ਪਹਿਲੀ ਅਕਤੂਬਰ ਤੋਂ ਮਾਰਕੀਟ 'ਚ ਉਤਰੇਗੀ ਕਾਟਨ ਕਾਰਪੋਰੇਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸੂਬੇ 'ਚ ਨਰਮੇ ਦੀ ਬੰਪਰ ਫ਼ਸਲ ਹੋਣ ਦੀ ਸੰਭਾਵਨਾ ਦੇ ਬਾਵਜੂਦ ਕੀਮਤਾਂ 'ਚ ਚੱਲ ਰਹੀ ਮੰਦੀ ਦੇ ਚਲਦੇ ਪੰਜ ਸਾਲਾਂ ਬਾਅਦ ਕਿਸਾਨਾਂ ਦੀ ਫ਼ਸਲ ਖ਼ਰੀਦਣ ਲਈ ਕਾਟਨ....

Cotton Corporation will launch in the market from October 1st

ਬਠਿੰਡਾ (ਸੁਖਜਿੰਦਰ ਮਾਨ) : ਸੂਬੇ 'ਚ ਨਰਮੇ ਦੀ ਬੰਪਰ ਫ਼ਸਲ ਹੋਣ ਦੀ ਸੰਭਾਵਨਾ ਦੇ ਬਾਵਜੂਦ ਕੀਮਤਾਂ 'ਚ ਚੱਲ ਰਹੀ ਮੰਦੀ ਦੇ ਚਲਦੇ ਪੰਜ ਸਾਲਾਂ ਬਾਅਦ ਕਿਸਾਨਾਂ ਦੀ ਫ਼ਸਲ ਖ਼ਰੀਦਣ ਲਈ ਕਾਟਨ ਕਾਰਪੋਰੇਸ਼ਨ ਮੰਡੀਆਂ 'ਚ ਆ ਰਿਹਾ ਹੈ। ਕੇਂਦਰ ਸਰਕਾਰ ਵਲੋਂ ਬੇਸ਼ੱਕ ਪਿਛਲੇ ਸਾਲ ਦੀ ਤੁਲਨਾ 'ਚ ਇਸ ਵਾਰ ਨਰਮੇ ਦੀ ਘੱਟੋ ਘੱਟ ਕੀਮਤ ਵਿਚ ਨਿਗੂਣਾ ਵਾਧਾ ਕੀਤਾ ਗਿਆ ਹੈ ਪ੍ਰੰਤੂ ਚੱਲ ਰਹੀ ਦੇਸ਼ ਵਿਆਪੀ ਮੰਦੀ ਕਾਰਨ ਵਪਾਰੀ ਇਸ ਤੋਂ ਵੀ ਘੱਟ ਕੀਮਤ 'ਤੇ ਨਰਮੇ ਦੀ ਖ਼ਰੀਦ ਲਈ ਆਨਾ-ਕਾਨੀ ਕਰ ਰਹੇ ਸਨ।

ਕਾਰਪੋਰੇਸ਼ਨ ਦੇ ਬਠਿੰਡਾ ਰੀਜ਼ਨ ਦੇ ਅਧਿਕਾਰੀਆਂ ਮੁਤਾਬਕ ਕਾਟਨ ਕਾਰਪੋਰੇਸ਼ਨ ਵਲੋਂ ਇਕ ਅਕਤੂਬਰ ਤੋਂ ਸਰਕਾਰੀ ਤੌਰ 'ਤੇ ਸ਼ੁਰੂ ਹੋਣ ਜਾ ਰਹੀ ਨਰਮੇ ਦੀ ਖ਼ਰੀਦ ਲਈ ਦੂਜੇ ਰੀਜ਼ਨਾਂ 'ਚ ਭੇਜੇ ਗਏ ਅਪਣੇ ਮੁਲਾਜ਼ਮਾਂ ਨੂੰ ਵਾਪਸ ਬੁਲਾਉਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕਿਸਾਨਾਂ ਤੋਂ ਨਰਮੇ ਦੀ ਸਿੱਧੀ ਖ਼ਰੀਦ ਲਈ ਕਾਰਪੋਰੇਸ਼ਨ ਦੀ ਮੰਗ 'ਤੇ ਪੰਜਾਬ ਮੰਡੀਕਰਨ ਬੋਰਡ ਵਲੋਂ ਦੱਖਣੀ ਮਾਲਵਾ 'ਚ 15 ਮੰਡੀਆਂ ਵਿਚ 37 ਫ਼ੈਕਟਰੀਆਂ ਨੂੰ ਖ਼ਰੀਦ ਕੇਂਦਰ ਐਲਾਨ ਦਿਤਾ ਹੈ।

