ਲੋਕ ਕਲਾਵਾਂ ਵਿਚੋਂ ਇਕ ਹੈ ਫੁੱਲਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਪੰਜਾਬੀ ਲੋਕ-ਕਲਾਵਾਂ ਦਾ ਵਿਸ਼ਾ ਖੇਤਰ ਬਹੁਤ ਹੀ ਵਿਸ਼ਾਲ ਹੈ। ਪੰਜਾਬੀ ਲੋਕ ਕਲਾਵਾਂ ਜਿਵੇਂ ਕਿ ਲੋਕ-ਸੰਗੀਤ, ਲੋਕ-ਨਾਟ, ਲੋਕ-ਸਾਜ਼, ਲੋਕ-ਗਹਿਣੇ, ਚਿੱਤਰਕਾਰੀ, ਬੁੱਤ...

Phulkari

ਪੰਜਾਬੀ ਲੋਕ-ਕਲਾਵਾਂ ਦਾ ਵਿਸ਼ਾ ਖੇਤਰ ਬਹੁਤ ਹੀ ਵਿਸ਼ਾਲ ਹੈ। ਪੰਜਾਬੀ ਲੋਕ ਕਲਾਵਾਂ ਜਿਵੇਂ ਕਿ ਲੋਕ-ਸੰਗੀਤ, ਲੋਕ-ਨਾਟ, ਲੋਕ-ਸਾਜ਼, ਲੋਕ-ਗਹਿਣੇ, ਚਿੱਤਰਕਾਰੀ, ਬੁੱਤ-ਤਰਾਸ਼ੀ, ਗਲਪਕਾਰੀ ਅਤੇ ਫੁੱਲਕਾਰੀ ਆਦਿ ਸੱਭ ਇਸ ਦੇ ਖੇਤਰ ਵਿਚ ਆਉਂਦੇ ਹਨ। ਪ੍ਰਸਿੱਧ ਲੋਕਧਾਰਾ ਵਿਗਿਆਨੀ ਵਣਜਾਰਾ ਬੇਦੀ ਅਨੁਸਾਰ ਸ੍ਰੀਰਕ ਲੋੜਾਂ ਵਾਂਗ ਮਨੁੱਖ ਦੀਆਂ ਕੁੱਝ ਮਾਨਸਕ ਲੋੜਾਂ ਵੀ ਹਨ ਜਿਨ੍ਹਾਂ ਦੀ ਤ੍ਰਿਪਤੀ ਸੁਹਜ-ਰਸ ਨਾਲ ਹੁੰਦੀ ਹੈ।

ਇਸ ਤਰ੍ਹਾਂ ਸੁਹਜ ਨੂੰ ਮਾਣਨ ਦੀ ਇੱਛਾ ਨੇ ਕਲਾ ਨੂੰ ਜਨਮ ਦਿਤਾ। ਉਹ ਕਲਾ, ਜਿਸ ਨੂੰ ਆਦਿ ਕਾਲ ਤੋਂ ਅਨੇਕਾਂ ਕਿਰਤੀਆਂ ਨੇ ਅਪਣੇ ਅਨੁਭਵ ਨਾਲ ਸਿੰਜ ਕੇ ਰਸਾਇਆ-ਪਕਾਇਆ ਤੇ ਨਿਖਾਰਿਆ ਅਤੇ ਜੋ ਪ੍ਰੰਪਰਾ ਦੀ ਧਾਰਾ ਦਾ ਅੰਗ ਬਣ ਕੇ ਵਿਹਾਜੀ ਲੋਕ-ਕਲਾ ਅਖਵਾਈ।

ਫੁੱਲਕਾਰੀ : ਫੁੱਲਕਾਰੀ ਸ਼ਬਦ ਹਰ ਤਰ੍ਹਾਂ ਦੀ ਕਸ਼ੀਦਾਕਾਰੀ ਲਈ ਵਰਤਿਆ ਜਾਂਦਾ ਹੈ। ਇਸ ਦੇ ਸ਼ਾਬਦਕ ਅਰਥ ਹਨ- ਫੁੱਲ ਕਢਣੇ। ਇਹ ਇਕ ਅਜਿਹੀ ਲੋਕ ਕਲਾ ਹੈ ਜਿਸ ਨੂੰ ਪੰਜਾਬੀ ਮੁਟਿਆਰਾਂ ਨੇ ਅਪਣੀ ਅਣਥੱਕ ਮਿਹਨਤ ਅਤੇ ਅਨੋਖੀ ਲਗਨ ਨਾਲ ਨਿਖਾਰਿਆ ਹੈ। ਇਹ ਉਹ ਸੁੱਚੀ ਅਤੇ ਸੱਚੀ ਲੋਕ-ਕਲਾ ਹੈ ਜਿਸ ਦੇ ਇਕ ਇਕ ਧਾਗੇ ਵਿਚ ਪੰਜਾਬਣਾਂ ਨੇ ਅਪਣੀਆਂ ਭਾਵਨਾਵਾਂ ਨੂੰ ਪ੍ਰੋਇਆ ਹੈ। ਫੁੱਲਕਾਰੀ ਕੱਢਣ ਸਮੇਂ ਰੰਗਾਂ ਦੀ ਚੋਣ ਵੀ ਬੜੇ ਧਿਆਨ ਨਾਲ ਕੀਤੀ ਜਾਂਦੀ ਹੈ। ਪੰਜਾਬਣਾਂ ਵਿਚ ਰੰਗਾਂ ਨੂੰ ਮਿਲਾਉਣ ਦੀ ਕੁਦਰਤੀ ਕਲਾਤਮਕ ਸੂਝ ਹੁੰਦੀ ਹੈ।

