ਤੁਹਾਡੇ ਬੱਚਿਆਂ ਦੀ ਢਾਈ ਸਾਲ ਘੱਟ ਰਹੀ ਉਮਰ, ਘਾਤਕ ਬਣਦਾ ਜਾ ਰਿਹਾ ਹਵਾ ਪ੍ਰਦੂਸ਼ਣ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਭਾਰਤ ਤੇ ਚੀਨ ’ਚ ਹੋ ਰਹੀਆਂ 50% ਮੌਤਾਂ

Air Pollution

ਨਵੀਂ ਦਿੱਲੀ- ਆਧੁਨਿਕਤਾ ਦੇ ਨਾਂ ’ਤੇ ਗੰਧਲਾ ਹੁੰਦਾ ਜਾ ਰਿਹਾ ਵਾਤਾਵਰਨ ਵੱਡੀ ਚਿੰਤਾ ਦਾ ਕਾਰਨ ਹੈ। ਅਮਰੀਕੀ ਸੰਸਥਾ ਹੈਲਥ ਇਫੈਕਟਸ ਇੰਸਟੀਚਿਊਟ ਦੀ ਰਿਪੋਰਟ ਨੇ ਨਵੇਂ ਅੰਕੜੇ ਪੇਸ਼ ਕਰ ਕੇ ਇਸ ਚਿੰਤਾਂ ਨੂੰ ਹੋਰ ਗੰਭੀਰ ਰੂਪ ’ਚ ਪੇਸ਼ ਕੀਤਾ ਹੈ। ਸਟੇਟ ਆਫ਼ ਗਲੋਬਲ ਏਅਰ 2019 ਦੇ ਅਨੁਸਾਰ, ਬਾਹਰੀ ਅਤੇ ਅੰਦਰੂਨੀ ਹਵਾ ਦੇ ਪ੍ਰਦੂਸ਼ਣ ਦੇ ਸੰਪਰਕ ’ਚ ਲੰਬਾ ਸਮਾਂ ਰਹਿਣ ਨਾਲ 2017 ’ਚ ਸਟ੍ਰੋਕ, ਡਾਇਬਟੀਜ਼, ਦਿਲ ਦੇ ਦੌਰੇ, ਫੇਫੜਿਆਂ ਦੇ ਕੈਂਸਰ ਅਤੇ ਰੋਗ ਨਾਲ ਤਕਰੀਬਨ 50 ਲੱਖ ਮੌਤਾਂ ਹੋਈਆਂ।

ਜਿਹਨਾਂ ’ਚੋਂ 30 ਲੱਖ ਮੌਤਾਂ ਸਿੱਧੇ ਤੌਰ ਤੇ ਪੀ.ਐਮ.2.5 ਯਾਨੀ ਪਰਟੀਕੁਲੇਟ ਮੈਟਰ 2.5 ਦੇ ਕਾਰਨ ਹੋਈਆਂ। ਇਹਨਾਂ ’ਚੋਂ 50 ਫੀਸਦੀ ਮੌਤਾਂ ਭਾਰਤ ਅਤੇ ਚੀਨ ’ਚ ਹੋਈਆਂ। ਇਕੱਲੇ ਭਾਰਤ ’ਚ ਹਵਾ ਪ੍ਰਦੂਸ਼ਣ ਕਾਰਨ 12 ਲੱਖ ਤੋਂ ਵੱਧ ਲੋਕਾਂ ਦੀ ਮੌਤ ਸਾਲ 2017 ਦੌਰਾਨ ਹੋਈ। ਰਿਪੋਰਟ ਦੇ ਅਨੁਸਾਰ ਜਿਸ ਪੱਧਰ ਦਾ ਹਵਾ ਪ੍ਰਦੂਸ਼ਣ ਇਸ ਸਮੇਂ ਹੈ ਇਸ ਨਾਲ ਹੁਣ ਪੈਦਾ ਹੋ ਰਹੇ ਦੱਖਣੀ ਏਸ਼ੀਆਈ ਬੱਚਿਆਂ ਦੇ ਜੀਵਨ ’ਤੇ ਬਹੁਤ ਮਾੜਾ ਪ੍ਰਭਾਵ ਪਾ ਰਿਹਾ ਹੈ ਅਤੇ ਉਹਨਾਂ ਦੀ ਉਮਰ ਦੋ ਸਾਲ ਅਤੇ ਛੇ ਮਹੀਨਿਆਂ ਤਕ ਘੱਟ ਰਹੀ ਹੈ।

ਭਾਰਤ ’ਚ ਘੇਰਲੂ ਪ੍ਰਦੂਸ਼ਣ ਵੀ ਇਹਨਾਂ ਮੌਤਾਂ ਪਿੱਛੇ ਵੱਡਾ ਕਾਰਨ ਹੈ। 2017 ਵਿਚ ਭਾਰਤ ਦੇ ਅੰਦਾਜ਼ਨ 84.6 ਕਰੋੜ ਲੋਕ ਯਾਨੀ 60 ਫੀਸਦੀ ਆਬਾਦੀ ਅਤੇ ਚੀਨ ’ਚ 45.2 ਕਰੋੜ ਲੋਕ ਯਾਨੀ 32 ਫੀਸਦੀ ਆਬਾਦੀ ਘਰੇਲੂ ਹਵਾ ਪ੍ਰਦੂਸ਼ਣ ਨਾਲ ਪ੍ਰਭਾਵਿਤ ਰਹੇ। ਰਿਪੋਰਟ ਵਿਚ ਕਿਹਾ ਗਿਆ ਹੈ। ਇਸ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ।

ਸਰਕਾਰ ਦੀਆਂ ਪਹਿਲਕਦਮੀਆਂ ਪਿੱਛੋਂ ਭਾਰਤ ਨੇ ਸਾਲ 2005 ’ਚ 76% ਪ੍ਰਦੂਸ਼ਣ ਦੀ ਮਾਤਰਾ ਤੋਂ ਸਾਲ 2017 ’ਚ 60% ਤਕ ਦਾ ਸਫ਼ਰ ਤਹਿ ਕੀਤਾ ਹੈ। ਜੇਕਰ ਕੋਸ਼ਿਸ਼ਾਂ ਇਸੇ ਤਰ੍ਹਾਂ ਜਾਰੀਆਂ ਰਹਿੰਦੀਆਂ ਨੇ ਤਾਂ ਨਤੀਜੇ ਸਾਰਥਕ ਹੋ ਸਕਦੇ ਹਨ ਪਰ ਇਸ ਵਕਤ ਜੋ ਹਾਲਾਤ ਹਨ ਅਤੇ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਹਨਾਂ ਨੇ ਭਾਰਤ ਦੇ ਲੋਕਾਂ ਦੇ ਮਨਾਂ ਅੰਦਰ ਵੱਡੀ ਚਿੰਤਾ ਜ਼ਰੂਰ ਪੈਦਾ ਕਰ ਦਿੱਤੀ ਹੈ।