ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ, 24.30 ਲੱਖ ਜਾਰੀ ਕੀਤੇ ਇਹ ਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਖਾਦਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਭੌਂ ਦੀ ਸਿਹਤ ਪਰਖ ਤੋਂ ਬਾਅਦ ਕਿਸਾਨਾਂ ਨੂੰ 24.30...

Kissan

ਚੰਡੀਗੜ੍ਹ: ਖਾਦਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਭੌਂ ਦੀ ਸਿਹਤ ਪਰਖ ਤੋਂ ਬਾਅਦ ਕਿਸਾਨਾਂ ਨੂੰ 24.30 ਲੱਖ ਭੌਂ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਇਹ ਜਾਣਕਾਰੀ ਪੰਜਾਬ ਦੇ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਦਿੱਤੀ ਅਤੇ ਕਿਸਾਨਾਂ ਨੂੰ ਪੀਏਯੂ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਲੋੜ ਅਨੁਸਾਰ ਖਾਦਾਂ ਨੂੰ ਵਰਤੋਂ ‘ਚ ਲਿਆਉਣ ਦੀ ਅਪੀਲ ਕੀਤੀ ਗਈ।

ਡੀ.ਏ.ਪੀ. ਅਤੇ ਯੂਰੀਆ ਦੀ ਵਰਤੋਂ ਵਿੱਚ ਵੱਡੀ ਕਮੀ ਆਉਣ ਦਾ ਜ਼ਿਕਰ ਕਰਦਿਆਂ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਸਾਲ 2018 ਵਿੱਚ ਯੂਰੀਆ ਦੀ 14.57 ਲੱਖ ਟਨ ਖਪਤ ਹੋਈ ਸੀ ਜੋ ਸਾਲ 2019 ਵਿੱਚ ਘਟ ਕੇ 13.75 ਲੱਖ ਟਨ ਰਹਿ ਗਈ ਜਿਸ ਨਾਲ ਕਿਸਾਨਾਂ ਨੂੰ 49.20 ਕਰੋੜ ਦਾ ਲਾਭ ਪਹੁੰਚਿਆ।

ਇਸੇ ਤਰ੍ਹਾਂ ਡੀ.ਏ.ਪੀ. ਦੀ ਖਪਤ ਵਿੱਚ ਵੀ 33000 ਟਨ ਦੀ ਕਮੀ ਦਰਜ ਕੀਤੀ ਗਈ ਜੋ ਸਾਲ 2019 ਵਿੱਚ 1.42 ਲੱਖ ਟਨ ਰਹਿ ਗਈ ਜਦਕਿ ਸਾਲ 2018 ਵਿੱਚ 1.75 ਲੱਖ ਟਨ ਦੀ ਖਪਤ ਹੋਈ ਸੀ ਜਿਸ ਨਾਲ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੂੰ 82.50 ਕਰੋੜ ਰੁਪਏ ਦਾ ਲਾਭ ਹੋਇਆ।

ਸਾਉਣੀ 2019 ਦੌਰਾਨ ਕੀਟਨਾਸ਼ਕਾਂ ਦੀ ਖਪਤ ਬਾਰੇ ਵੇਰਵੇ ਦਿੰਦਿਆਂ ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਨਕਲੀ ਬੀਜਾਂ ਅਤੇ ਖੇਤੀ ਰਸਾਇਣਾਂ ਦੀ ਵਿਕਰੀ ਰੋਕਣ ਲਈ ਪੂਰੀ ਮੁਸਤੈਦੀ ਵਰਤੀ ਗਈ ਜਿਸ ਦੇ ਨਤੀਜੇ ਵਜੋਂ ਫਸਲਾਂ ਦੇ ਉਤਪਾਦਨ ਵਿੱਚ ਪਿਛਲੇ ਸਾਰੇ ਰਿਕਾਰਡ ਟੁੱਟ ਗਏ।

ਕਾਹਨ ਸਿੰਘ ਪੰਨੂੰ ਨੇ ਅੱਗੇ ਦੱਸਿਆ ਕਿ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਕੀਟਨਾਸ਼ਕਾਂ ਦੀ ਵਰਤੋਂ ਵਿੱਚ 675 ਐਮ.ਟੀ. ਨਕਨੀਕੀ ਗ੍ਰੇਡ ਦੀ ਕਮੀ ਦਰਜ ਕੀਤੀ ਗਈ ਜਿਸ ਨਾਲ ਕਿਸਾਨਾਂ ਨੂੰ 355 ਕਰੋੜ ਰੁਪਏ ਦਾ ਲਾਭ ਹੋਇਆ ਜਦਕਿ ਸਾਉਣੀ 2018 ਦੌਰਾਨ 2000 ਕਰੋੜ ਰੁਪਏ ਦੀ ਲਾਗਤ ਨਾਲ 3838 ਐਮ.ਟੀ. ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ ਸੀ।