ਕਿਸਾਨਾਂ ਲਈ ਖੁਸ਼ਖ਼ਬਰੀ, ਹੁਣ ਆ ਗਿਆ ਹੈ ਦੇਸੀ ਫਰਿੱਜ, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸਬਜ਼ੀਆਂ ਨੂੰ 7 ਦਿਨਾਂ ਤੱਕ ਸੁਰੱਖਿਅਤ ਰੱਖੇਗਾ ਇਹ ਦੇਸੀ ਫਰਿੱਜ, ਕਿਸਾਨਾਂ ਲਈ ਲਾਹੇਵੰਦ

Photo

ਨਵੀਂ ਦਿੱਲੀ: ਸ਼ਹਿਰਾਂ ਦੀ ਤਰਜ਼ 'ਤੇ ਪਿੰਡ ਵਿਚ ਰਹਿ ਰਹੇ ਕਿਸਾਨ ਵੀ ਹਰੀਆਂ ਸਬਜ਼ੀਆਂ, ਫਲ਼, ਫੁੱਲ ਨੂੰ ਲੰਬੇ ਸਮੇਂ ਤੱਕ ਦੇਸੀ ਫਰਿੱਜ ਵਿਚ ਸੁਰੱਖਿਅਤ ਰੱਖ ਸਕਣਗੇ। ਉਹ ਵੀ ਕਿਸੇ ਇਲੈਕਟ੍ਰਾਨਿਕ ਤਕਨੀਕ ਨੂੰ ਅਪਣਾਏ ਬਿਨਾਂ ਕਿਉਂਕਿ ਜੰਗਲਾਤ ਵਿਭਾਗ ਨੇ ਪਹਿਲੀ ਵਾਰ ਕਿਸਾਨਾਂ ਲਈ ਦੇਸੀ ਕੋਲਡ ਸਟੋਰ ਦੀ ਤਕਨੀਕ ਤਿਆਰ ਕੀਤੀ ਹੈ।

ਇਸ ਤਕਨੀਕ ਨੂੰ ਜ਼ੀਰੋ ਐਨਰਜੀ ਕੂਲ ਚੈਂਬਰ ਵੀ ਕਿਹਾ ਜਾਂਦਾ ਹੈ, ਜਿਸ ਵਿਚ ਆਮ ਤੌਰ ‘ਤੇ ਖੇਤ ਵਿਚੋਂ ਤੋੜ੍ਹਨ ਤੋਂ ਬਾਅਦ ਹਰੀਆਂ ਸਬਜ਼ੀਆਂ ਦੇ ਨਾਲ-ਨਾਲ ਫਲ ਅਤੇ ਫੁੱਲਾਂ ਨੂੰ 14 ਦਿਨ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਤਕਨੀਕ ਨੂੰ ਛੱਤੀਸਗੜ੍ਹ ਦੇ ਰਾਏਪੁਰ ਵਿਚ ਰਹਿਣ ਵਾਲੇ ਸਰਕਾਰੀ ਬਾਗਬਾਨੀ ਇੰਚਾਰਜ ਡਾਕਟਰ ਮਨੋਜ ਨੇ ਵਿਕਸਿਤ ਕੀਤਾ ਹੈ।

ਉਹਨਾਂ ਨੇ ਦੱਸਿਆ ਕਿ ਪਿੰਡ ਦੇ ਕਿਸਾਨਾਂ ਲਈ ਇਹ ਤਕਨੀਕ ਬਹੁਤ ਹੀ ਮਦਦਗਾਰ ਸਾਬਿਤ ਹੋਵੇਗੀ। ਆਮਤੌਰ ‘ਤੇ ਟਮਾਟਰ ਦੀ ਜੀਵਨ ਮਿਆਦ ਸੱਤ ਦਿਨ ਹੁੰਦੀ ਹੈ, ਇਸ ਤਕਨੀਕ ਨਾਲ ਟਮਾਟਰ ਨੂੰ 14 ਦਿਨ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਦੌਰਾਨ ਟਮਾਟਰ ਦਾ ਵਜ਼ਨ 4.4 ਫੀਸਦੀ ਹੀ ਘੱਟ ਹੋਵੇਗਾ।

