ਓਵਰਕੋਟ (ਭਾਗ 3)
''ਤਾਂ ਕੀ ਜੂਲੀ ਨੇ ਮੇਰੇ ਨਾਲ ਮਜ਼ਾਕ ਕੀਤਾ ਸੀ ਜਾਂ ਮੈਂ ਹੀ ਅਲਖ ਜਗਾ ਕੇ ਆ ਗਿਆ ਹਾਂ?'' ...
''ਤਾਂ ਕੀ ਜੂਲੀ ਨੇ ਮੇਰੇ ਨਾਲ ਮਜ਼ਾਕ ਕੀਤਾ ਸੀ ਜਾਂ ਮੈਂ ਹੀ ਅਲਖ ਜਗਾ ਕੇ ਆ ਗਿਆ ਹਾਂ?'' ਮੈਂ ਪਹਾੜੀ ਤੋਂ ਘੁੰਮ ਕੇ ਮਿਸ਼ਨ ਹਾਊਸ ਗਿਆ ਜਿਥੇ ਟੇਲਰ ਪਰਵਾਰ ਰਹਿੰਦਾ ਸੀ। ਅੰਦਰ ਜਾ ਕੇ ਮੈਂ ਬਜ਼ੁਰਗ ਮਿਸਿਜ਼ ਟੇਲਰ ਨੂੰ ਪੁਛਿਆ ਕਿ ਕੀ ਉਹ ਜੂਲੀ ਨਾਮ ਦੀ ਕਿਸੇ ਲੜਕੀ ਨੂੰ ਜਾਣਦੀ ਸੀ? ''ਨਹੀਂ, ਮੈਨੂੰ ਨਹੀਂ ਲਗਦਾ ਕਿ ਮੈਂ ਕਿਸੇ ਅਜਿਹੀ ਲੜਕੀ ਨੂੰ ਜਾਣਦੀ ਹਾਂ।'' ਉਸ ਨੇ ਕਿਹਾ। ''ਉਹ ਕਿਥੇ ਰਹਿੰਦੀ ਹੈ?'' ''ਇਥੇ ਵੁਲਫ਼ਸਬਰਨ ਵਿਖੇ। ਇਹੀ ਮੈਨੂੰ ਦਸਿਆ ਗਿਆ ਹੈ ਪਰ ਘਰ ਤਾਂ ਨਿਰਾ ਖੰਡਰ ਬਣਿਆ ਪਿਐ।'' ''ਚਾਲੀ ਸਾਲਾਂ ਤੋਂ ਵੁਲਫ਼ਸਬਰਨ 'ਚ ਕੋਈ ਨਹੀਂ ਰਹਿੰਦਾ। ਕਿਸੇ ਵੇਲੇ ਮੈਕਿੰਨੋਜ਼ ਪਰਵਾਰ ਉਥੇ ਰਹਿੰਦਾ ਸੀ।
ਇਥੇ ਆ ਕੇ ਸੱਭ ਤੋਂ ਪਹਿਲਾਂ ਬਸੇਰਾ ਕਰਨ ਵਾਲਿਆਂ ਵਿਚੋਂ ਸਨ ਉਹ ਲੋਕ। ਫਿਰ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ'', ਉਹ ਬੋਲਦੀ ਹੋਈ ਰੁਕ ਗਈ ਤੇ ਮੇਰੇ ਵਲ ਅਜੀਬ ਨਜ਼ਰਾਂ ਨਾਲ ਵੇਖਿਆ, ''ਮੈਨੂੰ ਲਗਦੈ ਉਸ ਦਾ ਨਾਮ ਜੂਲੀ ਸੀ। ਖ਼ੈਰ! ਜਦ ਉਹ ਮਰ ਗਈ ਤਾਂ ਉਨ੍ਹਾਂ ਨੇ ਇਹ ਘਰ ਵੇਚ ਦਿਤਾ ਤੇ ਇਥੋਂ ਚਲੇ ਗਏ। ਉਸ ਤੋਂ ਬਾਅਦ ਇਹ ਘਰ ਕਦੇ ਨਹੀਂ ਵਸਿਆ। ਇਸ ਬੇਆਬਾਦ ਘਰ ਦੀ ਟੁੱਟ ਭੱਜ ਸ਼ੁਰੂ ਹੋ ਗਈ ਪਰ ਇਹ ਉਹ ਜੂਲੀ ਨਹੀਂ ਹੋ ਸਕਦੀ ਜਿਸ ਨੂੰ ਤੁਸੀ ਲੱਭ ਰਹੇ ਹੋ। ਉਹ ਤਪਦਿਕ ਨਾਲ ਮਰੀ। ਉਨ੍ਹਾਂ ਦਿਨਾਂ ਵਿਚ ਇਸ ਦਾ ਇਲਾਜ ਕਰਾਉਣਾ ਆਸਾਨ ਨਹੀਂ ਸੀ। ਉਸ ਦੀ ਕਬਰ ਇਸੇ ਸੜਕ 'ਤੇ ਹੇਠਾਂ ਜਾ ਕੇ ਕਬਰਿਸਤਾਨ 'ਚ ਹੈ।''
