ਘਰ 'ਚ ਬਣਾਓ ਟੋਮੈਟੋ ਕੈਚਅਪ
ਜੇਕਰ ਤੁਹਾਨੂੰ ਟੌਮੈਟੋ ਸੌਸ 'ਚ ਪਿਆਜ ਅਤੇ ਲਸਣ ਦਾ ਸਵਾਦ ਚਾਹੀਦੈ ਤਾਂ ਕੱਟੇ ਹੋਏ ਟਮਾਟਰ ਦੇ ਨਾਲ 3-4 ਪਿਆਜ ਅਤੇ 10-12 ਲਸਣ ਦੀਆਂ ਤੁਰੀਆਂ ਛਿੱਲ ਕੇ ਅਤੇ ਕੱਟ ...
ਸਮੱਗਰੀ - ਟਮਾਟਰ 3 ਕਿਲੋ, ਖੰਡ500 ਗ੍ਰਾਮ, ਕਾਲਾ ਨਮਕ ਸਵਾਦ ਅਨੁਸਾਰ ਸੁੰਢ ਪਾਊਡਰ 2 ਛੋਟੇ ਚਮਚ, ਗਰਮ ਮਸਾਲਾ ਡੇਢ ਛੋਟਾ ਚਮਚ ਸਿਰਕਾ 4 ਵੱਡੇ ਚੱਮਚ।
ਵਿਧੀ - ਲਾਲ-ਲਾਲ ਟਮਾਟਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਚਾਰ-ਚਾਰ ਟੁਕੜਿਆਂ 'ਚ ਕੱਟ ਲਓ। ਇਕ ਬਰਤਨ ‘ਚ ਟਮਾਟਰ ਦੇ ਟੁਕੜੇ ਪਾਓ ਅਤੇ ਉਨ੍ਹਾਂ ਨੂੰ ਢਕ ਕੇ ਹਲਕੇ ਸੇਕ 'ਤੇ ਉਬਲਣ ਲਈ ਰੱਖ ਦਿਓ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਨ੍ਹਾਂ ਨੂੰ ਹਿਲਾਉਂਦੇ ਰਹੋ ਤਾਂਕਿ ਟਮਾਟਰ ਬਰਤਨ ਦੇ ਤਲੇ ਨਾਲ ਨਾ ਲੱਗਣ। ਜਦੋਂ ਟਮਾਟਰ ਨਰਮ ਹੋ ਜਾਣ ਤਾਂ ਗੈਸ ਬੰਦ ਕਰ ਦਿਓ। ਉਬਾਲੇ ਹੋਏ ਮਿਸ਼ਰਣ ਨੂੰ ਮੈਸ਼ ਕਰੋ ਅਤੇ ਸਟੀਲ ਦੀ ਛਾਨਣੀ ਨਾਲ ਛਾਣ ਲਓ।
ਬਚੇ ਹੋਏ ਮੋਟੇ ਟਮਾਟਰ ਦੇ ਟੁਕੜੇ ਮਿਕਸਰ ਵਿਚ ਬਾਰੀਕ ਪੀਸ ਲਓ ਅਤੇ ਹੁਣ ਇਨ੍ਹਾਂ ਨੂੰ ਛਾਨਣੀ ‘ਚ ਪਾ ਕੇ ਚੱਮਚ ਨਾਲ ਦਬਾਉਂਦੇ ਹੋਏ ਚੰਗੀ ਤਰ੍ਹਾਂ ਛਾਣ ਲਓ। ਛਾਨਣੀ ‘ਚ ਸਿਰਫ ਟਮਾਟਰ ਦੇ ਛਿਲਕੇ ਅਤੇ ਬੀਜ ਹੀ ਬਚੇ ਰਹਿ ਜਾਣਗੇ, ਇਨ੍ਹਾਂ ਨੂੰ ਸੁੱਟ ਦਿਓ। ਬਰਤਨ 'ਚ ਛਾਣੇ ਹੋਏ ਟਮਾਟਰਾਂ ਦੀ ਗ੍ਰੇਵੀ ਨੂੰ ਹਲਕੇ ਸੇਕ ‘ਤੇ ਸੰਘਣੀ ਹੋਣ ਲਈ ਰੱਖ ਦਿਓ। ਉਬਾਲਾ ਆਉਣ 'ਤੇ ਅਤੇ ਗ੍ਰੇਵੀ ਸੰਘਣੀ ਹੋਣ ਤੋਂ ਬਾਅਦ ਉਸ ‘ਚ ਖੰਡ, ਕਾਲਾ ਨਮਕ, ਸੁੰਢ ਦਾ ਪਾਊਡਰ ਅਤੇ ਗਰਮ ਮਸਾਲਾ ਪਾਓ।
