ਦਿਲ ਨੂੰ ਸਿਹਤਮੰਦ ਤੇ ਰੋਗ ਮੁਕਤ ਰੱਖਣ ਲਈ ਅਪਣਾਉ ਇਹ ਤਰੀਕੇ

ਏਜੰਸੀ

ਜੀਵਨ ਜਾਚ, ਸਿਹਤ

ਦਿਲ ਨੂੰ ਤੰਦਰੁਸਤ ਰੱਖਣ ਤੇ ਦਿਲ ਦੇ ਰੋਗਾਂ ਤੋਂ ਬਚਣ ਲਈ ਤੁਸੀਂ ਪਹਿਲਾਂ ਨਾਲੋਂ ਸਾਵਧਾਨੀ ਵਰਤੋਂ ਤੇ ਅਪਣੀਆਂ ਆਦਤਾਂ ਵਿਚ ਸੁਧਾਰ ਕਰੋ

photo

 

ਅੱਜਕਲ੍ਹ ਦਿਲ ਦੇ ਦੌਰੇ ਵਰਗੀਆਂ ਘਟਨਾਵਾਂ ਜ਼ਿਆਦਾ ਸੁਣਨ ਤੇ ਵੇਖਣ ਨੂੰ ਮਿਲਦੀਆਂ ਹਨ। ਦਿਲ ਸਬੰਧੀ ਬੀਮਾਰੀਆਂ ਕਾਰਨ ਮੌਤਾਂ ਦਾ ਅੰਕੜਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਦਿਲ ਦੇ ਰੋਗ ਕਿਸੇ ਉਮਰ ਵਿਸ਼ੇਸ਼ ਨਾਲ ਜੁੜੇ ਨਹੀਂ ਹੁੰਦੇ। ਅਜਿਹੇ ਵਿਚ ਦਿਲ ਸਬੰਧੀ ਬੀਮਾਰੀਆਂ ਘੱਟ ਉਮਰੇ ਵੀ ਮੌਤ ਦਾ ਕਾਰਨ ਬਣ ਰਹੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਦਿਲ ਨੂੰ ਤੰਦਰੁਸਤ ਰੱਖਣ ਤੇ ਦਿਲ ਦੇ ਰੋਗਾਂ ਤੋਂ ਬਚਣ ਲਈ ਤੁਸੀਂ ਪਹਿਲਾਂ ਨਾਲੋਂ ਸਾਵਧਾਨੀ ਵਰਤੋਂ ਤੇ ਅਪਣੀਆਂ ਆਦਤਾਂ ਵਿਚ ਸੁਧਾਰ ਕਰੋ। ਇਸ ਤੋਂ ਇਲਾਵਾ, ਸਾਲ ਵਿਚ ਇਕ ਵਾਰ ਅਪਣੀ ਜਾਂਚ ਜ਼ਰੂਰ ਕਰਵਾਉ। ਆਉ ਅਸੀਂ ਤੁਹਾਨੂੰ ਅਪਣੇ ਦਿਲ ਨੂੰ ਸਿਹਤਮੰਦ ਰੱਖਣ ਦੇ ਆਸਾਨ ਤਰੀਕੇ ਦਸਦੇ ਹਾਂ:

ਲੂਣ ਘੱਟ ਖਾਉ: ਜੇਕਰ ਤੁਸੀਂ ਖਾਣੇ ਵਿਚ ਲੂਣ ਜ਼ਿਆਦਾ ਯਾਨੀ ਤੇਜ਼ ਖਾਂਦੇ ਹੋ ਤਾਂ ਛੇਤੀ ਅਪਣੀ ਇਸ ਆਦਤ ਵਿਚ ਸੁਧਾਰ ਕਰੋ। ਕਿਉਂਕਿ ਤੁਸੀਂ ਲੂਣ ਜ਼ਿਆਦਾ ਖਾਂਦੇ ਹੋ ਤਾਂ ਹਾਈ ਬਲੱਡ ਪ੍ਰੈਸ਼ਰ ਦੀ ਸੰਭਾਵਨਾ ਵਧਦੀ ਹੈ ਜੋ ਦਿਲ ਦੇ ਰੋਗਾਂ ਲਈ ਵੱਡਾ ਖ਼ਤਰਾ ਹੋ ਸਕਦਾ ਹੈ। 

