ਨਵੀਂ ਦਿੱਲੀ: ਸੇਬ ਦਾ ਇਸਤੇਮਾਲ ਕਈ ਚੀਜਾਂ ਲਈ ਕੀਤਾ ਜਾਂਦਾ ਹੈ। ਇਸ ਨਾਲ ਸਿਹਤ ਨੂੰ ਕਈ ਫ਼ਾਇਦੇ ਵੀ ਹੁੰਦੇ ਹਨ। ਇਹ ਹਾਈ ਬੀਪੀ ਅਤੇ ਕੋਲੇਸਟ੍ਰਾਲ ਨੂੰ ਕੰਟਰੋਲ ਕਰਨ ਤੋਂ ਲੈ ਕੇ ਭਾਰ ਘਟ ਕਰਨ ਤਕ ਮਦਦ ਕਰਦਾ ਹੈ। ਇਸ ਨੂੰ ਸਹੀ ਮਾਤਰਾ ਵਿਚ ਲੈ ਕੇ ਭਾਰ ਘਟ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਲੋਕ ਸੇਬ ਦੇ ਸਿਰਕੇ ਅਤੇ ਇਸ ਦੇ ਭਾਰ ਘਟ ਕਰਨ ਬਾਰੇ ਜਾਣਦੇ ਹਨ ਪਰ ਲੋਕ ਇਸ ਦੀਆਂ ਕਈ ਪ੍ਰਕਾਰ ਦੀਆਂ ਡ੍ਰਿੰਕਸ ਬਾਰੇ ਨਹੀਂ ਜਾਣਦੇ ਜੋ ਕਿ ਭਾਰ ਘਟ ਕਰਨ ਵਿਚ ਮਦਦ ਕਰਦੀਆਂ ਹਨ ਜਿਵੇਂ ਕਿ ਸੇਬ ਦੀ ਚਾਹ।
ਸੇਬ ਦੀ ਚਾਹ ਘਰ ਵਿਚ ਬਣਾਈ ਜਾ ਸਕਦੀ ਹੈ। ਇਸ ਨਾਲ ਭਾਰ ਘਟ ਕਰਨ ਵਿਚ ਬਹੁਤ ਮਦਦ ਮਿਲਦੀ ਹੈ। ਸੇਬ ਦੀ ਚਾਹ ਨੂੰ ਸੇਬ ਦੇ ਟੁਕੜਿਆਂ ਅਤੇ ਬਲੈਕ ਟੀ ਨਾਲ ਉਬਾਲ ਕੇ ਬਣਾਇਆ ਜਾਂਦਾ ਹੈ। ਇਸ ਵਿਚ ਮਿਲੀ ਦਾਲਚੀਨੀ ਅਤੇ ਲੌਂਗ ਇਸ ਨੂੰ ਮਸਾਲੇਦਾਰ ਫਲੈਵਰ ਦਿੰਦੇ ਹਨ। ਇਸ ਨੂੰ ਠੰਡਾ ਜਾਂ ਗਰਮ ਦੋਵੇਂ ਤਰੀਕਿਆਂ ਨਾਲ ਲਿਆ ਜਾ ਸਕਦਾ ਹੈ। ਇਸ ਦੇ ਕਈ ਸਿਹਤਮੰਦ ਲਾਭ ਹੁੰਦੇ ਹਨ। ਸੇਬ ਦੀ ਚਾਹ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ।
ਸੇਬ ਵਿਚ ਮੌਜੂਦ ਫਾਇਬਰ ਅਤੇ ਐਂਟੀਆਕਸੀਡੈਂਟ ਪਾਲੀਫੇਨਾਲ ਤੱਤ ਖ਼ੂਨ ਤੋਂ ਘਟ ਘਣਤਾ ਵਾਲੇ ਲਿਪੋਪ੍ਰੋਟੀਨ ਜਾਂ ਖ਼ਰਾਬ ਕੋਲੇਸਟ੍ਰਾਲ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਇਸ ਨਾਲ ਫੈਟ ਘਟ ਹੁੰਦਾ ਹੈ। ਸੇਬ ਦੀ ਚਾਹ ਪਾਚਨ ਨੂੰ ਵਧਾਵਾ ਦੇਣ ਵਿਚ ਮਦਦ ਕਰ ਸਕਦੀ ਹੈ ਕਿਉਂ ਕਿ ਸੇਬ ਵਿਚ ਘੁਲਣਸ਼ੀਲ ਫਾਇਬਰ ਦੀ ਚੰਗੀ ਮਾਤਰਾ ਹੁੰਦਾ ਹੈ। ਘੁਲਣਸ਼ੀਲ ਫਾਇਬਰ ਭਾਰ ਘਟ ਕਰਨ ਲਈ ਵੀ ਜਾਣਿਆ ਜਾਂਦਾ ਹੈ।
