ਕਿਵੇਂ ਕੀਤੀ ਜਾਂਦੀ ਹੈ ਮਿਰਚ ਦੀ ਖੇਤੀ, ਇਹ ਹਨ ਮਿਰਚ ਦੀਆਂ ਵੱਖ-ਵੱਖ ਕਿਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ।

Chilli Farming and different types of chilli

 

ਮਿਰਚ ਦੀ ਫ਼ਸਲ ਗਰਮ ਮੌਸਮ ਦੀ ਫ਼ਸਲ ਹੈ। ਮਿਰਚ ਨੂੰ ਕੜ੍ਹੀ, ਆਚਾਰ, ਚੱਟਨੀ ਅਤੇ ਹੋਰ ਸਬਜ਼ੀਆਂ ਵਿੱਚ ਮੁੱਖ ਤੌਰ ਤੇ ਵਰਤਿਆ ਜਾਂਦਾ ਹੈ। ਮਿਰਚ ਵਿੱਚ ਕੌੜਾ-ਪਣ ਕੈਪਸੇਸਿਨ ਨਾਮ ਦੇ ਇੱਕ ਤੱਤ ਕਰਕੇ ਹੁੰਦਾ ਹੈ, ਜਿਸਨੂੰ ਦਵਾਈਆਂ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਇਸ ਦੀ ਖੇਤੀ ਲਈ ਚੰਗੇ ਜਲ ਨਿਕਾਸ ਅਤੇ ਜ਼ਿਆਦਾ ਮੱਲੜ ਵਾਲੀ ਜ਼ਮੀਨ ਅਨੁਕੂਲ ਹੈ।

ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿੱਚ ਨਮੀਂ ਹੋਵੇ, ਇਸ ਲਈ ਢੁੱਕਵੀਂ ਹੁੰਦੀ ਹੈ। ਹਲਕੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਕੁਆਲਿਟੀ ਦੀ ਪੈਦਾਵਾਰ ਦਿੰਦੀਆਂ ਹਨ। ਮਿਰਚ ਦੇ ਚੰਗੇ ਵਿਕਾਸ ਲਈ ਜ਼ਮੀਨ ਦੀ pH 6–7 ਢੁੱਕਵੀਂ ਹੈ।

ਮਿਰਚ ਦੀਆਂ ਕਿਸਮਾਂ:

1. ਸੀ ਐੱਚ-27 (2015)

ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ। ਇਸ ਦੇ ਬੂਟੇ ਕਾਫੀ ਫੈਲਦੇ ਹਨ ਅਤੇ ਇਸ ਦਾ ਝਾੜ 96 ਕੁਇੰਟਲ ਦੇ ਲਗਭਗ ਹੈ। ਇਸ ਵਿੱਚ ਕੁੜੱਤਣ ਤੱਤ ਦੀ ਮਾਤਰਾ 0.7 ਪ੍ਰਤੀਸ਼ਤ ਹੁੰਦੀ ਹੈ।

2. ਸੀ ਐੱਚ-3 (2002)

ਇਸ ਦੇ ਫਲ ਘੱਟ ਕੌੜੇ ਹੁੰਦੇ ਹਨ। ਇਸ ਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ। ਇਸ ਦੇ ਫਲ ਲੰਬੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਝਾੜ 110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

3. ਸੀ ਐੱਚ-1 (1992)

ਇਸ ਦੇ ਫ਼ਲ ਦਰਮਿਆਨੇ ਲੰਮੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾ ਝਾੜ ਲਗਭਗ 100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਉੱਲੀ ਅਤੇ ਵਿਸ਼ਾਣੂ ਰੋਹ ਨੂੰ ਸਹਿਣਸ਼ੀਲ ਹੁੰਦੀ ਹੈ। ਇਸ ਦੀ ਮੰਡੀਆਂ ਵਿੱਚ ਵੀ ਬਹੁਤ ਮੰਗ ਹੈ।

4. ਪੰਜਾਬ ਸੰਧੂਰੀ (2013)

ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਸ ਦਾ ਝਾੜ ਲਗਭਗ 80 ਕੁਇੰਟਲ ਹੁੰਦਾ ਹੈ ਅਤੇ ਇਹ ਕਿਸਮ ਕਾਫੀ ਕੌੜੀ ਹੁੰਦੀ ਹੈ। ਇਹ ਛੇਤੀ ਪੱਕਣ ਵਾਲੀ ਕਿਸਮ ਹੈ। ਫ਼ਲ ਲੰਮੇ, ਮੋਟੀ ਛਿੱਲੜ ਵਾਲੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਅਤੇ ਦੂਰ ਦੁਰਾਡੇ ਦੀਆਂ ਮੰਡੀਆਂ ਵਿੱਚ ਲਈ ਢੁੱਕਵੀਂ ਹੈ।

5. ਪੰਜਾਬ ਤੇਜ (2013)

ਇਸ ਦੇ ਪੌਦੇ ਹਲਕੇ ਹਰੇ, ਫੈਲੇ ਹੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸ ਦਾ ਝਾੜ ਕਗਭਗ 56 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਦੇ ਫ਼ਲ ਲੰਮੇ, ਪਤਲੀ ਛਿੱਲੜ ਵਾਲੇ ਅਤੇ ਦਰਮਿਆਨੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਕੁੜੱਤਣ ਤੱਤ ਦੀ ਮਾਤਰਾ 1.3 ਪ੍ਰਤੀਸ਼ਤ ਹੁੰਦੀ ਹੈ ਅਤੇ ਇਹ ਪ੍ਰੋਸੈਸਿੰਗ ਲਈ ਢੁੱਕਵੀਂ ਹੈ।

6. ਪੰਜਾਬ ਗੁੱਛੇਦਾਰ (1995)

ਇਸ ਦੇ ਫ਼ਲ ਛੋਟੇ, ਖੜਵੇਂ ਅਤੇ ਗੁੱਛਿਆਂ ਵਿੱਚ ਹੁੰਦੇ ਹਨ। ਇਸ ਵਿੱਚ ਕੁੜੱਤਣ ਦੀ ਮਾਤਰਾ 0.98 ਪ੍ਰਤੀਸ਼ਤ ਹੁੰਦੀ ਹੈ। ਇਸ ਦਾ ਝਾੜ ਲਗਭਗ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

7. ਪੰਜਾਬ ਸੁਰਖ (1995)

ਇਸ ਦੇ ਫ਼ਲ ਲੰਮੇ ਗੂੜੇ ਲਾਲ ਰੰਗ ਦੇ ਹੁੰਦੇ ਹਨ। ਇਸ ਦਾ ਝਾੜ ਲਗਭਗ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਵਿੱਚ ਫ਼ਲ ਦਾ ਗਲਣਾਂ ਅਤੇ ਵਿਸ਼ਾਣੂ ਰੋਗ ਨੂੰ ਸਹਿਣ ਦੀ ਸਮੱਰਥਾ ਹੁੰਦੀ ਹੈ। ਇਸ ਵਿੱਚ ਕੁੜੱਤਣ ਤੱਤ ਦੀ ਮਾਤਰਾ 0.8 ਪ੍ਰਤੀਸ਼ਤ ਹੁੰਦੀ ਹੈ। ਇਹ ਪ੍ਰੋਸੈਸਿੰਗ ਲਈ ਢੁੱਕਵੀ ਹੈ।