ਇਸ ਤੋਂ ਪਹਿਲਾਂ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਨੇ ਸਾਲ 2014-15 ਵਿਚ ਨਰਮੇ ਦੀ ਫ਼ਸਲ ਖ਼ਰੀਦੀ ਸੀ। ਉਂਜ ਪਿਛਲੇ ਸਾਲ ਵੀ ਕਿਸਾਨ ਯੂਨੀਅਨਾਂ ਦੇ ਦਬਾਅ ਹੇਠ ਕਾਰਪੋਰੇਸ਼ਨ ਇਸਦੇ ਲਈ ਯਤਨ ਕੀਤੇ ਸਨ ਪ੍ਰੰਤੂ ਆੜਤੀਆ ਦੇ ਵਿਰੋਧ ਕਾਰਨ ਕਾਰਪੋਰੇਸ਼ਨ ਨਰਮੇ ਦੀ ਖ਼ਰੀਦ ਨਹੀਂ ਕਰ ਸਕੀ ਸੀ ਜਿਸ ਕਾਰਨ ਇਸ ਵਾਰ ਵੀ ਨਰਮੇ ਦੀ ਸਿੱਧੀ ਖ਼ਰੀਦ ਨੂੰ ਲੈ ਕੇ ਸੀਸੀਆਈ ਦਾ ਆੜਤੀਆਂ ਨਾਲ ਵਿਵਾਦ ਹੋ ਸਕਦਾ ਹੈ।

ਉਧਰ ਕਿਸਾਨ ਯੂਨੀਅਨ ਨੇ ਵੀ ਕਿਸਾਨਾਂ ਨੂੰ ਆਰਥਕ ਲੁੱਟ ਤੋਂ ਬਚਾਉਣ ਲਈ ਕਾਰਪੋਰੇਸ਼ਨ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਹੈ। ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਨਰਮੇ ਦੀ ਸਰਕਾਰੀ ਤੌਰ 'ਤੇ ਖ਼ਰੀਦ ਲਈ ਕੇਂਦਰ ਸਰਕਾਰ ਨਾਲ ਸਬੰਧਤ ਕਾਟਨ ਕਾਰਪੋਰੇਸ਼ਨ ਇਕੋ-ਇਕ ਏਜੰਸੀ ਹੈ। ਦਸਣਾ ਬਣਦਾ ਹੈ ਕਿ ਦੂਜੇ ਖੇਤਰਾਂ 'ਚ ਚਲ ਰਹੀ ਵਿਆਪਕ ਮੰਦੀ ਦਾ ਅਸਰ ਹੁਣ ਟੈਕਸਟਾਈਲ ਫ਼ੈਕਟਰੀਆਂ ਉਪਰ ਵੀ ਦੇਖਣ ਨੂੰ ਮਿਲ ਰਿਹਾ ਹੈ। ਰੂੰਈ ਦੇ ਵਪਾਰੀਆਂ ਮੁਤਾਬਕ ਅਮਰੀਕਾ ਤੇ ਚੀਨ ਵਿਚਕਾਰ ਚੱਲ ਰਹੇ ਵਪਾਰਕ ਯੁੱਧ ਕਾਰਨ ਰੂੰਈ ਨੂੰ ਬਾਹਰ ਭੇਜਣ ਦਾ ਕੰਮ ਠੱਪ ਹੋ ਗਿਆ ਹੈ। ਜਿਸ ਦੇ ਚਲਦੇ ਮਿੱਲਾਂ ਕੋਲ ਧਾਗੇ ਤੇ ਰੂੰਈ ਦਾ ਵੱਡਾ ਸਟਾਕ ਇਕੱਠਾ ਹੋਇਆ ਪਿਆ ਹੈ।

ਜ਼ਿਕਰਯੋਗ ਹੈ ਕਿ ਇਸ ਵਾਰ ਨਰਮੇ ਦੀ ਫ਼ਸਲ ਚੰਗੀ ਹੋਣ ਦੇ ਚੱਲਦੇ ਪੰਜਾਬ ਵਿਚ ਪ੍ਰਤੀ ਏਕੜ 11 ਤੋਂ 12 ਕੁਇੰਟਲ ਨਰਮੇ ਦੇ ਝਾੜ ਨਿਕਲਣ ਦੀ ਸੰਭਾਵਨਾ ਹੈ। ਜਿਹੜਾ ਕਿ ਹੁਣ ਤਕ ਸੱਭ ਤੋਂ ਵੱਧ ਹੈ। ਪਿਛਲੇ ਸੀਜ਼ਨ 'ਚ ਪੰਜਾਬ ਵਿਚ 2 ਲਖ 87 ਹਜ਼ਾਰ ਹੈਕਟੇਅਰ ਰਕਬੇ ਅਧੀਨ ਨਰਮੇ ਦੀ ਫ਼ਸਲ ਬੀਜੀ ਗਈ ਸੀ ਜਦਕਿ ਇਸ ਵਾਰ 4 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਹੋਈ ਹੈ। ਜਿਸ ਵਿਚੋਂ 42 ਲੱਖ ਕੁਇੰਟਲ ਨਰਮੇ ਦੀ ਆਮਦ ਹੋਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਵਲੋਂ ਇਸ ਵਾਰ ਪੰਜਾਬ 'ਚ ਪੈਦਾ ਹੁੰਦੇ ਨਰਮੇ ਦਾ ਭਾਅ 5450 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ। ਪ੍ਰੰਤੂ ਮੰਦੀ ਕਾਰਨ ਮੌਜੂਦਾ ਸਮੇਂ ਨਰਮੇ ਦਾ ਭਾਅ 5200 ਪ੍ਰਤੀ ਕੁਇੰਟਲ ਦੇ ਕਰੀਬ ਹੀ ਰਹਿ ਗਿਆ।