਵਿੱਚ ਟੀਕਾਕਰਨ ਮੁਕੰਮਲ ਕੀਤਾ ਜਾਵੇ।

Lumpy skin disease

ਇੱਥੇ ਪੰਜਾਬ ਭਵਨ ਵਿਖੇ ਸੂਬੇ ਵਿੱਚ ਫੈਲੀ ਬੀਮਾਰੀ ਦੀ ਰੋਕਥਾਮ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੱਦਾ ਦਿੱਤਾ ਕੀਤੀ ਕਿ ਬੀਮਾਰੀ ਦੀ ਰੋਕਥਾਮ ਸਬੰਧੀ ਕਾਰਜ ਨੂੰ ਮਿਸ਼ਨ ਵੱਲੋਂ ਲਿਆ ਜਾਵੇ ਅਤੇ ਟੀਕਾਕਰਨ ਸਬੰਧੀ ਰੋਜ਼ਾਨਾ 50,000 ਦਾ ਟੀਚਾ ਯਕੀਨੀ ਬਣਾਇਆ ਜਾਵੇ।

Group of Ministers Meeting on Lumpy Skin

ਕੈਬਨਿਟ ਮੰਤਰੀਆਂ ਨੇ ਕਿਹਾ ਕਿ ਪਸ਼ੂ ਪਾਲਕਾਂ 'ਤੇ ਪਈ ਇਸ ਬਿਪਤਾ ਨੂੰ ਸਾਨੂੰ ਸਖ਼ਤੀ ਨਾਲ ਨਜਿੱਠਣਾ ਪਵੇਗਾ ਅਤੇ ਬੀਮਾਰੀ ਦੀ ਰੋਕਥਾਮ ਲਈ ਚੱਲ ਰਹੇ ਕਾਰਜਾਂ ਵਿੱਚ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੰਤਰੀਆਂ ਨੇ ਸਖ਼ਤ ਲਹਿਜੇ 'ਚ ਹਦਾਇਤ ਕੀਤੀ ਕਿ ਮਾੜੀ ਕਾਰਗੁਜ਼ਾਰੀ ਵਾਲੇ ਮੁਲਾਜ਼ਮਾਂ ਦੀ ਜਵਾਬ-ਤਲਬੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਇਲਾਜ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਜੈਨਰਿਕ ਦਵਾਈਆਂ ਦੀ ਵਰਤੋਂ ਵੀ ਕੀਤੀ ਜਾਵੇ।

Lumpy Skin Disease

ਇਸੇ ਤਰ੍ਹਾਂ ਅਫ਼ਰੀਕਨ ਸਵਾਈਨ ਫ਼ੀਵਰ ਸਬੰਧੀ ਚੱਲ ਰਹੇ ਕਾਰਜਾਂ ਦੀ ਸਮੀਖਿਆ ਕਰਦਿਆਂ ਮੰਤਰੀਆਂ ਨੇ ਕਿਹਾ ਕਿ "ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009" ਦੀਆਂ ਹਦਾਇਤਾਂ ਇੰਨ-ਬਿੰਨ ਲਾਗੂ ਕੀਤੀਆਂ ਜਾਣ ਅਤੇ ਸੂਰਾਂ ਦੀ ਆਵਾਜਾਈ 'ਤੇ ਮੁਕੰਮਲ ਰੋਕ ਲਾਈ ਜਾਵੇ। ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਹੁਣ ਤੱਕ ਪਸ਼ੂ ਪਾਲਣ ਵਿਭਾਗ ਨੂੰ ਗੋਟ ਪੌਕਸ ਵੈਕਸੀਨ ਦੀਆਂ 6.86 ਲੱਖ ਖ਼ੁਰਾਕਾਂ ਮਿਲ ਚੁੱਕੀਆਂ ਹਨ। ਵਿਭਾਗ ਵੱਲੋਂ 3.31 ਲੱਖ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਜਦਕਿ 3.54 ਲੱਖ ਤੋਂ ਵੱਧ ਡੋਜ਼ ਵਿਭਾਗ ਕੋਲ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ 1,08,958 ਪਸ਼ੂ ਲੰਪੀ ਸਕਿਨ ਤੋਂ ਪ੍ਰਭਾਵਿਤ ਹੋਣ ਦਾ ਸ਼ੱਕ ਹੈ, ਜਿਨ੍ਹਾਂ ਵਿੱਚੋਂ 64,475 ਪਸ਼ੂ ਠੀਕ ਹੋ ਚੁੱਕੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਸ਼ੂਆਂ ਨੂੰ ਟੀਕਾ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ।

lumpy skin

ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਨੂੰ ਪੇਂਡੂ ਵਿਕਾਸ ਫੰਡ ਵਿੱਚੋਂ ਦਵਾਈ ਅਤੇ ਹੋਰ ਸਾਮਾਨ ਖ਼ਰੀਦਣ ਲਈ 1 ਕਰੋੜ ਰੁਪਏ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਮਰੇ ਹੋਏ ਪਸ਼ੂਆਂ ਦੀਆਂ ਲਾਸ਼ਾਂ ਨੂੰ ਖੁੱਲ੍ਹੇ ਵਿੱਚ ਸੁੱਟਣ ਦੇ ਰੁਝਾਨ ਨੂੰ ਰੋਕਣ ਅਤੇ ਲਾਸ਼ਾਂ ਦੇ ਢੁਕਵੇਂ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਬੀਮਾਰੀ ਦੀ ਰੋਕਥਾਮ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ 179 ਵੈਟਰਨਰੀ ਇੰਟਰਨਜ਼ ਅਤੇ ਪੈਰਾ-ਵੈਟਰਨਰੀ ਵਿਦਿਆਰਥੀਆਂ ਦੀ ਤੈਨਾਤੀ ਤੋਂ ਇਲਾਵਾ, ਪਸ਼ੂ ਪਾਲਕਾਂ ਨੂੰ ਬੀਮਾਰੀ ਦੇ ਕਾਰਨਾਂ ਤੇ ਫੈਲਾਅ ਅਤੇ ਪ੍ਰਭਾਵਿਤ ਪਸ਼ੂਆਂ ਦੇ ਦੁੱਧ ਦੇ ਸੁਰੱਖਿਅਤ ਸੇਵਨ ਸਬੰਧੀ ਜਾਗਰੂਕ ਕਰਨ ਲਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਜਾਗਰੂਕਤਾ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਹੈ। ਮੀਟਿੰਗ ਦੌਰਾਨ ਇਹ ਮੁੱਦਾ ਵੀ ਵਿਚਾਰਿਆ ਗਿਆ ਕਿ ਲੋੜ ਪੈਣ 'ਤੇ ਸਮਾਜਿਕ ਸੰਗਠਨਾਂ ਅਤੇ ਹੋਰਨਾਂ ਡਾਕਟਰਾਂ ਦੀਆਂ ਸੇਵਾਵਾਂ ਵੀ ਲਈਆਂ ਜਾਣ।