ਥੋੜ੍ਹੀ-ਥੋੜ੍ਹੀ ਦੇਰ ਬਾਅਦ ਰਿੱਝ ਰਹੀ ਸੌਸ ਨੂੰ ਚੱਮਚ ਨਾਲ ਹਿਲਾਉਂਦੇ ਰਹੋ, ਨਹੀਂ ਤਾਂ ਟਮਾਟਰ ਦੀ ਸੌਸ ਬਰਤਨ ਦੇ ਤਲੇ ਨਾਲ ਲੱਗ ਸਕਦੀ ਹੈ। ਇਸ ਨੂੰ ਚੰਗੀ ਤਰ੍ਹਾਂ ਸੰਘਣੀ ਹੋਣ ਤੱਕ ਰਿੱਝਣ ਦਿਓ ਅਤੇ ਇਸ ਨੂੰ ਇੰਨੀ ਸੰਘਣੀ ਕਰ ਲਓ ਕਿ ਇਹ ਚੱਮਚ 'ਚੋਂ ਧਾਰ ਦੇ ਰੂਪ 'ਚ ਡਿੱਗ ਨਾ ਸਕੇ। ਫਿਰ ਗੈਸ ਬੰਦ ਕਰ ਦਿਓ। ਟਮਾਟਰ ਦੀ ਸੌਸ ਤਿਆਰ ਹੈ, ਇਸ ਨੂੰ ਠੰਡੀ ਕਰਕੇ ਇਸ 'ਚ ਸਿਰਕਾ ਮਿਲਾਓ ਅਤੇ ਕਿਸੇ ਕੱਚ ਦੀ ਸਾਫ-ਸੁਥਰੀ ਬੋਤਲ ‘ਚ ਭਰ ਕੇ ਰੱਖ ਲਓ। ਜਦੋਂ ਵੀ ਪਕੌੜੇ ਜਾਂ ਸਮੌਸੇ ਬਣਾ ਰਹੇ ਹੋਵੋ ਤਾਂ ਉਨ੍ਹਾਂ ਨਾਲ ਟੋਮੈਟੋ ਕੈਚਅੱਪ ਕੱਢੋ ਅਤੇ ਸੁਆਦ ਲਾ ਕੇ ਖਾਓ।
ਸੁਝਾਅ - ਟੋਮੈਟੋ ਸੌਸ 'ਚ ਪੀਸਿਆ ਹੋਇਆ ਗਰਮ ਮਸਾਲਾ ਅਤੇ ਸੁੰਢ ਦੀ ਥਾਂ ਤੁਸੀਂ ਟਮਾਟਰ ਦੇ ਟੁਕੜਿਆਂ ਨਾਲ ਅਦਰਕ ਦਾ ਟੁਕੜਾ ਛਿੱਲ ਕੇ, ਟੁਕੜੇ ਕਰਕੇ ਪਾਓ। ਇਨ੍ਹਾਂ ਤੋਂ ਇਲਾਵਾ 20 ਕਾਲੀਆਂ ਮਿਰਚਾਂ, 6-7 ਲੌਂਗ, 2 ਟੁਕੜੇ ਦਾਲਚੀਨੀ ਅਤੇ 4 ਵੱਡੀਆਂ ਇਲਾਚੀਆਂ ਪਾਓ। ਇਨ੍ਹਾਂ ਸਭ ਨੂੰ ਟਮਾਟਰ ਦੇ ਨਾਲ ਉਬਲਣ ਦਿਓ।
ਫਿਰ ਇਨ੍ਹਾਂ ਨੂੰ ਟਮਾਟਰ ਦੇ ਨਾਲ ਹੀ ਪੀਸ ਕੇ ਛਾਣ ਲਓ ਅਤੇ ਛਾਣੇ ਹੋਏ ਮਿਸ਼ਰਣ ਨੂੰ ਉਪਰੋਕਤ ਤਰੀਕੇ ਨਾਲ ਹੀ ਖੰਡ ਅਤੇ ਕਾਲਾ ਨਮਕ ਪਾ ਕੇ ਟੋਮੈਟੋ ਸੌਸ ਨੂੰ ਸੰਘਣੀ ਹੋਣ ਤੱਕ ਰਿਝਾ ਲਓ। ਜੇਕਰ ਤੁਹਾਨੂੰ ਟੌਮੈਟੋ ਸੌਸ 'ਚ ਪਿਆਜ ਅਤੇ ਲਸਣ ਦਾ ਸਵਾਦ ਚਾਹੀਦੈ ਤਾਂ ਕੱਟੇ ਹੋਏ ਟਮਾਟਰ ਦੇ ਨਾਲ 3-4 ਪਿਆਜ ਅਤੇ 10-12 ਲਸਣ ਦੀਆਂ ਤੁਰੀਆਂ ਛਿੱਲ ਕੇ ਅਤੇ ਕੱਟ ਕੇ ਉਬਾਲ ਲਓ ਅਤੇ ਬਿਲਕੁਲ ਉਪਰੋਕਤ ਤਰੀਕੇ ਨਾਲ ਟੋਮੈਟੋ ਸੌਸ ਬਣਾ ਕੇ ਤਿਆਰ ਕਰ ਲਓ।