ਸਾਵਧਾਨ! ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ 'ਪੁਰਾਣੀ ਖੰਘ'

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਮੇਂ ਸਿਰ ਕਰਵਾਓ ਇਸ ਦੀ ਜਾਂਚ ਨਹੀਂ ਤਾਂ ਨਿਕਲ ਸਕਦੇ ਹਨ ਗੰਭੀਰ ਨਤੀਜੇ

Be careful! Chronic cough can cause serious diseases like cancer

 ਚੰਡੀਗੜ੍ਹ: ਸਰਦੀ ਸ਼ੁਰੂ ਹੋ ਗਈ ਹੈ ਅਤੇ ਬਦਲਦੇ ਮੌਸਮ ਦੇ ਨਾਲ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਬਹੁਤ ਵੱਧ ਜਾਂਦੀ ਹੈ। ਖੰਘ ਦੀ ਬਿਮਾਰੀ ਇੱਕ ਆਮ ਸਮੱਸਿਆ ਹੈ। ਜ਼ਿਆਦਾਤਰ ਲੋਕ ਡਾਕਟਰ ਦੀ ਸਲਾਹ ਲਏ ਬਗੈਰ ਘਰ ਵਿਚ ਹੀ ਇਸ ਦਾ ਇਲਾਜ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗਰਮ ਪਾਣੀ ਪੀਣ ਅਤੇ ਆਪਣੀ ਖੁਰਾਕ ਵਿਚ ਬਦਲਾਅ ਕਰਨ ਨਾਲ ਇਹ ਠੀਕ ਹੋ ਜਾਂਦੇ ਹਨ ਪਰ ਜੇਕਰ ਤਿੰਨ ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਤੱਕ ਖੰਘ ਦੀ ਸਮੱਸਿਆ ਰਹਿੰਦੀ ਹੈ, ਤਾਂ ਇਹ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ।

ਖੰਘ ਦਾ ਕਾਰਨ
ਡਾਕਟਰਾਂ ਦਾ ਕਹਿਣਾ ਹੈ ਕਿ ਸਰਦੀਆਂ ਦੇ ਮੌਸਮ 'ਚ ਕਈ ਤਰ੍ਹਾਂ ਦੇ ਬੈਕਟੀਰੀਆ ਸਰਗਰਮ ਹੋ ਜਾਂਦੇ ਹਨ। ਇਸ ਕਾਰਨ ਲੋਕ ਆਸਾਨੀ ਨਾਲ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਆਮ ਤੌਰ 'ਤੇ ਮੌਸਮ ਦੇ ਬਦਲਣ ਕਾਰਨ ਖੰਘ ਵੀ ਹੁੰਦੀ ਹੈ। ਇਸ ਦੇ ਨਾਲ ਹੀ ਖੰਘ ਸਿਗਰਟਨੋਸ਼ੀ, ਇਨਫੈਕਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਐਲਰਜੀ ਕਾਰਨ ਵੀ ਹੋ ਸਕਦੀ ਹੈ ਪਰ ਜ਼ਿਆਦਾ ਪੁਰਾਣੀ ਖੰਘ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਇਸ ਦਾ ਕਾਰਨ ਕੀ ਹੈ। 

1.ਦਮਾ
ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਕਾਰਨ ਸਾਹ ਨਾਲੀਆਂ ਸੁੰਗੜ ਜਾਂਦੀਆਂ ਹਨ। ਇਹ ਬਲਗ਼ਮ ਵੀ ਪੈਦਾ ਕਰਦਾ ਹੈ। ਜੇਕਰ ਤੁਹਾਨੂੰ ਖੰਘ ਹੈ ਅਤੇ ਬਹੁਤ ਜ਼ਿਆਦਾ ਬਲਗ਼ਮ ਨਿਕਲ ਰਹੀ ਹੈ, ਤਾਂ ਇਹ ਅਸਥਮਾ ਦੀ ਨਿਸ਼ਾਨੀ ਹੋ ਸਕਦੀ ਹੈ ਕਿਉਂਕਿ ਇਹ ਸਰੀਰ ਵਿਚ ਆਕਸੀਜਨ ਦੀ ਸਪਲਾਈ ਨੂੰ ਰੋਕਦਾ ਹੈ। ਜਿਸ ਕਾਰਨ ਪੀੜਤ ਮਰੀਜ਼ ਨੂੰ ਖੰਘ ਆਉਂਦੀ ਹੈ। 

2. ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਸਾਲ 2019 ਵਿਚ ਚੀਨ ਤੋਂ ਸ਼ੁਰੂ ਹੋਇਆ ਸੀ। ਫਿਰ ਹੌਲੀ-ਹੌਲੀ ਇਹ ਸਾਰੀ ਦੁਨੀਆਂ ਵਿਚ ਫੈਲ ਗਈ। ਜਦੋਂ ਇਹ ਵਾਇਰਸ ਕਿਸੇ ਵਿਅਕਤੀ ਦੇ ਅੰਦਰ ਜਾਂਦਾ ਹੈ ਤਾਂ ਉਸ ਦੇ ਫੇਫੜਿਆਂ ਵਿਚ ਸੋਜ ਅਤੇ ਸੁੱਕੀ ਖੰਘ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਖੰਘ ਇਸ ਵਾਇਰਸ ਦੇ ਹੋਣ ਦਾ ਇੱਕ ਕਾਰਨ ਵੀ ਹੋ ਸਕਦੀ ਹੈ। ਉਂਝ ਇਸ ਬਿਮਾਰੀ ਦੇ ਕਈ ਲੱਛਣ ਹੁੰਦੇ ਹਨ। 

3. ਫੇਫੜਿਆਂ ਦਾ ਕੈਂਸਰ
ਜੇਕਰ ਖੰਘ ਲੰਬੇ ਸਮੇਂ ਤੋਂ ਹੈ ਅਤੇ ਦਵਾਈ ਲੈਣ ਦੇ ਬਾਵਜੂਦ ਠੀਕ ਨਹੀਂ ਹੋ ਰਹੀ ਹੈ ਤਾਂ ਤੁਹਾਨੂੰ ਫੇਫੜਿਆਂ ਦਾ ਕੈਂਸਰ ਵੀ ਹੋ ਸਕਦਾ ਹੈ। ਧਿਆਨ ਰੱਖੋ, ਜਦੋਂ ਵੀ ਤੁਹਾਨੂੰ ਖਾਂਸੀ ਹੁੰਦੀ ਹੈ ਅਤੇ ਇਸ ਨਾਲ ਖ਼ੂਨ ਵੀ ਆਉਂਦਾ ਹੈ ਤਾਂ ਅਜਿਹੀ ਸਥਿਤੀ ਵਿਚ ਬਿਲਕੁਲ ਵੀ ਦੇਰ ਨਾ ਕਰੋ ਸਗੋਂ ਤੁਰੰਤ ਡਾਕਟਰ ਦੀ ਸਲਾਹ ਲਓ। 

4. ਪੋਸਟ ਨੇਜ਼ਲ ਡ੍ਰਿੱਪ
ਜਦੋਂ ਖੰਘ ਦੇ ਕਾਰਨ ਛਾਤੀ ਵਿਚ ਬਹੁਤ ਜ਼ਿਆਦਾ ਬਲਗ਼ਮ ਇਕੱਠੀ ਹੋ ਜਾਂਦੀ ਹੈ ਤਾਂ ਪੋਸਟ ਨਸ ਡ੍ਰਿੱਪ ਹੁੰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਬਲਗ਼ਮ ਨੱਕ ਤੋਂ ਬਾਹਰ ਨਹੀਂ ਨਿਕਲਦੀ ਅਤੇ ਵਾਪਸ ਗਲੇ ਵਿਚ ਚਲੀ ਜਾਂਦੀ ਹੈ। ਖਾਸ ਤੌਰ 'ਤੇ ਠੰਡ ਅਤੇ ਐਲਰਜੀ ਕਾਰਨ ਇਹ ਸਮੱਸਿਆ ਵੱਧ ਜਾਂਦੀ ਹੈ। 

5. ਪਾਚਨ ਸਬੰਧੀ ਸਮੱਸਿਆਵਾਂ
ਪੁਰਾਣੀ ਖੰਘ ਨਾਲ ਤੁਹਾਨੂੰ ਪਾਚਨ ਸਬੰਧੀ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਕਿਉਂਕਿ ਇਸ ਮੌਕੇ ਰੇਸ਼ੇਦਾਰ ਭੋਜਨ ਅਤੇ ਦੁੱਧ ਉਤਪਾਦਾਂ ਦੇ ਸੇਵਨ ਨਾਲ ਬਲਗ਼ਮ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਜੋ ਪਾਚਨ ਤੰਤਰ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।