ਫੁੱਲਕਾਰੀ ਕੱਢਣ ਸਮੇਂ ਧਾਗਾ ਵਧੀਆ ਰੇਸ਼ਮ ਦਾ ਹੁੰਦਾ ਹੈ ਅਤੇ ਕਪੜਾ ਖੱਦਰ ਦਾ ਵਰਤਿਆ ਜਾਂਦਾ ਹੈ। ਇਸ ਦੀ ਕਢਾਈ ਪੁੱਠੇ ਪਾਸਿਉਂ ਕੀਤੀ ਜਾਂਦੀ ਹੈ। ਵਣਜਾਰਾ ਬੇਦੀ ਦਾ ਕਹਿਣਾ ਹੈ ਕਿ ਫੁੱਲਕਾਰੀ ਪੰਜਾਂ ਦਰਿਆਵਾਂ ਦੇ ਮੁੜ੍ਹਕੇ ਦੀ ਮਹਿਕ ਹੀ ਨਹੀਂ, ਉਨ੍ਹਾਂ ਦੇ ਨਿਜੀ ਤੇ ਰੰਗੀਲੇ ਸੁਭਾਅ ਦੀ ਛਾਪ ਵੀ ਹੈ। ਇਹ ਪੰਜਾਬੀ ਮੁਟਿਆਰਾਂ ਦੀਆਂ ਉਂਗਲਾਂ ਦਾ ਹੀ ਕਮਾਲ ਹੈ ਕਿ ਉਹ ਛੋਟੀ ਜਹੀ ਸੂਈ ਅਤੇ ਧਾਗਿਆਂ ਨਾਲ ਕਲਾ ਦੀ ਅਲੌਕਿਕ ਦੁਨੀਆਂ ਸਿਰਜ ਦੇਂਦੀਆਂ ਹਨ। ਜਦੋਂ ਉਹ ਫੁੱਲਕਾਰੀ ਕਢਦੀਆਂ ਹਨ ਤਾਂ ਗੀਤਾਂ ਦੇ ਮਿੱਠੇ ਮਿੱਠੇ ਬੋਲ ਵੀ ਉਚਾਰਦੀਆਂ ਹਨ।

ਇੰਜ ਜਾਪਦਾ ਹੈ ਕਿ ਇਨ੍ਹਾਂ ਗੀਤਾਂ ਦੇ ਮਿੱਠੇ ਬੋਲਾਂ ਨਾਲ ਫੁੱਲ-ਬੂਟਿਆਂ ਵਿਚ ਵੀ ਸਦੀਵੀ ਜਾਨ ਪੈ ਜਾਂਦੀ ਹੈ। ਇਨ੍ਹਾਂ ਵਿਚ ਅਨੇਕ ਪ੍ਰਕਾਰ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੰਜਾਬੀ ਮੁਟਿਆਰਾਂ ਫੁੱਲਕਾਰੀ ਕੱਢਣ ਸਮੇਂ ਪ੍ਰਗਟਾਉਂਦੀਆਂ ਹਨ। ਜਿਵੇਂ ਕਿ:ਫੁੱਲਕਾਰੀ ਮੇਰੀ ਰੇਸ਼ਮੀ, ਰੰਗ ਢੁਕਾਏ ਠੀਕ, ਛੇਤੀ ਦਰਸ਼ਨ ਦੇਵਣੇ, ਮੈਂ ਰਸਤੇ ਰਹੀ ਉਡੀਕ। ਫੁੱਲਕਾਰੀ ਦੇ ਨਾਲ ਨਾਲ ਰੁਮਾਲਾਂ 'ਤੇ ਵੀ ਅਜਿਹੀ ਕਢਾਈ ਕੱਢੀ ਜਾਂਦੀ ਹੈ। ਬੇਬੇ ਨਾਨਕੀ ਦੇ ਹੱਥਾਂ ਨਾਲ ਕਢਿਆ ਰੁਮਾਲ ਡੇਰਾ ਬਾਬਾ ਨਾਨਕ ਵਿਚ ਸੰਭਾਲਿਆ ਪਿਆ ਹੈ ਜੋ ਅਜਿਹੀ ਕਲਾ ਦਾ ਉੱਤਮ ਨਮੂਨਾ ਹੈ।