ਮੈਂ ਹੌਲੀ-ਹੌਲੀ ਹੇਠਾਂ ਕਬਰਿਸਤਾਨ ਵਲ ਜਾਂਦੀ ਸੜਕ 'ਤੇ ਚਲ ਪਿਆ। ਮੈਂ ਹੋਰ ਕੁੱਝ ਜਾਣਨਾ ਨਹੀਂ ਚਾਹੁੰਦਾ ਸੀ ਪਰ ਮੇਰੇ ਪੈਰ ਮੱਲੋ-ਜ਼ੋਰੀ ਮੈਨੂੰ ਅੱਗੇ ਵਲ ਧੱਕੀ ਜਾ ਰਹੇ ਸਨ। ਥੋੜੀ ਦੂਰ ਚਲ ਕੇ ਦੇਵਦਾਰਾਂ ਦੀ ਛਾਂ ਹੇਠ ਇਕ ਛੋਟਾ ਜਿਹਾ ਕਬਰਸਤਾਨ ਨਜ਼ਰ ਪਿਆ। ਇਥੋਂ ਮੈਨੂੰ ਨੀਲੇ ਅਸਮਾਨ ਹੇਠ ਫੈਲੀਆਂ ਹਿਮਾਲਾ ਦੀਆਂ ਅਛੋਹ, ਸਦੀਵੀ ਬਰਫ਼ਾਂ ਵਿਖਾਈ ਦੇ ਰਹੀਆਂ ਸਨ ਤੇ ਨਾਲ ਹੀ ਕਬਰਸਤਾਨ 'ਚ ਖਲੋਤੇ ਮੈਂ ਅਨੁਭਵ ਕੀਤਾ ਕਿ ਇਥੇ ਉਹ ਸੱਭ ਲੇਟੇ ਹਨ ਜਿਹੜੇ ਕਿਸੇ ਨੂੰ ਹੁਣ ਯਾਦ ਵੀ ਨਹੀਂ ਹੋਣੇ। ਇਨ੍ਹਾਂ ਵਿਚ ਸਾਮਰਾਜ ਦੇ ਨਿਰਮਾਤਾ, ਸਿਪਾਹੀ, ਵਪਾਰੀ ਅਤੇ ਦਲੇਰ ਯੋਧੇ ਸੱਭ ਸ਼ਾਮਲ ਹਨ।
ਉਨ੍ਹਾਂ ਦੀਆਂ ਪਤਨੀਆਂ ਤੇ ਬੱਚੇ ਵੀ, ਇਥੇ ਸੱਭ ਬਰਾਬਰ ਹਨ। ਜੂਲੀ ਦੀ ਕਬਰ ਲਭਦਿਆਂ ਕੋਈ ਦੇਰ ਨਾ ਲੱਗੀ। ਇਸ ਉਤੇ ਇਕ ਸਾਦਾ ਜਿਹਾ ਪੱਤਰ ਲੱਗਾ ਸੀ ਜਿਸ 'ਤੇ ਉਸ ਦਾ ਨਾਮ ਸਾਫ਼ ਸ਼ਬਦਾਂ ਵਿਚ ਲਿਖਿਆ ਹੋਇਆ ਸੀ: ਜੂਲੀ ਮੈਕਿੰਨੌਨ, 1923-1939, ਪਤਾ ਨਹੀਂ ਕਿੰਨੀਆਂ ਬਾਰਸ਼ਾਂ ਤੇ ਹਵਾਵਾਂ ਨੇ ਕਬਰਸਤਾਨ ਦੇ ਇਨ੍ਹਾਂ ਪੱਥਰਾਂ ਨੂੰ ਝੰਬਿਆਂ ਹੋਵੇਗਾ ਪਰ ਜਾਪਦਾ ਸੀ ਕਿ ਇਸ ਨਿੱਕੇ ਜਿਹੇ ਪੱਥਰ ਨੂੰ ਕਿਸੇ ਨੇ ਛੁਹਿਆ ਵੀ ਨਹੀਂ ਸੀ। ਮੈਂ ਜਾਣ ਲਈ ਮੁੜਿਆ ਹੀ ਸੀ ਕਿ ਪੱਥਰ ਦੇ ਪਿੱਛੇ ਮੈਨੂੰ ਕੋਈ ਜਾਣੀ-ਪਛਾਣੀ ਚੀਜ਼ ਨਜ਼ਰ ਆਈ। ਮੈਂ ਘੁੰਮ ਕੇ ਉਧਰ ਗਿਆ ਤਾਂ ਵੇਖਿਆ ਕਿ ਮੇਰਾ ਓਵਰਕੋਟ ਸਲੀਕੇ ਨਾਲ ਤਹਿ ਕੀਤਾ ਘਾਹ 'ਤੇ ਪਿਆ ਹੋਇਆ ਸੀ।