ਸੇਬ ਵਿਚ ਮੈਲਿਕ ਐਸਿਡ ਹੁੰਦਾ ਹੈ ਜੋ ਪਾਚਨ ਨੂੰ ਸਿਹਤਮੰਦ ਬਣਾਉਂਦਾ ਹੈ। ਸੇਬ ਦੀ ਚਾਹ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਇਹ ਬਲੱਡ ਸ਼ੂਗਰ ਦੇ ਲੈਵਲ ਵਿਚ ਅਚਾਨਕ ਵਾਧੇ ਜਾਂ ਗਿਰਾਵਟ ਨੂੰ ਰੋਕਦਾ ਹੈ ਜੋ ਕਿ ਵਧ ਖਾਣ ਦੀ ਇੱਛਾ ਨੂੰ ਘਟ ਕਰਨ ਵਿਚ ਸਹਾਇਕ ਹੁੰਦਾ ਹੈ। ਸੇਬ ਨੇਗੇਟਿਵ ਕੈਲੋਰੀ ਫ਼ਲ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਇਸ ਵਿਚ ਬੇਹੱਦ ਘਟ ਕੈਲੋਰੀ ਹੁੰਦੀ ਹੈ। ਸੰਯੁਕਤ ਰਾਜ ਅਮਰੀਕਾ ਦੇ ਖੇਤੀ ਵਿਭਾਗ ਮੁਤਾਬਕ ਇਕ 100 ਗ੍ਰਾਮ ਵਿਚ 50 ਕੈਲੋਰੀ ਹੁੰਦੀ ਹੈ।
ਸੇਬ ਦੀ ਚਾਹ ਬਣਾਉਣ ਦੀ ਵਿਧੀ:- ਸੇਬ ਦੀ ਚਾਹ ਬਣਾਉਣਾ ਬੇਹੱਦ ਆਸਾਨ ਹੈ। ਸੇਬ ਦੀ ਚਾਹ ਬਣਾਉਣ ਲਈ ਇਕ ਸੇਬ, ਤਿੰਨ ਕੱਪ ਪਾਣੀ, ਇਕ ਟੇਬਲ ਸਪੂਨ ਨਿੰਬੂ ਦਾ ਰਸ, ਦੋ ਟੀ ਬੈਗ ਅਤੇ ਦਾਲਚੀਨੀ ਪਾਉਡਰ ਦੀ ਲੋੜ ਹੁੰਦੀ ਹੈ। ਪੈਨ ਵਿਚ ਪਾਣੀ ਅਤੇ ਨਿੰਬੂ ਦਾ ਰਸ ਪਾਓ। ਹੁਣ ਪੈਨ ਵਿਚ ਟੀ ਬੈਗ ਪਾਓ। ਇਸ ਨੂੰ ਕੁੱਝ ਦੇਰ ਲਈ ਉਬਲਣ ਦਿਓ। ਕਟੇ ਹੋਏ ਸੇਬ ਨੂੰ ਉਬਲਦੇ ਮਿਸ਼ਰਣ ਵਿਚ ਪਾਓ।
ਹੁਣ ਲਗਭਗ ਪੰਜ ਮਿੰਟ ਲਈ ਇਸ ਨੂੰ ਉਬਲਣ ਦਿਓ। ਇਸ ਤੋਂ ਬਾਅਦ ਇਸ ਵਿਚ ਦਾਲਚੀਨੀ ਪਾਉਡਰ ਮਿਲਾਓ। ਚੀਨੀ ਮਿਲਾ ਕੇ ਕੁਝ ਦੇਰ ਉਬਲਣ ਦਿਓ। ਚਾਹ ਵਿਚ ਮਿਲੀ ਦਾਲਚੀਨੀ ਡਿਟਾਕਸੀਫਾਈ ਕਰਨ ਅਤੇ ਸੋਜ ਘਟ ਕਰਨ ਵਿਚ ਮਦਦ ਕਰੇਗੀ। ਜੇਕਰ ਕਿਸੇ ਨੂੰ ਸੇਬ ਤੋਂ ਐਲਰਜੀ ਹੈ ਤਾਂ ਉਸ ਨੂੰ ਇਸ ਚਾਹ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।