ਬਾਕੀ ਫਰਿੱਜਾਂ ਵਿਚ ਟਮਾਟਰ ਦਾ ਵਜ਼ਨ 18.6 ਫੀਸਦੀ ਘਟ ਜਾਂਦਾ ਹੈ। ਉੱਥੇ ਹੀ ਕਿਸਾਨਾਂ ਨੂੰ ਇਸ ਨੂੰ ਤਿਆਰ ਕਰਨ ਲਈ ਜ਼ਿਆਦਾ ਰੁਪਏ ਵੀ ਖਰਚ ਨਹੀਂ ਕਰਨੇ ਪੈਣਗੇ। ਸਿਰਫ 500 ਰੁਪਏ ਖਰਚ ਕਰ ਕੇ ਕੋਈ ਵੀ ਕਿਸਾਨ ਇਸ ਕੂਲ ਚੈਂਬਰ ਨੂੰ ਤਿਆਰ ਕਰ ਸਕਦਾ ਹੈ। ਇਸ ਫਰਿੱਜ ਵਿਚ ਇਕ ਸਮੇਂ ਪੰਜ ਤਰ੍ਹਾਂ ਦੀਆਂ ਫਸਲਾਂ ਨੂੰ ਰੱਖਿਆ ਜਾ ਸਕਦਾ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਬਿਜਲੀ ਦਾ ਖਰਚਾ ਨਹੀਂ ਕਰਨਾ ਹੋਵੇਗਾ।

ਜ਼ੀਰੋ ਐਨਰਜੀ ਕੂਲ ਚੈਂਬਰ ਤਕਨੀਕ ਨੂੰ ਲੈ ਕੇ ਡਾਕਟਰ ਮਨੋਜ ਨੇ ਦੱਸਿਆ ਕਿ ਇੰਡੀਅਨ ਕਾਉਂਸਿਲ ਆਫ਼ ਐਗਰੀਕਲਚਰਲ ਰਿਸਰਚ ਵੱਲੋਂ ਜ਼ੀਰੋ ਐਨਰਜੀ ਕੂਲ ਚੈਂਬਰ ਨਿਰਮਾਣ ਵਿਧੀ ਦਾ ਵਿਕਾਸ ਕੀਤਾ ਗਿਆ ਹੈ, ਜੋ ਕਿ ਛੱਤੀਸਗੜ੍ਹ ਵਿਚ ਨਵਾਂ ਜ਼ਰੂਰ ਹੈ ਪਰ ਰਾਜਸਥਾਨ, ਪੰਜਾਬ, ਹਰਿਆਣਾ ਸੂਬਿਆਂ ਦੇ ਕਿਸਾਨ ਇਸ ਤਕਨੀਕ ਨੂੰ ਪਹਿਲਾਂ ਹੀ ਅਪਣਾ ਚੁੱਕੇ ਹਨ।

ਦੇਸੀ ਫਰਿੱਜ ਬਣਾਉਣ ਦਾ ਤਰੀਕਾ
ਸਮੱਗਰੀ
- ਇਸ ਫਰਿੱਜ ਨੂੰ ਬਣਾਉਣ ਲਈ ਇੱਟਾਂ, ਰੇਤਾ, ਬਾਂਸ, ਸੀਮੈਂਟ, ਢੱਕਣ ਵਾਲਾ ਬਾਂਸ ਫਰੇਮ, ਪਾਣੀ ਲਈ ਬਾਲਟੀ, ਮੱਘ, ਸਮਾਨ ਲਈ ਪਲਾਸਟਿਕ ਦੀ ਟੋਕਰੀ ਦੀ ਲੋੜ ਹੈ।

ਬਣਾਉਣ ਦਾ ਤਰੀਕਾ-ਫਰਸ਼ ‘ਤੇ ਇੱਟਾਂ ਦੀ ਦੋਹਰੀ ਦੀਵਾਰ 3 ਇੰਚ ਥਾਂ ਛੱਡ ਕੇ ਲਗਭਗ 27 ਇੰਚ ਦੀ ਉਚਾਈ ਤੱਕ ਬਣਾਓ। ਦੋ ਕੰਧਾਂ ਦੇ ਵਿਚਕਾਰ 3 ਇੰਚ 'ਤੇ ਪਾਣੀ ਨਾਲ ਭਰੀ ਗਿੱਲੀ ਰੇਤ ਨਾਲ ਚੈਂਬਰ ਨੂੰ ਭਰੋ। ਬਾਂਸ ਨਾਲ ਇਕ ਢੱਕਣ ਬਣਾਓ।