ਸਿੱਖ ਕਤਲੇਆਮ ਪੀੜਤਾਂ ਦਾ ਮੁੜ ਵਸੇਬਾ ਕਰਨਾ ਸਾਡਾ ਮੁੱਖ ਕਰਤਵ: ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

Manjinder Singh Sirsa

ਅੰਮ੍ਰਿਤਸਰ : ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦਾ ਮੁੜ ਵਸੇਬਾ, ਉਨ੍ਹਾਂ ਲਈ ਇਨਸਾਫ਼ ਹਾਸਲ ਕਰਨਾ ਸਾਡਾ ਮੁੱਖ ਕਰਤਵ ਹੈ। 

ਅੱਜ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਅਤੇ ਜਨਰਲ ਸਕੱਤਰ ਸ. ਹਰਮੀਤ ਸਿੰਘ ਕਾਲਕਾ ਅਤੇ ਹੋਰ ਅਹੁਦੇਦਾਰਾਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਸ. ਸਿਰਸਾ ਨੇ ਕਿਹਾ ਕਿ ਸਾਨੂੰ ਜੋ ਸੇਵਾ ਮਿਲੀ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਪਿਛਲੇ ਸਮੇਂ ਵਿਚ ਦਿੱਲੀ ਕਮੇਟੀ ਨੇ ਕਈ ਅਹਿਮ ਕੰਮ ਕੀਤੇ ਹਨ। ਜਿਨ੍ਹਾਂ ਵਿਚ ਸਿੱਖ ਜਰਨੈਲਾਂ ਦੀਆਂ ਯਾਦਾਂ ਮਨਾਉਣ ਅਤੇ ਅਨੰਦ ਮੈਰਿਜ ਐਕਟ ਨੂੰ ਲਾਗੂ ਕਰਵਾਉਣਾ ਸ਼ਾਮਲ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਪਿਛਲੀਆਂ ਕੁੱਝ ਘਟਨਾਵਾਂ ਕਾਰਨ ਦਿੱਲੀ ਕਮੇਟੀ ਦਾ ਅਕਸ ਖ਼ਰਾਬ ਹੋਇਆ ਹੈ।

ਸ. ਜੀ ਕੇ ਵਲੋਂ ਅਗਲੇ 7 ਦਿਨ ਅੰਦਰ ਨਵੇਂ ਪ੍ਰਗਟਾਵੇ ਕਰਨ ਬਾਰੇ ਕੀਤੇ ਐਲਾਨ ਬਾਰੇ ਪੁਛੇ ਜਾਣ 'ਤੇ ਸ. ਸਿਰਸਾ ਨੇ ਕਿਹਾ ਕਿ ਚੰਗਾ ਹੁੰਦਾ ਕਿ ਜੀ ਕੇ ਇਹ ਇੰਕਸ਼ਾਫ਼ 4 ਮਹੀਨੇ ਪਹਿਲਾਂ ਕਰ ਦਿੰਦੇ ਤਾਂ ਅੱਜ ਹਾਲਤ ਇਹ ਨਾ ਹੁੰਦੇ। ਸ. ਸਿਰਸਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਸੀ ਦਿੱਲੀ ਵਿਚ ਗੁਰਮਤਿ ਲਹਿਰ ਨੂੰ ਪ੍ਰਚੰਡ ਕਰਨ ਲਈ 46 ਪ੍ਰਚਾਰਕਾਂ ਦੀ ਇਕ ਟੀਮ ਤਿਆਰ ਕਰਨ ਜਾ ਰਹੇ ਹਾਂ, ਇਸ ਟੀਮ ਵਿਚਲੇ ਪ੍ਰਚਾਰਕ  ਅੰਗ੍ਰੇਜ਼ੀ ਵਿਚ ਪ੍ਰਚਾਰ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ ਦਿੱਲੀ ਕਮੇਟੀ ਦੇ ਮੁਲਾਜ਼ਮਾਂ, ਸ੍ਰੀ ਗੁਰੂ ਸਿੰਘ ਸਭਾਵਾਂ ਦੇ ਕਰਮਚਾਰੀਆਂ ਦੇ ਬੱਚਿਆਂ ਨੂੰ ਦਿੱਲੀ ਕਮੇਟੀ ਦੇ ਸਕੂਲਾਂ ਵਿਚ ਮੁਫ਼ਤ ਪੜ੍ਹਾਈ ਕਰਵਾਈ ਜਾਵੇਗੀ। 

ਗੁਰੂ ਘਰ ਦਰਸ਼ਨ ਕਰਨ ਉਪਰੰਤ ਦਿੱਲੀ ਕਮੇਟੀ ਪ੍ਰਧਾਨ ਸ. ਸਿਰਸਾ ਅਪਣੇ ਸਮੂਹ ਸਾਥੀਆਂ ਸਮੇਤ ਸਿੱਖ ਸਟੂਡੈਂਟਸ ਫ਼ੈਡਰੇਸਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੂੰ ਕੌਮੀ ਪ੍ਰਧਾਨ ਬਣਨ 'ਤੇ ਵਧਾਈ ਦੇਣ ਲਈ ਉਨ੍ਹਾਂ ਦੇ ਦਫ਼ਤਰ ਵਿਖੇ ਪਹੁੰਚੇ, ਜਿਥੇ ਭਾਈ ਢੋਟ ਵਲੋਂ ਅਪਣੇ ਸਾਥੀਆਂ ਸਮੇਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਆਪਸੀ ਵਿਚਾਰ-ਵਟਾਂਦਰੇ ਦੌਰਾਨ ਸਿਰਸਾ ਨੇ ਕਿਹਾ ਕਿ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਇਕ ਉਹ ਧਾਰਮਕ ਜਥੇਬੰਦੀ ਹੈ, ਜਿਸ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਸਿੱਖ ਨੌਜਵਾਨਾਂ ਅਤੇ ਵਿਦਿਆਰਥੀਆਂ ਵਿਚ ਮਜ਼ਬੂਤ ਆਧਾਰ ਹੈ। ਸਿਰਸਾ ਨੇ ਭਾਈ ਅਮਰਬੀਰ ਸਿੰਘ ਢੋਟ ਨੂੰ ਭਰੋਸਾ ਦਿਤਾ ਕਿ ਦਿੱਲੀ ਵਿਚ ਫ਼ੈਡਰੇਸ਼ਨ ਦੀ ਇਕਾਈ ਨੂੰ ਦਿੱਲੀ ਕਮੇਟੀ ਪੂਰਨ ਸਹਿਯੋਗ ਕਰੇਗੀ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਦਿੱਲੀ ਕਮੇਟੀ ਅਤੇ ਫ਼ੈਡਰੇਸ਼ਨ ਮਹਿਤਾ ਮਿਲ ਕੇ ਹੰਭਲਾ ਮਾਰਨਗੇ।

ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ. ਸਿਰਸਾ ਸਮੇਤ ਹੋਰਨਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਉ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਤ ਕੀਤਾ ਗਿਆ।