ਪੁਰਾਤਨ ਪੰਜਾਬੀ ਕਲਾ ਹੈ ਫੁਲਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਇਹ ਪੰਜਾਬੀ ਮੁਟਿਆਰਾਂ ਦੀਆਂ ਉਂਗਲਾਂ ਦਾ ਹੀ ਕਮਾਲ ਹੈ ਕਿ ਉਹ ਛੋਟੀ ਜਹੀ ਸੂਈ ਅਤੇ ਧਾਗਿਆਂ ਨਾਲ ਕਲਾ ਦੀ ਅਲੌਕਿਕ ਦੁਨੀਆਂ ਸਿਰਜ ਦੇਂਦੀਆਂ ਹਨ

Phulkari

ਫੁਲਕਾਰੀ ਸ਼ਬਦ ਹਰ ਤਰ੍ਹਾਂ ਦੀ ਕਸ਼ੀਦਾਕਾਰੀ ਲਈ ਵਰਤਿਆ ਜਾਂਦਾ ਹੈ। ਇਸ ਦੇ ਸ਼ਾਬਦਕ ਅਰਥ ਹਨ- ਫੁੱਲ ਕਢਣੇ। ਇਹ ਇਕ ਅਜਿਹੀ ਲੋਕ ਕਲਾ ਹੈ ਜਿਸ ਨੂੰ ਪੰਜਾਬੀ ਮੁਟਿਆਰਾਂ ਨੇ ਅਪਣੀ ਅਣਥੱਕ ਮਿਹਨਤ ਅਤੇ ਅਨੋਖੀ ਲਗਨ ਨਾਲ ਨਿਖਾਰਿਆ ਹੈ। ਇਹ ਉਹ ਸੁੱਚੀ ਅਤੇ ਸੱਚੀ ਲੋਕ-ਕਲਾ ਹੈ ਜਿਸ ਦੇ ਇਕ ਇਕ ਧਾਗੇ ਵਿਚ ਪੰਜਾਬਣਾਂ ਨੇ ਅਪਣੀਆਂ ਭਾਵਨਾਵਾਂ ਨੂੰ ਪ੍ਰੋਇਆ ਹੈ। ਫੁਲਕਾਰੀ ਕੱਢਣ ਸਮੇਂ ਰੰਗਾਂ ਦੀ ਚੋਣ ਵੀ ਬੜੇ ਧਿਆਨ ਨਾਲ ਕੀਤੀ ਜਾਂਦੀ ਹੈ। ਪੰਜਾਬਣਾਂ ਵਿਚ ਰੰਗਾਂ ਨੂੰ ਮਿਲਾਉਣ ਦੀ ਕੁਦਰਤੀ ਕਲਾਤਮਕ ਸੂਝ ਹੁੰਦੀ ਹੈ।

ਫੁਲਕਾਰੀ ਕੱਢਣ ਸਮੇਂ ਧਾਗਾ ਵਧੀਆ ਰੇਸ਼ਮ ਦਾ ਹੁੰਦਾ ਹੈ ਅਤੇ ਕਪੜਾ ਖੱਦਰ ਦਾ ਵਰਤਿਆ ਜਾਂਦਾ ਹੈ। ਇਸ ਦੀ ਕਢਾਈ ਪੁੱਠੇ ਪਾਸਿਉਂ ਕੀਤੀ ਜਾਂਦੀ ਹੈ। ਵਣਜਾਰਾ ਬੇਦੀ ਦਾ ਕਹਿਣਾ ਹੈ ਕਿ ਫੁਲਕਾਰੀ ਪੰਜਾਂ ਦਰਿਆਵਾਂ ਦੇ ਮੁੜ੍ਹਕੇ ਦੀ ਮਹਿਕ ਹੀ ਨਹੀਂ, ਉਨ੍ਹਾਂ ਦੇ ਨਿਜੀ ਤੇ ਰੰਗੀਲੇ ਸੁਭਾਅ ਦੀ ਛਾਪ ਵੀ ਹੈ। ਇਹ ਪੰਜਾਬੀ ਮੁਟਿਆਰਾਂ ਦੀਆਂ ਉਂਗਲਾਂ ਦਾ ਹੀ ਕਮਾਲ ਹੈ ਕਿ ਉਹ ਛੋਟੀ ਜਹੀ ਸੂਈ ਅਤੇ ਧਾਗਿਆਂ ਨਾਲ ਕਲਾ ਦੀ ਅਲੌਕਿਕ ਦੁਨੀਆਂ ਸਿਰਜ ਦੇਂਦੀਆਂ ਹਨ। ਜਦੋਂ ਉਹ ਫੁਲਕਾਰੀ ਕਢਦੀਆਂ ਹਨ ਤਾਂ ਗੀਤਾਂ ਦੇ ਮਿੱਠੇ ਮਿੱਠੇ ਬੋਲ ਵੀ ਉਚਾਰਦੀਆਂ ਹਨ।

ਇੰਜ ਜਾਪਦਾ ਹੈ ਕਿ ਇਨ੍ਹਾਂ ਗੀਤਾਂ ਦੇ ਮਿੱਠੇ ਬੋਲਾਂ ਨਾਲ ਫੁੱਲ-ਬੂਟਿਆਂ ਵਿਚ ਵੀ ਸਦੀਵੀ ਜਾਨ ਪੈ ਜਾਂਦੀ ਹੈ। ਇਨ੍ਹਾਂ ਵਿਚ ਅਨੇਕ ਪ੍ਰਕਾਰ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੰਜਾਬੀ ਮੁਟਿਆਰਾਂ ਫੁਲਕਾਰੀ ਕੱਢਣ ਸਮੇਂ ਪ੍ਰਗਟਾਉਂਦੀਆਂ ਹਨ। ਜਿਵੇਂ ਕਿ:ਫੁਲਕਾਰੀ ਮੇਰੀ ਰੇਸ਼ਮੀ, ਰੰਗ ਢੁਕਾਏ ਠੀਕ, ਛੇਤੀ ਦਰਸ਼ਨ ਦੇਵਣੇ, ਮੈਂ ਰਸਤੇ ਰਹੀ ਉਡੀਕ। ਫੁਲਕਾਰੀ ਦੇ ਨਾਲ ਨਾਲ ਰੁਮਾਲਾਂ 'ਤੇ ਵੀ ਅਜਿਹੀ ਕਢਾਈ ਕੱਢੀ ਜਾਂਦੀ ਹੈ। ਬੇਬੇ ਨਾਨਕੀ ਦੇ ਹੱਥਾਂ ਨਾਲ ਕਢਿਆ ਰੁਮਾਲ ਡੇਰਾ ਬਾਬਾ ਨਾਨਕ ਵਿਚ ਸੰਭਾਲਿਆ ਪਿਆ ਹੈ ਜੋ ਅਜਿਹੀ ਕਲਾ ਦਾ ਉੱਤਮ ਨਮੂਨਾ ਹੈ।