ਨਕਲੀ ਕੀਟਨਾਸ਼ਕ ਵੇਚਣ ਵਾਲਿਆਂ ਨੂੰ ਬਚਾਉਣ ‘ਚ ਫਸੇ 20 ਏਡੀਓ, ਚਾਰਜਸ਼ੀਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਨਕਲੀ ਕੀਟਨਾਸ਼ਕ ਦਵਾਈਆਂ ਅਤੇ ਬੀਜਾਂ ਨੂੰ ਫੜਨ ਦੇ ਬਾਵਜੂਦ ਦੋਸ਼ੀਆਂ ਦੇ ਖਿਲਾਫ਼ ਕਾਨੂੰਨੀ...

Chargesheet file against 20 ADOs

ਚੰਡੀਗੜ੍ਹ (ਸਸਸ) : ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਨਕਲੀ ਕੀਟਨਾਸ਼ਕ ਦਵਾਈਆਂ ਅਤੇ ਬੀਜਾਂ ਨੂੰ ਫੜਨ ਦੇ ਬਾਵਜੂਦ ਦੋਸ਼ੀਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਨਾ ਕਰਨ ਵਾਲੇ 20 ਏਡੀਓ (ਐਗਰੀਕਲਚਰ ਡਿਵੈਲਪਮੈਂਟ ਅਫ਼ਸਰ) ਨੂੰ ਚਾਰਜਸ਼ੀਟ ਜਾਰੀ ਕਰ ਦਿਤੀ ਹੈ। ਏਡੀਓ ਰੈਂਕ ਦੇ 11 ਅਧਿਕਾਰੀ ਅਜੇ ਰਾਡਾਰ ‘ਤੇ ਹਨ ਜਿਨ੍ਹਾਂ ਨੂੰ ਜਲਦੀ ਹੀ ਚਾਰਜਸ਼ੀਟ ਜਾਰੀ ਕੀਤੀ ਜਾ ਸਕਦੀ ਹੈ। ਇਸ ਮਾਮਲੇ ਵਿਚ ਮੌਜੂਦਾ ਕ੍ਰਿਸ਼ੀ ਮੰਤਰੀ ਤੋਤਾ ਸਿੰਘ  ਅਤੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਉਤੇ ਵੀ ਘੇਰਾ ਕੱਸਿਆ ਗਿਆ ਸੀ। ​

ਇਸ ਮਾਮਲੇ ਵਿਚ ਮੌਜੂਦਾ ਕ੍ਰਿਸ਼ੀ ਮੰਤਰੀ ਤੋਤਾ ਸਿੰਘ ਅਤੇ ਵਿਭਾਗ ਦੇ ਨਿਰਦੇਸ਼ਕ ਮੰਗਲ ਸਿੰਘ ਸੰਧੂ ਵੀ ਘੇਰੇ ਵਿਚ ਆਏ ਸਨ। ਮਾਮਲੇ  ਦੇ ਗਰਮਾਉਣ ਉਤੇ ਤੋਤਾ ਸਿੰਘ ਨੂੰ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਬਾਅਦ ਵਿਚ ਵਿਭਾਗੀ ਜਾਂਚ ਵਿਚ ਤੋਤਾ ਸਿੰਘ ਤਾਂ ਬੱਚ ਨਿਕਲੇ ਪਰ ਸੰਧੂ ਹੁਣ ਵੀ ਅਦਾਲਤੀ ਕੇਸ ਝੱਲ ਰਹੇ ਹਨ। 11 ਹੋਰ ਅਧਿਕਾਰੀਆਂ ਉਤੇ ਜਲਦੀ ਚਾਰਜਸ਼ੀਟ, ਕੀਟਨਾਸ਼ਕ ਦਵਾਈਆਂ, ਬੀਜਾਂ ਦੇ ਸੈਂਪਲ ਫ਼ੇਲ੍ਹ ਹੋਣ ‘ਤੇ ਵੀ ਕੇਸ ਦਰਜ ਨਹੀਂ ਕਰਵਾਇਆ।

ਐਡੀਸ਼ਨਲ ਚੀਫ਼ ਸੈਕਰੇਟਰੀ ਡਿਵੈਲਪਮੈਂਟ ਵਿਸ਼ਵਜੀਤ ਖੰਨਾ ਅਤੇ ਸੈਕਰੇਟਰੀ ਕਾਹਨ ਸਿੰਘ ਪੰਨੂ ਨੇ ਵੀਹ ਅਧਿਕਾਰੀਆਂ ਦੀ ਚਾਰਜਸ਼ੀਟ ਕਰਨ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਬਾਕੀ 11 ਨੂੰ ਵੀ ਦੋ-ਚਾਰ ਦਿਨ ਵਿਚ ਚਾਰਜਸ਼ੀਟ ਜਾਰੀ ਕਰ ਦਿਤੀ ਜਾਵੇਗੀ। ਸੈਂਪਲ ਫ਼ੇਲ੍ਹ ਹੋਣ ਦੇ 76 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਾਰੇ ਉਤੇ ਇਨਸੈਕਟੀਸਾਈਡ ਐਕਟ 1968  ਦੇ ਅਧੀਨ ਕਾਰਵਾਈ ਕਰਨ ਦੀ ਜ਼ਰੂਰਤ ਸੀ।

ਇਸ ਐਕਟ ਦੇ ਤਹਿਤ ਸੈਂਪਲ ਫ਼ੇਲ੍ਹ ਹੋਣ ‘ਤੇ ਸੈਂਪਲ ਲੈਣ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਦੋਸ਼ੀਆਂ ਉਤੇ ਕੇਸ ਦਰਜ ਕਰਵਾਏ ਅਤੇ ਮਾਮਲੇ ਨੂੰ ਅਦਾਲਤ ਤੱਕ ਲਿਜਾਵੇ ਪਰ ਅਧਿਕਾਰੀ ਅਜਿਹਾ ਕਰਨ ਵਿਚ ਨਾਕਾਮ ਰਹੇ।