ਚੀਨੀ ਘਟਾਉ: ਜੇਕਰ ਤੁਸੀਂ ਚੀਨੀ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਬਲੱਡ ਪ੍ਰੈਸ਼ਰ, ਡਾਇਬਟੀਜ਼ ਤੇ ਦਿਲ ਦੇ ਰੋਗਾਂ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਸੀਂ ਮਿੱਠਾ ਖਾਣਾ ਜ਼ਿਆਦਾ ਪਸੰਦ ਕਰਦੇ ਹੋ, ਪੂਰੀ ਤਰ੍ਹਾਂ ਚੀਨੀ ਨਹੀਂ ਛੱਡ ਸਕਦੇ ਤਾਂ ਸ਼ੂਗਰੀ ਫੂਡਜ਼, ਕੁਕੀਜ਼, ਕੇਕ ਦੀ ਬਜਾਏ ਦਹੀਂ ਨਾਲ ਤਾਜ਼ੇ ਫਲ ਖਾਉ।

ਇਹ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ।

ਕਸਰਤ ਕਰੋ: ਜਿਹੜੇ ਲੋਕ ਕਸਰਤ ਨਹੀਂ ਕਰਦੇ, ਉਨ੍ਹਾਂ ਵਿਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਤੁਸੀਂ ਖਾਣ ਤੋਂ ਬਾਅਦ ਘੱਟੋ-ਘੱਟ 30 ਮਿੰਟ ਸੈਰ ਕਰੋ ਜਾਂ ਰੋਜ਼ਾਨਾ ਸਵੇਰੇ ਜਾਂ ਸ਼ਾਮ ਨੂੰ ਕਸਰਤ ਕਰ ਸਕਦੇ ਹੋ।

ਜ਼ਿਆਦਾ ਪਾਣੀ ਪੀਉ: ਤੁਸੀਂ ਜੇਕਰ ਦਿਨ ਵਿਚ ਭਰਪੂਰ ਮਾਤਰਾ ਵਿਚ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਵਧੀਆ ਹੁੰਦਾ ਹੈ। ਜ਼ਿਆਦਾ ਪਾਣੀ ਪੀਣ ਨਾਲ ਤੁਸੀਂ ਹਾਈਡ੍ਰੇਟਿਡ ਰਹੋਗੇ ਤੇ ਤੁਹਾਨੂੰ ਮਜ਼ਬੂਤ ਤੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰੇਗਾ।

ਫਲਾਂ ਤੇ ਹਰੀਆਂ ਸਬਜ਼ੀਆਂ ਖਾਉ: ਦਿਲ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਅਪਣੇ ਖਾਣੇ ਵਿਚ ਫਲ-ਸਬਜ਼ੀਆਂ ਨੂੰ ਸ਼ਾਮਲ ਕਰੋ। ਤੁਸੀਂ ਅਪਣੇ ਖਾਣੇ ਵਿਚ ਪੋਟਾਸ਼ੀਅਮ ਦੀ ਮਾਤਰਾ ਵਧਾ ਕੇ ਘੱਟੋ-ਘੱਟ ਪੰਜ ਹਿੱਸਿਆਂ ਵਿਚ ਫਲ-ਸਬਜ਼ੀਆਂ ਖਾਉ। ਪੋਟਾਸ਼ੀਅਮ ਤੁਹਾਡਾ ਬਲੱਡ ਪ੍ਰੈਸ਼ਰ ਘਟਾਉਣ ਵਿਚ ਮਦਦ ਕਰ ਸਕਦਾ ਹੈ। ਫਲ ਤੇ ਸਬਜ਼ੀਆਂ ਵਿਚ ਤੁਹਾਡੇ ਲਈ ਸਾਰੇ ਪੋਸ਼ਕ ਤੱਤ-ਵਿਟਾਮਿਨ, ਖਣਿਜ ਤੇ ਫ਼ਾਈਬਰ ਮੌਜੂਦ ਹੁੰਦੇ ਹਨ ਜੋ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਵੀ ਮਦਦ ਕਰ ਸਕਦੇ ਹਨ।