ਜ਼ੀਰੋ ਲਾਗਤ ਖੇਤੀ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰ ਰਿਹੈ ਖੇਤੀਬਾੜੀ ਵਿਭਾਗ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਜ਼ੀਰੋ ਬਜਟ ਵਿਚ ਕੁਦਰਤੀ ਖੇਤੀ ਪ੍ਰਤੀ ਕਿਸਾਨਾਂ ਦੀ ਜਾਗਰੂਕਤਾ ਲਈ ਖੇਤੀਬਾੜੀ ਵਿਭਾਗ ਹੁਣ ਦਿਹਾਤੀ ਪੱਧਰ ਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕਰ ਰਿਹਾ ਹੈ।

Zero budget natural farming

ਮੰਡੀ , ( ਭਾਸ਼ਾ  ) : ਜ਼ੀਰੋ ਬਜਟ ਵਿਚ ਕੁਦਰਤੀ ਖੇਤੀ ਪ੍ਰਤੀ ਕਿਸਾਨਾਂ ਦੀ ਜਾਗਰੂਕਤਾ ਲਈ ਖੇਤੀਬਾੜੀ ਵਿਭਾਗ ਹੁਣ ਦਿਹਾਤੀ ਪੱਧਰ ਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕਰ ਰਿਹਾ ਹੈ। ਖੇਤੀਬਾੜੀ ਵਿਭਾਗ ਦੀ ਟੀਮ ਖੇਤਰ ਦੀਆਂ ਸਾਰੀਆਂ 3226 ਪੰਚਾਇਤਾਂ ਦੇ ਹਰ ਪਿੰਡ ਵਿਚ ਕਿਸਾਨਾਂ ਨੂੰ ਜ਼ੀਰੋ ਲਾਗਤ ਖੇਤੀ ਬਾਰੇ ਜਾਗਰੂਕ ਕਰੇਗੀ। ਟਰੰਗ ਦੀ ਗ੍ਰਾਮ ਪੰਚਾਇਤ ਨੇਰ ਘਰਵਾਸੜਾ ਦੇ ਮਝਾਰਨੂ ਵਿਚ ਆਯੋਜਿਤ ਜ਼ੀਰੋ ਲਾਗਤ ਖੇਤੀ ਜਾਗਰੂਕਤਾ ਕੈਂਪ ਦੌਰਾਨ ਖੇਤੀ ਮਾਹਿਰ ਡਾ. ਕੇਸੀ ਠਾਕੁਰ ਨੇ ਕਿਹਾ ਕਿ ਹਰ ਪਿੰਡ ਵਿਚ ਅਜਿਹੇ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ

ਜੋ ਖੇਤੀ 'ਤੇ ਹੀ ਨਿਰਭਰ ਹਨ। ਅਜਿਹੇ ਨੌਜਵਾਨਾਂ ਨੂੰ ਵਿਭਾਗ ਵੱਲੋਂ ਜ਼ੀਰੋ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਮਾਸਟਰ ਟ੍ਰੇਨਰ ਬਣਾਇਆ ਜਾਵੇਗਾ। ਸਿਖਲਾਈ ਦੌਰਾਨ ਇਨ੍ਹਾਂ ਨੌਜਵਾਨਾਂ ਨੂੰ ਮਾਣਭੱਤਾ ਵੀ ਦਿਤਾ ਜਾਵੇਗਾ ਅਤੇ ਨਾਲ ਹੀ ਦੇਸ਼ ਦੇ ਹੋਰਨਾਂ ਰਾਜਾਂ ਵਿਚ ਵਿਚ ਲਿਜਾਇਆ ਜਾਵੇਗਾ ਜਿਥੇ ਇਸ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ।  ਉਨ੍ਹਾਂ ਕਿਹਾ ਕਿ ਪਦਮ ਸ਼੍ਰੀ ਪ੍ਰਾਪਤ ਡਾ. ਸੁਭਾਸ਼ ਪਾਲੇਕਰ ਦੇ ਸਹਿਯੋਗ ਨਾਲ ਰਾਜ ਵਿਚ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ। ਟ੍ਰੰਗ ਦੀਆਂ ਸਾਰੀਆਂ ਪੰਚਾਇਤਾਂ ਵਿਚ ਇਸ ਖੇਤੀ ਦਾ ਮਾਡਲ ਤਿਆਰ ਕਰ ਕੇ ਕਿਸਾਨਾਂ ਨੂੰ ਇਸ ਨੂੰ ਅਪਨਾਉਣ ਲਈ ਪ੍ਰੇਰਣਾ ਦਿਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਚਾਇਤਾਂ ਤੋਂ ਕੁਝ ਕਿਸਾਨਾਂ ਨੂੰ ਖੇਤਰੀ ਯੂਨੀਵਰਸਿਟੀ ਪਾਲਮਪੁਰ ਵਿਖੇ ਸਿਖਲਾਈ ਦੇ ਕੇ ਮਾਸਟਰ ਟ੍ਰੇਨਰ ਬਣਾਇਆ ਗਿਆ ਹੈ। ਇਹ ਮਾਸਟਰ ਟ੍ਰੇਨਰ ਖੇਤੀ ਵਿਭਾਗ ਦੇ ਫੀਲਡ ਸਟਾਫ ਨਾਲ ਕਿਸਾਨਾਂ ਨੂੰ ਜ਼ੀਰੋ ਖੇਤੀ, ਕੁਦਰਤੀ ਖੇਤੀ ਅਤੇ ਜੈਵਿਕ ਖੇਤੀ ਤਿੰਨਾਂ ਤਰ੍ਹਾਂ ਦੀ ਖੇਤੀ ਵਿਚ ਸਭ ਤੋਂ ਬਿਹਤਰ ਕਿਹੜੀ ਹੈ ਇਸ ਬਾਰੇ ਵਿਸਤਾਰਪੂਵਰਕ ਜਾਣਕਾਰੀ ਦਿਤੀ ਜਾਵੇਗੀ। ਜ਼ੀਰੋ ਲਾਗਤ ਕੁਦਰਤੀ ਖੇਤੀ ਹੀ ਕਿਸਾਨਾਂ ਦੀ ਆਮਦਨੀ ਨੂੰ ਦੁਗਣਾ ਕਰਨ ਦਾ ਇਕੋ ਇਕ ਵਿਕਲਪ ਹੈ।